ਅਮਰੀਕਾ ’ਚ ਪੰਜਾਬੀ ਡਰਾਈਵਰਾਂ ਦੀ ਫੜੋ-ਫੜੀ ਮੁੜ ਤੇਜ਼
ਅਮਰੀਕਾ ਵਿਚ ਗ੍ਰਿਫਤਾਰ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਦਾ ਮੁੱਦਾ ਟਰੰਪ ਦੇ ਦਰਬਾਰ ਪੁੱਜ ਗਿਆ ਹੈ ਅਤੇ ਪੰਜਾਬੀ ਡਰਾਈਵਰਾਂ ਦੀ ਫੜੋ-ਫੜੀ ਦਾ ਸਿਲਸਿਲਾ ਮੁੜ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ

By : Upjit Singh
ਵਾਸ਼ਿੰਗਟਨ : ਅਮਰੀਕਾ ਵਿਚ ਗ੍ਰਿਫਤਾਰ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਦਾ ਮੁੱਦਾ ਟਰੰਪ ਦੇ ਦਰਬਾਰ ਪੁੱਜ ਗਿਆ ਹੈ ਅਤੇ ਪੰਜਾਬੀ ਡਰਾਈਵਰਾਂ ਦੀ ਫੜੋ-ਫੜੀ ਦਾ ਸਿਲਸਿਲਾ ਮੁੜ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਾਈਨ ਲੈਵਿਟ ਨੇ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਦੇਣ ਦਾ ਰੁਝਾਨ ਬੇਹੱਦ ਮੰਦਭਾਗਾ ਹੈ ਅਤੇ ਟ੍ਰਾਂਸਪੋਰਟੇਸ਼ਨ ਵਿਭਾਗ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਤਾਜ਼ਾ ਹਾਦਸੇ ਮਗਰੋਂ ਤਜਵੀਜ਼ਸ਼ੁਦਾ ਸੇਫ ਡਰਾਈਵਰਜ਼ ਐਕਟ ਜਲਦ ਤੋਂ ਜਲਦ ਪਾਸ ਕੀਤੇ ਜਾਣ ਦੀ ਮੰਗ ਵੀ ਉਠ ਰਹੀ ਹੈ ਜਿਸ ਤਹਿਤ ਸੀ.ਡੀ.ਐਲ. ਟੈਸਟ ਵਿਦੇਸ਼ੀ ਭਾਸ਼ਾਵਾਂ ਦੀ ਬਜਾਏ ਸਿਰਫ਼ ਅੰਗਰੇਜ਼ੀ ਵਿਚ ਹੋਣਗੇ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਜਾਰੀ ਲਾਇਸੰਸ ਰੱਦ ਕਰ ਦਿਤੇ ਜਾਣਗੇ।
ਟਰੰਪ ਦੇ ਦਰਬਾਰ ਪੁੱਜਾ ਜਸ਼ਨਪ੍ਰੀਤ ਸਿੰਘ ਦਾ ਮੁੱਦਾ
ਦੂਜੇ ਪਾਸੇ ਇੰਮੀਗ੍ਰੇਸ਼ਨ ਹਮਾਇਤੀਆਂ ਅਤੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਤਾਜ਼ਾ ਹਾਦਸੇ ਮਗਰੋਂ ਅਮਰੀਕਾ ਵਿਚ ਸਿੱਖ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਹਰਜਿੰਦਰ ਸਿੰਘ ਮਾਮਲਾ ਸਾਹਮਣੇ ਆਉਣ ਮਗਰੋਂ ਟਰੱਕ ਸਟੌਪਸ ’ਤੇ ਸਿੱਖ ਡਰਾਈਵਰਾਂ ਨੂੰ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਅਤੇ ਵੱਖ ਵੱਖ ਹਾਈਵੇਜ਼ ਤੋਂ ਲੰਘਦਿਆਂ ਉਨ੍ਹਾਂ ਦੇ ਟਰੱਕਾਂ ਉਤੇ ਆਂਡੇ ਅਤੇ ਪਾਣੀ ਦੀਆਂ ਬੋਤਲਾਂ ਸੁੱਟਣ ਦੀਆਂ ਵਾਰਦਾਤਾਂ ਵੀ ਸਾਹਮਣੇ ਆਈਆਂ। ਸੀ.ਬੀ.ਐਸ. ਨਿਊਜ਼ ਦੀ ਰਿਪੋਰਟ ਮੁਤਾਬਕ ਜਸ਼ਨਪ੍ਰੀਤ ਸਿੰਘ ਦੇ ਦੋਸਤ ਗੁਰਜੋਤ ਮਲਹਾਰ ਨੇ ਕਿਹਾ ਕਿ ਉਹ ਬੇਹੱਦ ਸੰਜਮ ਵਾਲਾ ਇਨਸਾਨ ਹੈ ਅਤੇ ਚਿਹਰੇ ’ਤੇ ਹਮੇਸ਼ਾ ਮੁਸਕਾਨ ਨਜ਼ਰ ਆਉਂਦੀ ਹੈ। ਅਮਰੀਕਾ ਵਿਚ ਡਾਲਰ ਕਮਾਉਣੇ ਸੌਖੇ ਨਹੀਂ ਜਿਸ ਦੇ ਮੱਦੇਨਜ਼ਰ ਜਸ਼ਨਪ੍ਰੀਤ ਨੇ ਟਰੱਕ ਡਰਾਈਵਰ ਬਣਨ ਦਾ ਵੱਡਾ ਫੈਸਲਾ ਕਰ ਲਿਆ। ਗੁਰਜੋਤ ਦਾ ਕਹਿਣਾ ਸੀ ਕਿ ਜਸ਼ਨਪ੍ਰੀਤ ਉਸ ਦੇ ਭਰਾਵਾਂ ਵਰਗਾ ਅਤੇ ਉਸ ਨੇ ਕਮਰਸ਼ੀਅਲ ਡਰਾਈਵਿੰਗ ਬਾਰੇ ਜਸ਼ਨਪ੍ਰੀਤ ਦੇ ਫੈਸਲੇ ਦੀ ਹਮਾਇਤ ਕੀਤੀ।
ਸਿੱਖ ਡਰਾਈਵਰਾਂ ਉਤੇ ਹਮਲੇ ਹੋਣ ਦਾ ਖਦਸ਼ਾ
ਟਰੱਕ ਚਲਾਉਣ ਦੀ ਸਿਖਲਾਈ ਦੌਰਾਨ ਵੀ ਉਹ ਬਿਲਕੁਲ ਨਹੀਂ ਘਬਰਾਇਆ ਅਤੇ ਇਕ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਹਮੇਸ਼ਾ ਉਸ ਦੇ ਮੋਢਿਆਂ ’ਤੇ ਮਹਿਸੂਸ ਹੁੰਦਾ। ਇਸੇ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਪੁਰਾਣਾ ਸ਼ਾਲਾ ਵਿਖੇ ਰਹਿੰਦੇ ਜਸ਼ਨਪ੍ਰੀਤ ਸਿੰਘ ਦੇ ਮਾਪੇ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਉਸ ਦੇ ਹੱਕ ਵਿਚ ਨਿੱਤਰ ਆਏ। ਜਸ਼ਨਪ੍ਰੀਤ ਦੇ ਪਿਤਾ ਰਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਪੁੱਤ ਬਚਪਨ ਤੋਂ ਅੰਮ੍ਰਿਤਧਾਰੀ ਹੈ ਅਤੇ ਕੋਈ ਨਸ਼ਾ ਨਹੀਂ ਕਰਦਾ। ਅਮਰੀਕਾ ਦੇ ਮੀਡੀਆ ਵੱਲੋਂ ਜਾਣ-ਬੁੱਝ ਕੇ ਉਸ ਨੂੰ ਭੰਡਿਆ ਜਾ ਰਿਹਾ ਹੈ। ਜਸ਼ਨਪ੍ਰੀਤ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਫਲੋਰੀਡਾ ਜੇਲ ਵਿਚ ਬੰਦ ਹਰਜਿੰਦਰ ਸਿੰਘ ਦਾ ਜ਼ਿਕਰ ਵੀ ਹੋਣ ਲੱਗਾ ਅਤੇ ਨਵੇਂ-ਨਵੇਂ ਦਾਅਵੇ ਕੀਤੇ ਜਾ ਰਹੇ ਹਨ। ਇਕ ਦਾਅਵੇ ਮੁਤਾਬਕ ਹਰਜਿੰਦਰ ਸਿੰਘ ਸੀ.ਡੀ.ਐਲ. ਟੈਸਟ ਵਿਚ 10 ਵਾਰ ਫੇਲ ਹੋਇਆ। ਸਿਰਫ਼ ਐਨਾ ਹੀ ਨਹੀਂ ਏਅਰ ਬ੍ਰੇਕਸ ਬਾਰੇ ਨੌਲਜ ਟੈਸਟ ਵੀ ਦੋ ਵਾਰ ਪਾਸ ਕਰਨ ਤੋਂ ਖੁੰਝ ਗਿਆ।


