America ’ਚ 17 ਲੱਖ ਲੋਕਾਂ ਦੇ ਆਰਜ਼ੀ visa ਖ਼ਤਮ

By : Upjit Singh
ਵਾਸ਼ਿੰਗਟਨ : ਅਮਰੀਕਾ ਵਿਚ ਲੀਗਲ ਇੰਮੀਗ੍ਰੇਸ਼ਨ ਸਟੇਟਸ ਵਾਲੇ 17 ਲੱਖ ਲੋਕਾਂ ਨੂੰ ਮੁੜ ਡਿਪੋਰਟੇਸ਼ਨ ਵਾਲਿਆਂ ਦੀ ਭੀੜ ਵਿਚ ਸ਼ਾਮਲ ਕਰਨ ਦੇ ਯਤਨ ਕਰ ਰਹੀ ਟਰੰਪ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਅਮਰੀਕਾ ਦੀ ਫੈਡਰਲ ਅਦਾਲਤ ਨੇ ਪਰਵਾਰਾਂ ਦੇ ਵਿਛੋੜੇ ਦਾ ਕਾਰਨ ਬਣ ਰਹੀ ਨੀਤੀ ਨੂੰ ਗੈਰਕਾਨੂੰਨੀ ਕਰਾਰ ਦਿਤਾ ਹੈ ਅਤੇ ਡਿਪੋਰਟ ਕੀਤੇ ਲੋਕਾਂ ਨੂੰ ਵਾਪਸ ਸੱਦਣ ਦੇ ਹੁਕਮ ਦਿਤੇ ਹਨ। ਜੀ ਹਾਂ, ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਵੱਲੋਂ ਨਿਯੁਕਤ ਜ਼ਿਲ੍ਹਾ ਜੱਜ ਡੇਨਾ ਸਬਰਾਅ ਨੇ ਕਿਹਾ ਕਿ ਪਰਵਾਰਾਂ ਨੂੰ ਡਿਪੋਰਟ ਕਰਨਾ ਅਤੀਤ ਵਿਚ ਹੋਏ ਸਮਝੌਤੇ ਦੀ ਉਲੰਘਣਾ ਕਰਦਾ ਹੈ। ਅਦਾਲਤ ਨੇ ਆਪਣੇ ਫੈਸਲੇ ਵਿਚ ਤਿੰਨ ਪਰਵਾਰਾਂ ਦੀ ਮਿਸਾਲ ਪੇਸ਼ ਕੀਤੀ ਜਿਨ੍ਹਾਂ ਨੂੰ ਨਾਜਾਇਜ਼ ਤਰੀਕੇ ਨਾਲ ਡਿਪੋਰਟ ਕੀਤਾ ਗਿਆ। ਅਮੈਰਿਕਨ ਸਿਵਲ ਲਿਬਰਟੀਜ਼ ਯੂਨੀਅਨ ਨੇ ਅਦਾਲਤੀ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਡੌਨਲਡ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਪਰਵਾਰਾਂ ਨੂੰ ਖੇਰੂੰ ਖੇਰੂੰ ਕੀਤਾ ਅਤੇ ਦੂਜੇ ਕਾਰਕਜਲ ਦੌਰਾਨ ਡਿਪੋਰਟ ਕਰਦਿਆਂ ਮੁੜ ਵਿਛੋੜੇ ਪਾਏ ਜਾ ਰਹੇ ਹਨ।
ਅਦਾਲਤ ਵੱਲੋਂ ਟਰੰਪ ਸਰਕਾਰ ਨੂੰ ਵੱਡਾ ਹੁਕਮ
ਉਧਰ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੀ ਤਰਜਮਾਨ ਟ੍ਰਿਸ਼ੀਆ ਮੈਕਲਾਫ਼ਲਿਨ ਨੇ ਕਿਹਾ ਕਿ ਟਰੰਪ ਸਰਕਾਰ ਅਦਾਲਤੀ ਫੈਸਲੇ ਨਾਲ ਸਹਿਮਤ ਨਹੀਂ ਜੋ ਰਾਸ਼ਟਰਪਤੀ ਦੀਆਂ ਡਿਪੋਰਟੇਸ਼ਨ ਤਾਕਤਾਂ ਵਿਚ ਦਖਲਅੰਦਾਜ਼ੀ ਕਰ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ 2018 ਵਿਚ ਪੰਜ ਸਾਲ ਦੀ ਉਮਰ ਵਾਲੀ ਬੱਚੀ ਨੂੰ ਉਸ ਦੀ ਮਾਂ ਤੋਂ ਵੱਖ ਕਰ ਦਿਤਾ ਗਿਆ ਅਤੇ ਹੁਣ ਇੰਮੀਗ੍ਰੇਸ਼ਨ ਐਂਡ ਕਸਮਟਜ਼ ਐਨਫ਼ੋਰਸਮੈਂਟ ਵਾਲੇ ਸੈਲਫ਼ ਡਿਪੋਰਟ ਹੋਣ ਦਾ ਦਬਾਅ ਪਾ ਰਹੇ ਹਨ। ਦੂਜੇ ਪਾਸੇ ਅਮਰੀਕਾ ਵਿਚ ਦਾਖਲ ਹੋਣ ਮਗਰੋਂ ਇੰਮੀਗ੍ਰੇਸ਼ਨ ਪੈਰੋਲ, ਅਸਾਇਲਮ ਜਾਂ ਆਰਜ਼ੀ ਤੌਰ ’ਤੇ ਕੰਮ ਕਰਨ ਦੀ ਇਜਾਜ਼ਤ ਹਾਸਲ ਕਰ ਚੁੱਕੇ ਲੱਖਾਂ ਪ੍ਰਵਾਸੀ ਖ਼ਤਰੇ ਵਿਚ ਘਿਰੇ ਨਜ਼ਰ ਆ ਰਹੇ ਹਨ। ਪ੍ਰਵਾਸੀਆਂ ਦੀ ਆਵਾਜ਼ ਬੁਲੰਦ ਕਰਨ ਵਾਲੀਆਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਲੋਕਾਂ ਨੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਇੰਮੀਗ੍ਰੇਸ਼ਨ ਸਟੇਟਸ ਨੂੰ ਕਾਨੂੰਨ ਦੇ ਘੇਰੇ ਵਿਚ ਲਿਆਂਦਾ ਪਰ ਮੌਜੂਦ ਸਰਕਾਰ ਇਹ ਘੇਰਾ ਤੋੜ ਰਹੀ ਹੈ। ਅਮਰੀਕਾ ਦੇ ਇਤਿਹਾਸ ਵਿਚ ਕਦੇ ਨਹੀਂ ਹੋਇਆ ਕਿ ਕਾਨੂੰਨੀ ਤੌਰ ’ਤੇ ਕੰਮ ਕਰਨ ਦੇ ਹੱਕਦਾਰ ਲੋਕਾਂ ਨੂੰ ਬਗੈਰ ਇੰਮੀਗ੍ਰੇਸ਼ਨ ਸਟੇਟਸ ਵਾਲੇ ਐਲਾਨਿਆ ਗਿਆ ਹੋਵੇ। ਇੰਮੀਗ੍ਰੇਸ਼ਨ ਸਟੇਟਸ ਗਵਾਉਣ ਵਾਲੇ ਲੋਕਾਂ ਵਿਚ ਹਜ਼ਾਰਾਂ ਅਜਿਹੇ ਹਨ ਜੋ ਕਈ ਦਹਾਕਿਆਂ ਤੋਂ ਅਮਰੀਕਾ ਵਿਚ ਆਪਣੇ ਪਰਵਾਰ ਨਾਲ ਰਹਿ ਰਹੇ ਹਨ। ਇਸ ਦੇ ਉਲਟ ਸਿਟੀਜ਼ਨਸ਼ਿਪ ਐਂਡ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਦੇ ਬੁਲਾਰੇ ਮੈਥਿਊ ਟ੍ਰਾਜੈਸਰ ਦਾ ਕਹਿਣਾ ਹੈ ਕਿ ਅਮਰੀਕਾ ਦੇ ਟੈਕਸਪੇਅਰ ਐਨੇ ਗੈਰਕਾਨੂੰਨੀ ਪ੍ਰਵਾਸੀਆਂ ਦਾ ਬੋਝ ਬਰਦਾਸ਼ਤ ਨਹੀਂ ਕਰ ਸਕਦੇ। ਅਮੈਰਿਕਨ ਵੀਜ਼ਾ ਹੋਣ ਦਾ ਮਤਲਬ ਇਹ ਨਹੀਂ ਕਿ ਮੁਲਕ ਵਿਚ ਪੱਕੇ ਤੌਰ ’ਤੇ ਰਹਿਣ ਦਾ ਹੱਕ ਮਿਲ ਗਿਆ।
ਡਿਪੋਰਟ ਕੀਤੇ ਪਰਵਾਰਾਂ ਨੂੰ ਵਾਪਸ ਸੱਦੋ
ਕੌਮੀ ਹਿੱਤਾਂ ਨੂੰ ਧਿਆਨ ਵਿਚ ਰਖਦਿਆਂ ਅਜਿਹੇ ਵੀਜ਼ੇ ਕਿਸੇ ਵੀ ਵੇਲੇ ਰੱਦ ਕੀਤੇ ਜਾ ਸਕਦੇ ਹਨ। ਦੱਸ ਦੇਈਏ ਕਿ 2023 ਤੋਂ ਜਨਵਰੀ 2025 ਦਰਮਿਆਨ 9 ਲੱਖ 40 ਹਜ਼ਾਰ ਵਿਦੇਸ਼ੀ ਨਾਗਰਿਕਾਂ ਨੂੰ ਸੀ.ਬੀ.ਪੀ. ਵੰਨ ਐਪ ਰਾਹੀਂ ਦਾਖਲ ਹੋਣ ਦੀ ਇਜਾਜ਼ਤ ਦਿਤੀ ਗਈ ਪਰ ਹੁਣ ਤੱਕ ਟਰੰਪ ਸਰਕਾਰ ਖੁਦ ਨਹੀਂ ਜਾਣਦੀ ਕਿ ਅਸਲ ਵਿਚ ਸੀ.ਬੀ.ਪੀ. ਵੰਨ ਐਪ ਰਾਹੀਂ ਅਮਰੀਕਾ ਦਾਖਲ ਹੋਣ ਵਾਲਿਆਂ ਦੀ ਗਿਣਤੀ ਕਿੰਨੀ ਹੈ। ਬੀਤੀ ਬਸੰਤ ਰੁੱਤ ਦੌਰਾਨ ਹਜ਼ਾਰਾਂ ਪ੍ਰਵਾਸੀਆਂ ਨੂੰ ਸੁਨੇਹੇ ਮਿਲਣ ਲੱਗੇ ਕਿਹਾ ਕਿ ਉਹ ਅਮਰੀਕਾ ਛੱਡ ਕੇ ਚਲੇ ਜਾਣ ਅਤੇ ਜੇ ਅਜਿਹਾ ਨਾ ਕੀਤਾ ਤਾਂ ਇੰਮੀਗ੍ਰੇਸ਼ਨ ਅਦਾਲਤ ਵਿਚ ਪੇਸ਼ੀ ਦੌਰਾਨ ਫੜ ਕੇ ਡਿਪੋਰਟ ਕਰ ਦਿਤਾ ਜਾਵੇਗਾ। ਹੈਤੀ ਨਾਲ ਸਬੰਧਤ 3 ਲੱਖ 30 ਹਜ਼ਾਰ ਪ੍ਰਵਾਸੀਆਂ ਦਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਫ਼ਰਵਰੀ ਵਿਚ ਖ਼ਤਮ ਹੋ ਰਿਹਾ ਹੈ ਅਤੇ ਜ਼ਿਆਦਾਤਰ ਅੰਕੜਾ ਵੈਨੇਜ਼ੁਏਲਾ ਨਾਲ ਵੀ ਸਬੰਧਤ ਹੈ ਪਰ ਭਾਰਤ ਨਾਲ ਸਬੰਧਤ 500 ਤੋਂ ਵੱਧ ਪ੍ਰਵਾਸੀਆ ਨੂੰ ਘੇਰੇ ਵਿਚ ਲਿਆ ਗਿਆ ਹੈ ਜਿਨ੍ਹਾਂ ਦੀਆਂ ਅਸਾਇਲਮ ਅਰਜ਼ੀਆਂ ਵਿਚਾਰ ਅਧੀਨ ਹਨ। ਟਰੰਪ ਸਰਕਾਰ ਅਜਿਹੇ ਲੋਕਾਂ ਨੂੰ ਗੈਰਕਾਨੂੰਨੀ ਪ੍ਰਵਾਸੀ ਹੀ ਮੰਨ ਰਹੀ ਹੈ।


