ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਦੀ ਆਈ ਸ਼ਾਮਤ
ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਦੀ ਫੜੋ-ਫੜੀ ਦਰਮਿਆਨ ਜਾਰਜਟਾਊਨ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਪਾਰਟ ਟਾਈਮ ਪ੍ਰੋਫੈਸਰ ਬਦਰ ਖਾਨ ਸੂਰੀ ਨੂੰ ਆਈਸ ਵਾਲੇ ਚੁੱਕ ਕੇ ਲੈ ਗਏ।

ਨਿਊ ਯਾਰਕ : ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਦੀ ਫੜੋ-ਫੜੀ ਦਰਮਿਆਨ ਜਾਰਜਟਾਊਨ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਪਾਰਟ ਟਾਈਮ ਪ੍ਰੋਫੈਸਰ ਬਦਰ ਖਾਨ ਸੂਰੀ ਨੂੰ ਆਈਸ ਵਾਲੇ ਚੁੱਕ ਕੇ ਲੈ ਗਏ। ਭਾਰਤੀ ਨਾਗਰਿਕ ਵਿਰੁੱਧ ਹਮਾਸ ਨਾਲ ਸਬੰਧ ਹੋਣ ਦੇ ਦੋਸ਼ ਲਾਏ ਗਏ ਹਨ। ਬਦਰ ਖਾਨ ਸੂਰੀ ਦੇ ਵਕੀਲ ਹਸਨ ਅਹਿਮਦ ਵੱਲੋਂ ਵਰਜੀਨੀਆ ਦੀ ਫੈਡਰਲ ਅਦਾਲਤ ਵਿਚ ਪਟੀਸ਼ਨ ਦਾਇਰ ਕਰਦਿਆਂ ਉਸ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਵਰਜੀਨੀਆ ਦੇ ਰੌਸਲਿਨ ਸ਼ਹਿਰ ਵਿਚ ਮਾਰੇ ਛਾਪੇ ਦੌਰਾਨ ਬਦਰ ਖਾਨ ਨੂੰ ਹਿਰਾਸਤ ਵਿਚ ਲਿਆ ਜਦਕਿ ਉਸ ਦਾ ਕੋਈ ਕਸੂਰ ਨਹੀਂ। ਹਸਨ ਅਹਿਮਦ ਨੇ ਦਾਅਵਾ ਕੀਤਾ ਕਿ ਬਦਰ ਖਾਨ ਦੀ ਪਤਨੀ ਫਲਸਤੀਨੀ ਮੂਲ ਦੀ ਹੋਣ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇੰਮੀਗ੍ਰੇਸ਼ਨ ਵਾਲਿਆਂ ਨੇ ਇਕ ਹੋਰ ਫੜ੍ਹ ਕੇ ਅੰਦਰ ਕੀਤਾ
ਮੀਡੀਆ ਰਿਪੋਰਟਾਂ ਮੁਤਾਬਕ ਬਦਰ ਖਾਨ ਦੀ ਪਤਨੀ ਮਾਫ਼ੀਜ਼ ਅਹਿਮਦ ਯੂਸਫ ਹਮਾਸ ਆਗੂ ਇਸਮਾਈਲ ਹਾਨੀਏ ਦੇ ਸਲਾਹਕਾਰ ਰਹਿ ਚੁੱਕੇ ਅਹਿਮਦ ਯੂਸਫ ਦੀ ਬੇਟੀ ਹੈ। ਉਧਰ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਬਦਰ ਖਾਨ ਸੂਰੀ ਸ਼ਰ੍ਹੇਆਮ ਹਮਾਸ ਦਾ ਪ੍ਰਚਾਰ ਕਰ ਰਿਹਾ ਸੀ ਅਤੇ ਸੋਸ਼ਲ ਮੀਡੀਆ ’ਤੇ ਯਹੂਦੀਆਂ ਵਿਰੁੱਧ ਟਿੱਪਣੀਆਂ ਵੀ ਕੀਤੀਆਂ। ਇਸ ਵੇਲੇ ਡਿਲੀਟ ਕੀਤੀ ਜਾ ਚੁੱਕੀ ਇਕ ਪੋਸਟ ਵਿਚ ਬਦਰ ਖਾਨ ਵੱਲੋਂ ਦੱਖਣੀ ਇਜ਼ਰਾਈਲ ਉਤੇ ਹਮਾਸ ਦੇ ਹਮਲੇ ਬਾਰੇ ਆਈਆਂ ਰਿਪੋਰਟਾਂ ਨੂੰ ਬੇਬੁਨਿਆਦ ਦੱਸਿਆ ਗਿਆ। ਸਿਰਫ ਐਨਾ ਹੀ ਨਹੀਂ ਇਕ ਹੋਰ ਪੋਸਟ ਵਿਚ ਸੂਰੀ ਵੱਲੋਂ ਕਥਿਤ ਤੌਰ ’ਤੇ ਹਮਾਸ ਦੇ ਬਾਨੀ ਸ਼ੇਖ ਅਹਿਮਦ ਯਾਸੀਨ ਦੀ ਹਮਾਇਤ ਕੀਤੀ ਗਈ। ਬਦਰ ਖਾਨ ਦੀ ਪਤਨੀ ਯੂ.ਐਸ. ਸਿਟੀਜ਼ਨ ਹੈ ਅਤੇ ਉਸ ਨੇ ਵੀ ਕਈ ਵਾਰ ਸੋਸ਼ਲ ਮੀਡੀਆ ’ਤੇ ਹਮਾਸ ਦੀ ਹਮਾਇਤ ਕੀਤੀ। ਅਰਬੀ ਭਾਸ਼ਾ ਵਿਚ ਉਸ ਨੇ ਕਿਹਾ ਕਿ ਗਾਜ਼ਾ ਵਿਚੋਂ ਇਜ਼ਰਾਇਲੀ ਗਲਬਾ ਖਤਮ ਕਰਨ ਲਈ ਬਣਾਈ ਕਮੇਟੀ ਦੀ ਉਹ ਮੈਂਬਰ ਰਹਿ ਚੁੱਕੀ ਹੈ। ਉਧਰ ਬਦਰ ਖਾਨ ਸੂਰੀ ਨੂੰ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਬਿਲਕੁਲ ਉਹੀ ਧਾਰਾ ਲਾਗੂ ਕੀਤੀ ਗਈ ਹੈ ਜੋ ਮੁਹੰਮਦ ਖਲੀਲ ਨੂੰ ਡਿਪੋਰਟ ਕਰਨ ਵਾਸਤੇ ਵਰਤੀ ਜਾ ਰਹੀ ਹੈ। ਇਹ ਧਾਰਾ ਅਮਰੀਕਾ ਦੇ ਵਿਦੇਸ਼ ਸਕੱਤਰ ਨੂੰ ਅਜਿਹੇ ਕਿਸੇ ਵੀ ਗਰੀਨ ਕਾਰਡ ਹੋਲਡਰ ਨੂੰ ਡਿਪੋਰਟ ਕਰਨ ਦਾ ਹੱਕ ਦਿੰਦੀ ਹੈ ਜੋ ਅਮਰੀਕਾ ਦੀ ਧਰਤੀ ’ਤੇ ਰਹਿੰਦਿਆਂ ਮੁਲਕ ਦੀ ਵਿਦੇਸ਼ ਨੀਤੀ ਵਾਸਤੇ ਖਤਰਾ ਬਣ ਰਿਹਾ ਹੋਵੇ।
ਹਮਾਸ ਨਾਲ ਸਬੰਧਾਂ ਦੇ ਦੋਸ਼ ਹੇਠ ਕੀਤਾ ਜਾਵੇਗਾ ਡਿਪੋਰਟ
ਇਸੇ ਦੌਰਾਨ ਬਦਰ ਖਾਨ ਸੂਰੀ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਮੁਵੱਕਲ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ। ਪਤਾ ਲੱਗਾ ਹੈ ਕਿ ਬਦਰ ਖਾਨ ਨੂੰ ਟੈਕਸਸ ਦੇ ਡਿਟੈਨਸ਼ਨ ਸੈਂਟਰ ਵਿਚ ਲਿਜਾਇਆ ਗਿਆ। ‘ਪੌਲੀਟਿਕੋ’ ਦੀ ਰਿਪੋਰਟ ਮੁਤਾਬਕ ਬੁੱਧਵਾਰ ਰਾਤ ਉਸ ਦੀ ਆਨਲਾਈਨ ਲੋਕੇਸ਼ਨ ਲੂਈਜ਼ੀਆਨਾ ਦੇ ਅਲੈਗਜ਼ੈਂਡਰੀਆ ਹਵਾਈ ਅੱਡੇ ਬਣੇ ਆਈਸ ਸੈਂਟਰ ਦੇਖੀ ਗਈ। ਇਥੇ ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਨਿਊ ਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਵਿਚ ਪੜ੍ਹਦੀ ਭਾਰਤੀ ਵਿਦਿਆਰਥਣ ਰੰਜਨੀ ਸ੍ਰੀਨਿਵਾਸਨ ਦਾ ਵੀਜ਼ਾ ਰੱਦ ਕਰ ਦਿਤਾ ਗਿਆ ਸੀ ਜਿਸ ਮਗਰੋਂ ਉਹ ਸੈਲਫ ਡਿਪੋਰਟ ਹੋ ਕੇ ਕੈਨੇਡਾ ਪੁੱਜ ਗਈ। ਰੰਜਨੀ ਸ੍ਰੀਨਿਵਾਸਨ ਡਾਕਟਰੇਟ ਦੀ ਪੜ੍ਹਾਈ ਕਰ ਰਹੀ ਸੀ ਅਤੇ ਪਿਛਲੇ ਸਮੇਂ ਦੌਰਾਨ ਇਜ਼ਰਾਈਲ ਵਿਰੁੱਧ ਰੋਸ ਮੁਜ਼ਾਹਰਿਆਂ ਵਿਚ ਸ਼ਾਮਲ ਰਹੀ ਜਿਸ ਦੇ ਮੱਦੇਨਜ਼ਰ ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਡਿਪਾਰਟਮੈਂਟ ਨੇ ਉਸ ਵਿਰੁੱਧ ਹਿੰਸਾ ਅਤੇ ਅਤਿਵਾਦ ਦੀ ਵਕਾਲਤ ਕਰਨ ਦੇ ਦੋਸ਼ ਲਾਉਂਦਿਆਂ ਸਟੱਡੀ ਵੀਜ਼ਾ ਰੱਦ ਕਰ ਦਿਤਾ। ਅਮਰੀਕਾ ਛੱਡ ਕੇ ਜਾ ਰਹੀ ਸ੍ਰੀਨਿਵਾਸਨ ਦੀ ਵੀਡੀਓ ਅਮਰੀਕਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਤੇ ਦੱਸਿਆ ਗਿਆ ਕਿ ਸੀ.ਬੀ.ਪੀ. ਹੋਮ ਐਪ ਦੀ ਵਰਤੋਂ ਕਰਦਿਆਂ ਉਹ 11 ਮਾਰਚ ਨੂੰ ਸੈਲਫ ਡਿਪੋਰਟ ਹੋਈ। ਰੰਜਨੀ ਸ੍ਰੀਨਿਵਾਸਨ ਨੂੰ ਭਾਵੇਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਪਰ ਵੀਜ਼ਾ ਰੱਦ ਹੋਣ ਦੇ ਬਾਵਜੂਦ ਅਮਰੀਕਾ ਵਿਚ ਮੌਜੂਦ ਪੱਛਮੀ ਗਾਜ਼ਾ ਪੱਟੀ ਨਾਲ ਸਬੰਧਤ ਲੀਕਾ ਕੌਰਡੀਆਂ ਨੂੰ ਇੰਮੀਗ੍ਰੇਸ਼ਨ ਵਾਲਿਆਂ ਨੇ ਹਿਰਾਸਤ ਵਿਚ ਲੈਂਦਿਆਂ ਡਿਟੈਨਸ਼ਨ ਸੈਂਟਰ ਭੇਜ ਦਿਤਾ ਜਿਥੋਂ ਉਸ ਨੂੰ ਡਿਪੋਰਟ ਕੀਤਾ ਜਾਵੇਗਾ।