ਹਵਾਈ ਜਹਾਜ਼ ਵਿਚ ਸ਼ਰਾਬੀ ਦੀ ਸ਼ਰਮਨਾਕ ਕਰਤੂਤ
ਹਵਾਈ ਜਹਾਜ਼ਾਂ ਵਿਚ ਸ਼ਰਾਬੀ ਮੁਸਾਫਰਾਂ ਦੀਆਂ ਇਕ ਮਗਰੋਂ ਇਕ ਸ਼ਰਮਨਾਕ ਹਰਕਤਾਂ ਸਾਹਮਣੇ ਆ ਰਹੀਆਂ ਹਨ।

By : Upjit Singh
ਬੈਂਕਾਕ : ਹਵਾਈ ਜਹਾਜ਼ਾਂ ਵਿਚ ਸ਼ਰਾਬੀ ਮੁਸਾਫਰਾਂ ਦੀਆਂ ਇਕ ਮਗਰੋਂ ਇਕ ਸ਼ਰਮਨਾਕ ਹਰਕਤਾਂ ਸਾਹਮਣੇ ਆ ਰਹੀਆਂ ਹਨ। ਜੀ ਹਾਂ, ਤਾਜ਼ਾ ਮਾਮਲਾ ਦਿੱਲੀ ਤੋਂ ਬੈਂਕਾਕ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨਾਲ ਸਬੰਧਤ ਹੈ ਜਿਥੇ ਇਕ ਸ਼ਰਾਬੀ ਮੁਸਾਫਰ ਨੇ ਆਪਣੇ ਨਾਲ ਬੈਠੇ ਮੁਸਾਫਰ ਉਤੇ ਪਿਸ਼ਾਬ ਕਰ ਦਿਤਾ। ਏਅਰ ਇੰਡੀਆ ਨੇ ਤੁਰਤ ਕਾਰਵਾਈ ਕਰਦਿਆਂ ਸ਼ਰਾਬੀ ਮੁਸਾਫਰ ਨੂੰ ਇਕ ਮਹੀਨੇ ਵਾਸਤੇ ‘ਨੋ ਫਲਾਈ’ ਲਿਸਟ ਵਿਚ ਪਾ ਦਿਤਾ ਹੈ ਅਤੇ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਨ ਜਨਰਲ ਨੂੰ ਮਾਮਲੇ ਦੀ ਇਤਲਾਹ ਦਿਤੀ ਗਈ ਹੈ।
ਸਾਥੀ ਮੁਸਾਫਰ ਉਤੇ ਕਰ ਦਿਤਾ ਪਿਸ਼ਾਬ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਜ਼ਾਯੋਗ ਹਰਕਤ ਕਰਨ ਵਾਲੇ ਸ਼ਖਸ ਦੀ ਪਛਾਣ 24 ਸਾਲ ਦੇ ਭਾਰਤੀ ਨਾਗਰਿਕ ਤੁਸ਼ਾਰ ਮਸੰਦ ਵਜੋਂ ਕੀਤੀ ਗਈ ਹੈ ਜਦਕਿ ਪੀੜਤ ਦੁਨੀਆਂ ਦੀ ਪ੍ਰਸਿੱਧ ਟਾਇਰ ਨਿਰਮਾਤਾ ਕੰਪਨੀ ਬ੍ਰਿਜਸਟੋਨ ਦਾ ਐਮ.ਡੀ. ਹਿਰੋਸ਼ੀ ਯੌਸ਼ੀਜ਼ਾਨੇ ਦੱਸਿਆ ਜਾ ਰਿਹਾ ਹੈ। ਦੋਵੇਂ ਜਣੇ ਬਿਜ਼ਨਸ ਕਲਾਸ ਵਿਚ ਸਫਰ ਰਹੇ ਸਨ ਅਤੇ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਮਾਮਲੇ ਦੀ ਸ਼ੁਰੂਆਤ ਕਿਥੋਂ ਹੋਈ। ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੂੰ ਜਦੋਂ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਏਅਰਲਾਈਨ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਮਾਮਲੇ ਦੀ ਘੋਖ ਕੀਤੀ ਜਾ ਰਹੀ ਹੈ। ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰਲਾਈਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਫਲਾਈਟ ਏ.ਆਈ. 2336 ਵਿਚ ਘਟਨਾ ਵਾਪਰੀ ਅਤੇ ਜਹਾਜ਼ ਵਿਚ ਮੌਜੂਦ ਅਮਲੇ ਵੱਲੋਂ ਤੈਅਸ਼ੁਦਾ ਪ੍ਰਕਿਰਿਆ ਅਧੀਨ ਕਾਰਵਾਈ ਕੀਤੀ ਗਈ। ਗੈਰਵਾਜਬ ਹਰਕਤ ਕਰਨ ਵਾਲੇ ਮੁਸਾਫਰ ਨੂੰ ਚਿਤਾਵਨੀ ਦੇਣ ਤੋਂ ਇਲਾਵਾ ਪੀੜਤ ਮੁਸਾਫਰ ਨੂੰ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ। ਚੇਤੇ ਰਹੇ ਕਿ ਏਅਰ ਇੰਡੀਆ ਦੇ ਜਹਾਜ਼ਾਂ ਵਿਚ ਸਾਥੀ ਮੁਸਾਫਰਾਂ ਉਤੇ ਪਿਸ਼ਾਬ ਕਰਨ ਦੇ ਦੋ ਮਾਮਲੇ 2023 ਵਿਚ ਸਾਹਮਣੇ ਆਏ ਜਦਕਿ ਇਕ ਮਾਮਲਾ ਨਵੰਬਰ 2022 ਵਿਚ ਵੀ ਸਾਹਮਣੇ ਆਇਆ।
ਏਅਰ ਇੰਡੀਆ ਨੇ 30 ਦਿਨ ਵਾਸਤੇ ‘ਨੋ ਫਲਾਈ’ ਲਿਸਟ ਵਿਚ ਪਾਇਆ
26 ਨਵੰਬਰ 2022 ਨੂੰ ਨਿਊ ਯਾਰਕ ਤੋਂ ਦਿੱਲੀ ਰਵਾਨਾ ਹੋਈ ਫਲਾਈਟ ਦੀ ਬਿਜ਼ਨਸ ਕਲਾਸ ਵਿਚ ਇਕ ਸ਼ਰਾਬੀ ਮੁਸਾਫਰ ਨੇ ਇਕ ਮਹਿਲਾ ਮੁਸਾਫਰ ਉਤੇ ਪਿਸ਼ਾਬ ਕੀਤਾ। 6 ਦਸੰਬਰ 2022 ਨੂੰ ਪੈਰਿਸ ਤੋਂ ਦਿੱਲੀ ਜਾ ਰਹੀ ਫਲਾਈਟ ਵਿਚ ਇਕ ਸ਼ਰਾਬੀ ਮੁਸਾਫਰ ਵੱਲੋਂ ਮਹਿਲਾ ਮੁਸਾਫਰ ਦੇ ਕੰਬਲ ਉਤੇ ਪਿਸ਼ਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਦੂਜੇ ਪਾਸੇ ਕੁਝ ਦਿਨ ਪਹਿਲਾਂ ਕੁਆਲਾਲੰਪੁਰ ਤੋਂ ਸਿਡਨੀ ਜਾ ਰਹੀ ਫਲਾਈਟ ਵਿਚ ਇਕ ਸ਼ਰਾਬੀ ਮੁਸਾਫਰ ਨੇ ਦੋ ਵਾਰ ਦਰਵਾਜ਼ਾ ਖੋਲ੍ਹਣ ਦਾ ਯਤਨ ਕੀਤਾ ਜਿਸ ਨੂੰ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਤਾ।


