ਅਮਰੀਕਾ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਸਿੱਖ ਨੂੰ ਕੀਤਾ ਰਿਹਾਅ
ਅਮਰੀਕਾ ਵਿਚ ਬੀਤੇ ਦਿਨੀਂ ਜੌਹਨ ਐਫ ਕੈਨੇਡੀ ਹਵਾਈ ਅੱਡੇ ’ਤੇ ਕ੍ਰਿਪਾਨ ਲਿਜਾਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਿੱਖ ਵਿਅਕਤੀ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ ਏ। ਦਰਅਸਲ ਇਸ ਮੰਦਭਾਗੀ ਘਟਨਾ ਤੋਂ ਬਾਅਦ ਦੁਨੀਆ ਭਰ ਦੇ ਸਮੂਹ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਪਾਈ ਗਈ ਸੀ,
By : Makhan shah
ਨਿਊਯਾਰਕ : ਅਮਰੀਕਾ ਵਿਚ ਬੀਤੇ ਦਿਨੀਂ ਜੌਹਨ ਐਫ ਕੈਨੇਡੀ ਹਵਾਈ ਅੱਡੇ ’ਤੇ ਕ੍ਰਿਪਾਨ ਲਿਜਾਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਿੱਖ ਵਿਅਕਤੀ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ ਏ। ਦਰਅਸਲ ਇਸ ਮੰਦਭਾਗੀ ਘਟਨਾ ਤੋਂ ਬਾਅਦ ਦੁਨੀਆ ਭਰ ਦੇ ਸਮੂਹ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਪਾਈ ਗਈ ਸੀ, ਜਿਸ ਤੋਂ ਬਾਅਦ ਹੁਣ ਅਮਰੀਕਨ ਪੁਲਿਸ ਨੇ 23 ਸਾਲਾਂ ਦੇ ਟੈਕਸੀ ਡਰਾਈਵਰ ਰੂਪਨਜੋਤ ਸਿੰਘ ਨੂੰ ਰਿਹਾਅ ਕਰ ਦਿੱਤਾ।
ਅਮਰੀਕਾ ਦੇ ਜੇਕੇਐਫ ਹਵਾਈ ਅੱਡੇ ’ਤੇ ਬੀਤੇ ਦਿਨੀਂ ਏਅਰਪੋਰਟ ਪੁਲਿਸ ਨੇ ਇਕ ਸਿੱਖ ਟੈਕਸੀ ਡਰਾਈਵਰ ਰੂਪਨਜੋਤ ਸਿੰਘ ਨੂੰ ਹਵਾਈ ਅੱਡੇ ’ਤੇ ਕ੍ਰਿਪਾਨ ਲਿਜਾਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਸੀ ਪਰ ਹੁਣ ਪੁਲਿਸ ਨੇ ਰੂਪਨਜੋਤ ਸਿੰਘ ਨੂੰ ਰਿਹਾਅ ਕਰ ਦਿੱਤਾ ਏ। ਦਰਅਸਲ ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਦੇ ਮਨ ਨੂੰ ਭਾਰੀ ਠੇਸ ਪੁੱਜੀ ਸੀ ਕਿਉਂਕਿ ਕਿਰਪਾਨ ਸਿੱਖਾਂ ਦਾ ਧਾਰਮਿਕ ਚਿੰਨ੍ਹ ਐ। ਇਸ ਘਟਨਾ ਨੂੰ ਲੈ ਕੇ ਅਮਰੀਕਾ ਦੇ ਸਿੱਖਾਂ ਵਿਚ ਭਾਰੀ ਰੋਸ ਪਾਇਆ ਗਿਆ ਸੀ।
ਇਸ ਘਟਨਾ ਸਬੰਧੀ ਗੱਲਬਾਤ ਕਰਦਿਆਂ ਪੀੜਤ ਸਿੱਖ ਟੈਕਸੀ ਚਾਲਕ ਰੂਪਨਜੋਤ ਸਿੰਘ ਨੇ ਦੱਸਿਆ ਕਿ ਉਸ ਨੂੰ ਹਵਾਈ ਅੱਡੇ ’ਤੇ ਕਿਰਪਾਨ ਨੂੰ ਲੈ ਕੇ ਜਾਣ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਉਸ ਨੇ ਪੁਲਿਸ ਨੂੰ ਦੱਸਿਆ ਕਿ ਇਹ ਸਿੱਖਾਂ ਦਾ ਧਾਰਮਿਕ ਚਿੰਨ੍ਹ ਐ ਅਤੇ ਇਹ ਉਨ੍ਹਾਂ ਪੰਜ ਕਰਾਰਾਂ ਵਿਚੋਂ ਇਕ ਐ, ਜੋ ਇਕ ਸਿੱਖ ਨੂੰ ਧਾਰਨ ਕਰਨੇ ਪੈਂਦੇ ਨੇ। ਇਸ ਲਈ ਕਿਰਪਾਨ ਨੂੰ ਆਪਣੇ ਤੋਂ ਵੱਖ ਨਹੀਂ ਕਰ ਸਕਦੇ। ਰੂਪਨਜੋਤ ਸਿੰਘ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਤਾਂ ਇਹ ਕਿਰਪਾਨ ਨੂੰ ਦੂਰ ਕਰਨ ਲਈ ਆਖਿਆ, ਪਰ ਉਸ ਵੱਲੋਂ ਪੁਲਿਸ ਨੂੰ ਸਮਝਾਇਆ ਗਿਆ ਕਿ ਇਹ ਸਾਡਾ ਧਾਰਮਿਕ ਪਹਿਰਾਵਾ ਏ, ਇਸ ਨੂੰ ਦੂਰ ਨਹੀਂ ਕੀਤਾ ਜਾ ਸਕਦਾ।
ਇਸ ਮਾਮਲੇ ਵਿਚ ਕਈ ਸਿੱਖ ਜਥੇਬੰਦੀਆਂ ਵੱਲੋਂ ਰੂਪਨਜੋਤ ਸਿੰਘ ਦਾ ਸਮਰਥਨ ਕੀਤਾ ਜਾ ਰਿਹਾ ਏ। ਸਿੱਖ ਕਮਿਊਨਿਟੀ ਕਾਰਕੁਨ ਜਪਨੀਤ ਸਿੰਘ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਰੂਪਨਜੋਤ ਸਿੰਘ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਜਾਵੇ। ਉਨ੍ਹਾਂ ਇਹ ਵੀ ਆਖਿਆ ਕਿ ਸਾਨੂੰ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਨਾਲ-ਨਾਲ ਸ਼ਹਿਰ ਅਤੇ ਸੂਬੇ ਦੀਆਂ ਹੋਰ ਏਜੰਸੀਆਂ ਦੇ ਅਧਿਕਾਰੀਆਂ ਨੂੰ ਵਿਭਿੰਨਤਾ-ਅਧਾਰਿਤ ਸਿਖਲਾਈ ਕੈਂਪ ਲਗਾਉਣ ਦੀ ਲੋੜ ਐ ਤਾਂ ਜੋ ਉਹ ਸਿੱਖੀ ਸਿਧਾਤਾਂ ਬਾਰੇ ਚੰਗੀ ਤਰ੍ਹਾਂ ਜਾਣੂ ਹੋ ਸਕਣ।
ਇਸ ਮਾਮਲੇ ਵਿਚ ਸਿੱਖ ਡਰਾਈਵਰ ਰੂਪਨਜੋਤ ਸਿੰਘ 22 ਸਤੰਬਰ ਨੂੰ ਮੁੜ ਤੋਂ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਏ। ਹਵਾਈ ਅੱਡੇ ਦੇ ਬੁਲਾਰੇ ਨੇ ਆਖਿਆ ਕਿ ਰੂਪਨਜੋਤ ਸਿੰਘ ’ਤੇ ਧਮਕਾਉਣ, ਪ੍ਰੇਸ਼ਾਨ ਕਰਨ ਅਤੇ ਕਿਰਪਾਨ ਰੱਖਣ ਸਮੇਤ ਕਈ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਏ। ਏਜੰਸੀ ਨੇ ਇਹ ਵੀ ਪੁਸ਼ਟੀ ਕੀਤੀ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਸ ਸਬੰਧੀ ਕੋਈ ਵੀਡੀਓ ਕੈਪਚਰ ਕੀਤੀ ਗਈ ਸੀ। ਜੇਕਰ ਕੋਈ ਵੀਡੀਓ ਪ੍ਰਾਪਤ ਹੋਈ ਤਾਂ ਉਸ ਦੀ ਵੀ ਜਾਂਚ ਕੀਤੀ ਜਾਵੇਗੀ।