Begin typing your search above and press return to search.

ਸਿੱਖਾਂ ਦੀ ਬਹਾਦਰੀ ਦੇ ਦੁਨੀਆਂ ਭਰ ਵਿਚ ਚਰਚੇ

ਪਹਿਲੀ ਅਤੇ ਦੂਜੀ ਆਲਮੀ ਜੰਗ ਵਿਚ ਸਿੱਖਾਂ ਦੀ ਬਹਾਦਰੀ ਨੇ ਪੱਛਮੀ ਮੁਲਕਾਂ ਨੂੰ ਕੀਲ ਕੇ ਰੱਖ ਦਿਤਾ।

ਸਿੱਖਾਂ ਦੀ ਬਹਾਦਰੀ ਦੇ ਦੁਨੀਆਂ ਭਰ ਵਿਚ ਚਰਚੇ
X

Upjit SinghBy : Upjit Singh

  |  9 Nov 2024 4:23 PM IST

  • whatsapp
  • Telegram

ਲੰਡਨ : ਪਹਿਲੀ ਅਤੇ ਦੂਜੀ ਆਲਮੀ ਜੰਗ ਵਿਚ ਸਿੱਖਾਂ ਦੀ ਬਹਾਦਰੀ ਨੇ ਪੱਛਮੀ ਮੁਲਕਾਂ ਨੂੰ ਕੀਲ ਕੇ ਰੱਖ ਦਿਤਾ। ਯੂ.ਕੇ. ਵਿਚ ਪਹਿਲੇ ਦਸਤਾਰਧਾਰੀ ਐਮ.ਪੀ. ਹੋਣ ਦਾ ਮਾਣ ਹਾਸਲ ਤਨਮਨਜੀਤ ਸਿੰਘ ਢੇਸੀ ਨੇ ਸੰਸਦ ਵਿਚ ਸਿੱਖਾਂ ਦੀ ਬਹਾਦਰੀ ਦਾ ਖਾਸ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦੀ ਕੁਲ ਆਬਾਦੀ ਦਾ ਸਿਰਫ 2 ਫੀ ਸਦੀ ਹਿੱਸਾ ਹੋਣ ਦੇ ਬਾਵਜੂਦ ਸਿੱਖਾਂ ਦਾ ਫੌਜ ਵਿਚ 20 ਫੀ ਸਦੀ ਯੋਗਦਾਨ ਰਿਹਾ। ਪਹਿਲੀ ਆਲਮੀ ਜੰਗ ਦੀ 110ਵੀਂ ਬਰਸੀ ਮੌਕੇ ਸਿੱਖ ਮਿਲੀਟਰੀ ਫਾਊਂਡੇਸ਼ਨ ਵੱਲੋਂ ‘ਸਿੱਖ ਸੂਬੇਦਾਰ-ਸਿੱਖ ਸਾਰਜੈਂਟ’ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਮੁਹਿੰਮ ਨਾਲ ਸਬੰਧਤ ਤਸਵੀਰ ਦੇ ਡਿਜ਼ਾਈਨਰ ਸਤਵੀਰ ਸਿੰਘ ਪਦਮ ਨੇ ਦੱਸਿਆ ਕਿ ਇਹ ਸਿੱਖ ਫੌਜੀਆਂ ਦੀ ਬਹਾਦਰੀ, ਸਤਿਕਾਰ ਅਤੇ ਕੁਰਬਾਨੀ ਨੂੰ ਦਰਸਾਉਂਦੀ ਹੈ। ਤਸਵੀਰ ਨੂੰ ਵੇਖਦਿਆਂ ਹੀ ਸਿੱਖ ਫੌਜੀਆਂ ਦਾ ਤਾਕਤ ਅਤੇ ਦੁਸ਼ਮਣ ਫੌਜਾਂ ਦਾ ਡਟ ਕੇ ਟਾਕਰਾ ਕਰਨ ਦੀ ਵਿਰਾਸਤ ਦਾ ਅਹਿਸਾਸ ਹੁੰਦਾ ਹੈ।

‘ਸਿੱਖ ਸੂਬੇਦਾਰ’ ਮੁਹਿੰਮ ਦੀ ਕੀਤੀ ਸ਼ੁਰੂਆਤ

ਉਧਰ ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਉਨ੍ਹਾਂ ਦੇ ਪੜਦਾਦਾ ਨੇ ਪਹਿਲੀ ਆਲਮੀ ਜੰਗ ਵਿਚ ਹਿੱਸਾ ਲਿਆ ਜਦਕਿ ਦਾਦੀ ਦੇ ਭਰਾ ਨੇ ਦੂਜੀ ਆਲਮੀ ਜੰਗ ਵਿਚ ਲੜਾਈ ਲੜੀ। ਇਥੇ ਦਸਣਾ ਬਣਦਾ ਹੈ ਕਿ ਪਹਿਲੀ ਆਲਮੀ ਜੰਗ ਦੌਰਾਨ ਬਰਤਾਨੀਆ ਦੇ ਵਸਨੀਕ ਐਂਗਲੋ ਹੰਗੇਰੀਅਨ ਚਿੱਤਰਕਾਰ ਫਿਲਿਪ ਡੀ ਲਾਜ਼ਲੋ ਵੱਲੋਂ ਦੋ ਸਿੱਖ ਫੌਜੀਆਂ ਦੀ ਤਸਵੀਰ ਬਣਾਈ ਗਈ ਜਿਸ ਦਾ ਸਬੰਧ ਖਡੂਰ ਸਾਹਿਬ ਦੇ ਖਹਿਰਾ ਪਰਵਾਰ ਨਾਲ ਜੁੜਿਆ। 108 ਸਾਲ ਤੱਕ ਨਾ ਤਾਂ ਇਹ ਚਿੱਤਰ ਸਾਹਮਣੇ ਆਇਆ ਅਤੇ ਨਾ ਹੀ ਖਹਿਰਾ ਪਰਵਾਰ ਬਾਰੇ ਕੋਈ ਜਾਣਦਾ ਸੀ। ਦਰਅਸਲ 2014 ਵਿਚ ਪੰਜਾਬੀ ਵਿਰਾਸਤ ਬਾਰੇ ਕੰਮ ਕਰ ਰਹੀ ਇਕ ਜਥੇਬੰਦੀ ਵੱਲੋਂ ਪਹਿਲੀ ਆਲਮੀ ਜੰਗ ਨਾਲ ਸਬੰਧਤ ਇਕ ਨੁਮਾਇਸ਼ ਲਾਈ ਗਈ ਅਤੇ ਇਹ ਤਸਵੀਰ ਉਥੇ ਨਜ਼ਰ ਆਈ। ਤਸਵੀਰ ਨੂੰ ਸੋਸ਼ਲ ਮੀਡੀਆ ’ਤੇ ਸਾਂਝੀ ਹੋਈ ਤਾਂ ਸਿੱਖ ਫੌਜੀਆਂ ਦੀ ਪਛਾਣ ਬਾਰੇ ਆਵਾਜ਼ ਉਠਣ ਲੱਗੀ। ਜਥੇਬੰਦੀ ਦੇ ਮੈਂਬਰ ਤੇਜਪਾਲ ਸਿੰਘ ਰਲਮਿਲ ਨੇ ਦੱਸਿਆ ਕਿ ਸਮਾਂ ਲੰਘ ਰਿਹਾ ਸੀ ਅਤੇ ਸਿੱਖ ਫੌਜੀਆਂ ਦੀ ਪੰਜਾਬ ਨਾਲ ਪਛਾਣ ਜੋੜਨ ਦੇ ਯਤਨ ਵੀ ਕੀਤੇ ਜਾ ਰਹੇ ਸਨ। ਇਸੇ ਦੌਰਾਨ ਪੰਜਾਬ ਨਾਲ ਸਬੰਧਤ ਹਰਪ੍ਰੀਤ ਸਿੰਘ ਨੇ ਤੇਜਪਾਲ ਸਿੰਘ ਨੂੰ ਦੱਸਿਆ ਕਿ ਇਹ ਤਸਵੀਰ ਉਨ੍ਹਾਂ ਦੇ ਆਪਣੇ ਪਰਵਾਰ ਨਾਲ ਸਬੰਧਤ ਹੈ। ਤਸਵੀਰ ਵਿਚ ਇਕ ਫੌਜੀ ਦੀ ਪਛਾਣ ਰਿਸਾਲਦਾਰ ਜਗਤ ਸਿੰਘ ਵਜੋਂ ਕੀਤੀ ਗਈ ਜੋ ਹਰਪ੍ਰੀਤ ਸਿੰਘ ਦੇ ਪੜਦਾਦਾ ਸਨ।

ਪਹਿਲੀ ਅਤੇ ਦੂਜੀ ਆਲਮੀ ਜੰਗ ਵਿਚ 90 ਹਜ਼ਾਰ ਸਿੱਖਾਂ ਦੀ ਗਈ ਜਾਨ

ਖਹਿਰਾ ਪਰਵਾਰ ਕੋਲ ਜਗਤ ਸਿੰਘ ਦੀਆਂ ਦੋ ਨਿਸ਼ਾਨੀਆਂ ਵੀ ਮੌਜੂਦ ਸਨ ਜਿਨ੍ਹਾਂ ਵਿਚੋਂ ਇਕ ਦਸੰਬਰ 1915 ਦਾ ਸਰਟੀਫਿਕੇਟ ਹੈ ਜੋ ਬਹਾਦਰੀ ਲਈ ਦਿਤਾ ਗਿਆ। ਸਰਟੀਫਿਕੇਟ ਤੋਂ ਜਗਤ ਸਿੰਘ ਦੀ ਰੈਜੀਮੈਂਟ ਬਾਰੇ ਪਤਾ ਲੱਗਾ। ਤਸਵੀਰ ਨਾਲ ਜੁੜੇ ਇਕ ਨੋਟ ਵਿਚ ਜਗਤ ਸਿੰਘ ਵੱਲੋਂ ਪੰਜਾਬੀ ਬੋਲੀ ਵਿਚ ਆਪਣੇ ਬੇਟੇ ਜਨਮੇਜਾ ਸਿੰਘ ਅਤੇ ਖਡੂਰ ਸਾਹਿਬ ਦਾ ਜ਼ਿਕਰ ਵੀ ਕੀਤਾ ਗਿਆ। ਬਰਤਾਨਵੀ ਫੌਜ ਵੱਲੋਂ 1920 ਵਿਚ ਪਹਿਲੀ ਆਲਮੀ ਜੰਗ ਨਾਲ ਸਬੰਧਤ ਫੌਜੀਆਂ ਬਾਰੇ ਰਜਿਸਟਰ ਤਿਆਰ ਕੀਤੇ ਗਏ ਸਨ ਜਿਨ੍ਹਾਂ ਵਿਚ ਜਾਨ ਗਵਾਉਣ ਵਾਲੇ ਅਤੇ ਵਾਪਸੀ ਕਰਨ ਵਾਲਿਆਂ ਦੇ ਨਾਂ ਸ਼ਾਮਲ ਸਨ। ਰਜਿਸਟਰ ਮੁਤਾਬਕ ਖਡੂਰ ਸਾਹਿਬ ਤੋਂ 63 ਫੌਜੀ ਗਏ ਜਿਨ੍ਹਾਂ ਵਿਚੋਂ ਪੰਜ ਦੀ ਜਾਨ ਚਲੀ ਗਈ ਅਤੇ ਬਾਕੀ ਵਾਪਸ ਆ ਗਏ। ਇਨ੍ਹਾਂ ਵਿਚ ਜਗਤ ਸਿੰਘ ਵੀ ਸ਼ਾਮਲ ਸਨ ਅਤੇ ਬਹਾਦਰੀ ਸਦਕਾ ਜ਼ਮੀਨ ਵੀ ਅਲਾਟ ਹੋਈ। ਦੂਜੇ ਪਾਸੇ ਸਿੱਖ ਮਿਲਟਰੀ ਫਾਊਂਡੇਸ਼ਨ ਦਾ ਤਾਜ਼ਾ ਉਪਰਾਲਾ ਆਲਮੀ ਜੰਗਾਂ ਵਿਚ ਸਿੱਖਾਂ ਦੇ ਯੋਗਦਾਨ ਨੂੰ ਹੋਰ ਵਿਸਤਾਰਤ ਤਰੀਕੇ ਨਾਲ ਪੇਸ਼ ਕਰ ਰਿਹਾ ਹੈ।

Next Story
ਤਾਜ਼ਾ ਖਬਰਾਂ
Share it