Begin typing your search above and press return to search.

ਇਟਲੀ ਵਿੱਚ ਤੀਆਂ ਦਾ ਮੇਲਾ, ਪੰਜਾਬਣਾਂ ਨੇ ਨੱਚ-ਨੱਚ ਹਿਲਾਈ ਧਰਤੀ

ਬੀਤੇ ਦਿਨੀਂ ਉੱਤਰੀ ਇਟਲੀ ਦੇ ਪੰਜਾਬੀਆਂ ਦੀ ਭਰਪੂਰ ਵੱਸੋਂ ਵਾਲੇ ਜ਼ਿਲ੍ਹਾ ਰੇਜੋ ਇਮੀਲੀਆ ਦੇ ਸ਼ਹਿਰ ਨੋਵੇਲਾਰਾ ਵਿਖੇ ਸਥਿਤ ਜੌਹਲ ਇੰਡੀਅਨ ਰੈਸਟੋਰੈਂਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ "ਤੀਆਂ ਦਾ ਮੇਲਾ 2024" ਬਹੁਤ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।

Dr. Pardeep singhBy : Dr. Pardeep singh

  |  20 July 2024 8:19 PM IST

  • whatsapp
  • Telegram

ਇਟਲੀ, (ਗੁਰਸ਼ਰਨ ਸਿੰਘ ਸੋਨੀ): ਬੀਤੇ ਦਿਨੀਂ ਉੱਤਰੀ ਇਟਲੀ ਦੇ ਪੰਜਾਬੀਆਂ ਦੀ ਭਰਪੂਰ ਵੱਸੋਂ ਵਾਲੇ ਜ਼ਿਲ੍ਹਾ ਰੇਜੋ ਇਮੀਲੀਆ ਦੇ ਸ਼ਹਿਰ ਨੋਵੇਲਾਰਾ ਵਿਖੇ ਸਥਿਤ ਜੌਹਲ ਇੰਡੀਅਨ ਰੈਸਟੋਰੈਂਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ "ਤੀਆਂ ਦਾ ਮੇਲਾ 2024" ਬਹੁਤ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਮਿਸਿਜ਼ ਪ੍ਰੀਤ ਜੌਹਲ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਕਰਵਾਏ ਜਾਂਦੇ ਇਸ ਮੇਲੇ ਦੀ ਪੰਜਾਬਣਾਂ ਨੂੰ ਸਾਰਾ ਸਾਲ ਹੀ ਉਡੀਕ ਰਹਿੰਦੀ ਹੈ।



ਉਹਨਾਂ ਦੀ ਟੀਮ ਵੱਲੋਂ ਵੀ ਔਰਤਾਂ ਦੇ ਮਨੋਰੰਜਨ ਲਈ ਕਾਫੀ ਸਮਾਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਮੇਲੇ ਵਿੱਚ ਸਿਰਫ ਔਰਤਾਂ ਨੂੰ ਐਂਟਰੀ ਦਿੱਤੀ ਜਾਂਦੀ ਹੈ। ਤੀਆਂ ਦੇ ਮੇਲੇ ਦੀ ਸ਼ੁਰੂਆਤ ਉਹਨਾਂ ਦੀ ਟੀਮ ਵੱਲੋਂ ਤਿਆਰ ਕੀਤੀ ਪਰਫੋਰਮੈਂਸ ਤੋਂ ਕੀਤੀ ਗਈ। ਜਿਸ ਵਿੱਚ ਟੀਮ ਵੱਲੋਂ ਪੰਜਾਬੀ ਸਭਿਆਚਾਰ ਦੇ ਅਨਿੱਖੜਵੇਂ ਅੰਗ ਗਿੱਧੇ ਰਾਹੀਂ ਸੁੰਦਰ ਹਾਲ ਵਿੱਚ ਪ੍ਰਵੇਸ਼ ਕੀਤਾ ਗਿਆ। ਇਸ ਮੌਕੇ ਹਾਲ ਖਚਾ ਖੱਚ ਭਰਿਆ ਹੋਇਆ ਸੀ ਅਤੇ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਔਰਤਾਂ ਨੂੰ ਆਪਣੇ ਇਸ ਸੱਭਿਆਚਾਰਕ ਪ੍ਰੋਗਰਾਮ ਦੀ ਕਿਵੇਂ ਉਡੀਕ ਰਹਿੰਦੀ ਹੈ।



ਇਸ ਮੇਲੇ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਪੰਜਾਬਣਾਂ ਵੱਲੋਂ ਪਹਿਨਿਆ ਗਿਆ ਪਰੰਪਰਾਗਤ ਪਹਿਰਾਵਾ ਸੀ ਜੋ ਕਿ ਅੱਜ ਕੱਲ ਵੇਖਣ ਨੂੰ ਘੱਟ ਹੀ ਮਿਲਦਾ ਹੈ। ਇਸ ਮੌਕੇ ਮਾਈ ਬੁਟੀਕ ਸੰਤ ਇਲਾਰੀਆ ਵੱਲੋਂ ਸਟਾਲ ਵੀ ਲਗਾਇਆ ਹੋਇਆ ਸੀ। ਜਿਸ ਵਿੱਚ ਸੂਟ ਅਤੇ ਆਰਟੀਫਿਸ਼ਅਲ ਜੁਐਲਰੀ ਰੱਖੀ ਗਈ ਸੀ। ਸਟੇਜ ਦਾ ਸੰਚਾਲਨ ਰਾਜਵਿੰਦਰ ਕੌਰ ਸੁਜਾਰਾ ਵੱਲੋਂ ਕੀਤਾ ਗਿਆ। ਉਹਨਾਂ ਨੇ ਅੱਗੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਡਾਂਸ ਪਰਫੋਰਮੈਂਸ ਤਿਆਰ ਕੀਤੀਆਂ ਗਈਆਂ ਸਨ। ਜਿੰਨਾਂ ਦਾ ਮਹਿਮਾਨਾਂ ਨੇ ਖੂਬ ਅਨੰਦ ਮਾਣਿਆ। ਇਸ ਤੋਂ ਇਲਾਵਾ ਓਪਨ ਡੀਜੇ ਤੇ ਆਏ ਸਾਰੇ ਮਹਿਮਾਨਾਂ ਨੇ ਗਿੱਧੇ ਦਾ ਅਨੰਦ ਮਾਣਿਆ। ਜ਼ਿਕਰਯੋਗ ਹੈ ਕਿ ਟੀਮ ਵੱਲੋਂ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰਨ ਦੇ ਸੰਦੇਸ਼ ਵਾਲੀ ਪਰਫਾਰਮੈਂਸ ਨੇ ਜਿੱਥੇ ਸਾਰਿਆਂ ਨੂੰ ਭਾਵੁਕ ਕੀਤਾ,ਉੱਥੇ ਹੀ ਮਹਿਮਾਨਾਂ ਦੀ ਵਾਹ-ਵਾਹ ਵੀ ਖੱਟੀ।ਮੇਲੇ ਵਿੱਚ ਆਈਆਂ ਹੋਈਆਂ ਬਜ਼ੁਰਗ ਬੀਬੀਆਂ ਨੂੰ ਸਟੇਜ ਤੇ ਬੁਲਾ ਕੇ ਉਹਨਾਂ ਕੋਲੋਂ ਬੋਲੀਆਂ ਵੀ ਸੁਣੀਆਂ ਗਈਆਂ। ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਲਈ ਖਾਣ ਪੀਣ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ ਗਿਆ ਸੀ। ਅੰਤ ਵਿੱਚ ਜੋਹਲ ਇੰਡੀਅਨ ਰੈਸਟੋਰੈਂਟ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।

Next Story
ਤਾਜ਼ਾ ਖਬਰਾਂ
Share it