ਆਸਟ੍ਰੇਲੀਆ ਵਿਚ ਸਿੱਖ ਭਾਈਚਾਰੇ ਨੇ ਕੀਤਾ ਵਿਲੱਖਣ ਉਪਰਾਲਾ
ਆਸਟ੍ਰੇਲੀਆ ਵਿਚ ਸਿੱਖ ਭਾਈਚਾਰੇ ਵੱਲੋਂ ਆਪਣੀ ਪਛਾਣ ਦਰਸਾਉਂਦਾ ਕੰਧ ਚਿੱਤਰ ਤਿਆਰ ਕੀਤਾ ਗਿਆ ਹੈ। ਗੁਰਦਵਾਰਾ ਸਾਹਿਬ ਕੈਨਿੰਗ ਵੇਲ ਵਿਖੇ ਨਿਵੇਕਲਾ ਕੰਧ ਚਿੱਤਰ ਬਣਾਇਆ ਗਿਆ ਹੈ ਜਿਸ ਵਿਚ ਆਸਟ੍ਰੇਲੀਆ ਦੇ ਮੂਲ ਬਾਸ਼ਿੰਦਿਆਂ ਨੂੰ ਵੀ ਤਰਜੀਹ ਦਿਤੀ ਗਈ ਹੈ।
By : Upjit Singh
ਪਰਥ : ਆਸਟ੍ਰੇਲੀਆ ਵਿਚ ਸਿੱਖ ਭਾਈਚਾਰੇ ਵੱਲੋਂ ਆਪਣੀ ਪਛਾਣ ਦਰਸਾਉਂਦਾ ਕੰਧ ਚਿੱਤਰ ਤਿਆਰ ਕੀਤਾ ਗਿਆ ਹੈ। ਗੁਰਦਵਾਰਾ ਸਾਹਿਬ ਕੈਨਿੰਗ ਵੇਲ ਵਿਖੇ ਨਿਵੇਕਲਾ ਕੰਧ ਚਿੱਤਰ ਬਣਾਇਆ ਗਿਆ ਹੈ ਜਿਸ ਵਿਚ ਆਸਟ੍ਰੇਲੀਆ ਦੇ ਮੂਲ ਬਾਸ਼ਿੰਦਿਆਂ ਨੂੰ ਵੀ ਤਰਜੀਹ ਦਿਤੀ ਗਈ ਹੈ। ਕੰਧ ਚਿੱਤਰ ਦੇ ਉਦਘਾਟਨ ਮੌਕੇ ਗੌਸਨੈਲਜ਼ ਸ਼ਹਿਰ ਦੀ ਮੇਅਰ ਟੈਰੇਜ਼ਾ ਲਿਨਜ਼, ਸਿੱਖ ਐਸੋਸੀਏਸ਼ਨ ਆਫ਼ ਵੈਸਟ ਆਸਟ੍ਰੇਲੀਆ, ਪਰਥ ਦੇ ਬਾਨੀ ਅਤੇ ਪ੍ਰਧਾਨ ਹਰਭਜਨ ਸਿੰਘ, ਵੈਸਟ ਆਸਟ੍ਰੇਲੀਆ ਦੀ ਸੂਬਾਈ ਅਸੈਂਬਲੀ ਦੇ ਮੈਂਬਰ ਟੈਰੀ ਹੀਲੀ, ਸਿਟੀ ਕੌਂਸਲਰ ਨਿਤਿਨ ਵਸ਼ਿਸ਼ਟ, ਸੈਰੇਨਾ ਵਿਲੀਅਮਸਨ, ਗੌਸਨੈਲਜ਼ ਸ਼ਹਿਰ ਦੇ ਡਿਪਟੀ ਮੇਅਰ ਪੀਟਰ ਅਬੈਟਜ਼, ਹਰਦੀਪਸਿੰਘ, ਬੱਲੀ ਸਿੰਘ, ਪਰਥ ਵਿਖੇ ਭਾਰਤੀ ਕੌਂਸਲ ਜਨਰਲ ਅਮਰਜੀਤ ਸਿੰਘ, ਪਰਥ ਦੇ ਗੁਰਦਵਾਰਾ ਬੈਨੇਟ ਸਪ੍ਰਿੰਗਜ਼ ਦੇ ਪ੍ਰਧਾਨ ਜਰਨੈਲ ਸਿੰਘ ਭੌਰ ਅਤੇ ਕਮਿਊਨਿਟੀ ਦੇ ਹੋਰ ਮੈਂਬਰ ਹਾਜ਼ਰ ਰਹੇ।
ਗੁਰਦਵਾਰਾ ਸਾਹਿਬ ਦੀ ਕੰਧ ’ਤੇ ਬਣਾਇਆ ਇਤਿਹਾਸਕ ਚਿੱਤਰ
ਪਰਥ ਵਿਖੇ ਸਥਿਤ ਭਾਰਤੀ ਕੌਂਸਲੇਟ ਨੇ ਸਿੱਖ ਐਸੋਸੀਏਸ਼ਨ ਆਫ਼ ਵੈਸਟ੍ਰਨ ਆਸਟ੍ਰੇਲੀਆ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਸਿੱਖ ਐਸੋਸੀਏਸ਼ਨ ਦੇ ਫੇਸਬੁਕ ਪੇਜ ਮੁਤਾਬਕ ਹਾਲ ਹੀ ਵਿਚ ਤਿਆਰ ਹੋਇਆ ਕੰਧ ਚਿੱਤਰ ਪੱਛਮੀ ਆਸਟ੍ਰੇਲੀਆ ਵਿਚ ਸਿੱਖਾਂ ਦੇ ਇਤਿਹਾਸ ਅਤੇ ਉਨ੍ਹਾਂ ਦੇ ਲੰਮੇ ਸਫਰ ਨੂੰ ਦਰਸਾਉਂਦਾ ਹੈ। ਸਿੱਖਾਂ ਦੇ ਅਤੀਤ, ਅਜੋਕੇ ਸਮੇਂ ਅਤੇ ਭਵਿੱਖ ਨੂੰ ਦਰਸਾਉਂਦੇ ਚਿੱਤਰ ਵਿਚ ਦਸਤਾਰ ਅਤੇ ਚੁੰਨੀ ਦਾ ਸੁਮੇਲ ਖਾਸ ਤਰੀਕੇ ਨਾਲ ਕੀਤਾ ਗਿਆ ਹੈ। ਇਸ ਰਾਹੀਂ ਇਹ ਵੀ ਦੱਸਿਆ ਗਿਆ ਹੈ ਕਿ ਗੁਰਦਵਾਰਾ ਸਾਹਿਬ ਵਿਚ ਦਾਖਲ ਹੋਣ ਤੋਂ ਪਹਿਲਾਂ ਸਿਰ ਢਕਣਾ ਲਾਜ਼ਮੀ ਹੈ। ਸਿਰਫ ਐਨਾ ਹੀ ਨਹੀਂ ਸਿੱਖੀ ਦੇ ਪ੍ਰਮੁੱਖ ਸਿਧਾਂਤਾਂ ਵਿਚੋਂ ਇਕ ‘ਸਰਬੱਤ ਦਾ ਭਲਾ’ ਨੂੰ ਉਭਰ ਕੇ ਪੇਸ਼ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਸਖਤ ਮਿਹਨਤ ਅਤੇ ਇਮਾਨਦਾਰੀ ਦਾ ਸੁਨੇਹਾ ਵੀ ਦਿਤਾ ਗਿਆ ਹੈ।