ਟਰੰਪ ਨੂੰ ਕਤਲ ਕਰਨਾ ਚਾਹੁੰਦਾ ਸੀ ਸਕੂਲ ਵਿਚ ਗੋਲੀਆਂ ਚਲਾਉਣ ਵਾਲਾ!
ਮਿਨੀਆਪੌਲਿਸ ਦੇ ਸਕੂਲੀ ਬੱਚਿਆਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਬਾਰੇ ਅਹਿਮ ਤੱਥ ਉਭਰ ਕੇ ਸਾਹਮਣੇ ਆ ਰਹੇ ਹਨ

By : Upjit Singh
ਮਿਨੀਆਪੌਲਿਸ : ਮਿਨੀਆਪੌਲਿਸ ਦੇ ਸਕੂਲੀ ਬੱਚਿਆਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਬਾਰੇ ਅਹਿਮ ਤੱਥ ਉਭਰ ਕੇ ਸਾਹਮਣੇ ਆ ਰਹੇ ਹਨ। ਸਕੂਲ ਟੀਚਰਜ਼ ਨੇ ਦੱਸਿਆ ਕਿ ਰੌਬਿਨ ਵੈਸਟਮੈਨ ਦੀਆਂ ਬੰਦੂਕਾਂ ’ਤੇ ਨਿਊਕ ਇੰਡੀਆ ਅਤੇ ਕਿਲ ਟਰੰਪ ਵਰਗੇ ਸ਼ਬਦ ਲਿਖੇ ਹੋਏ ਸਨ। 23 ਸਾਲ ਦਾ ਰੌਬਿਨ ਵੈਸਟਮੈਨ ਮੁੰਡਾ ਸੀ ਜਾਂ ਕੁੜੀ ਇਸ ਬਾਰੇ ਵੀ ਹੁਣ ਤੱਕ ਸਪੱਸ਼ਟ ਜਾਣਕਾਰੀ ਉਭਰ ਕੇ ਸਾਹਮਣੇ ਨਹੀਂ ਆ ਸਕੀ। ਉਸ ਨੇ 2020 ਵਿਚ ਆਪਣਾ ਨਾਂ ਰੌਬਰਟ ਵੈਸਟਮੈਨ ਤੋਂ ਬਦਲ ਕੇ ਰੌਬਿਨ ਵੈਸਟਮੈਨ ਰੱਖ ਲਿਆ ਸੀ ਅਤੇ ਆਪਣੀ ਪਛਾਣ ਇਕ ਮੁਟਿਆਰ ਵਜੋਂ ਕਰਵਾਉਣ ਲੱਗਾ। ਪੱਤਰਕਾਰ ਲੌਰਾ ਲੂਮਰ ਨੇ ਦੱਸਿਆ ਕਿ ਮਿਨੇਸੋਟਾ ਨਾਲ ਸਬੰਧਤ ਸ਼ੂਟਰ ਦੀ ਇਕ ਬੰਦੂਕ ਉਤੇ ਮਾਸ਼ਾਅੱਲ੍ਹਾ ਵੀ ਲਿਖਿਆ ਨਜ਼ਰ ਆਇਆ ਜੋ ਸਿੱਧੇ ਤੌਰ ’ਤੇ ਭਾਰਤ ਵਿਰੋਧੀ, ਯਹੂਦੀਆਂ ਨਾਲ ਨਫ਼ਰਤ ਕਰਨ ਵਾਲਾ ਅਤੇ ਰਾਸ਼ਟਰਪਤੀ ਟਰੰਪ ਦੇ ਹੱਤਿਆ ਦਾ ਹਮਾਇਤੀ ਮਹਿਸੂਸ ਹੋਇਆ। ਇਥੇ ਦਸਣਾ ਬਣਦਾ ਹੈ ਕਿ ਰੌਬਿਨ ਵੈਸਟਮੈਨ ਨੇ ਗੋਲੀਬਾਰੀ ਕਰਨ ਮਗਰੋਂ ਖੁਦ ਨੂੰ ਗੋਲੀ ਮਾਰ ਲਈ ਪਰ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਉਸ ਨੇ ਕਿੰਨੀਆਂ ਗੋਲੀਆਂ ਚਲਾਈਆਂ। ਮਿਨੀਆਪੌਲਿਸ ਦੇ ਪੁਲਿਸ ਮੁਖੀ ਬਰਾਇਨ ਓ ਹਾਰਾ ਵੱਲੋਂ ਗੋਲੀਬਾਰੀ ਦੇ ਮਕਸਦ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਰੌਬਿਨ ਅਤੀਤ ਵਿਚ ਵਾਪਰੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਤੋਂ ਪ੍ਰਭਾਵਤ ਸੀ ਅਤੇ ਡਿਪ੍ਰੈਸ਼ਨ ਵਿਚੋਂ ਵੀ ਲੰਘ ਰਿਹਾ ਸੀ।


