ਸਵਿਟਜ਼ਰਲੈਂਡ ’ਚ ਔਰਤਾਂ ਦੇ ਬੁਰਕਾ ਜਾਂ ਹਿਜਾਬ ਪਹਿਨਣ ’ਤੇ ਪਾਬੰਦੀ
ਸਵਿਟਜ਼ਰਲੈਂਡ ਵਿਖੇ ਅੱਜ ਤੋਂ ਜਨਤਕ ਥਾਵਾਂ ’ਤੇ ਔਰਤਾਂ ਹਿਜਾਬ ਜਾਂ ਬੁਰਕਾ ਨਹੀਂ ਪਹਿਨ ਸਕਣਗੀਆਂ। ਕਾਨੂੰਨ ਦੀ ਉਲੰਘਣਾ ਕਰਨ ਵਾਲੀਆਂ ਔਰਤਾਂ ਨੂੰ ਇਕ ਹਜ਼ਾਰ ਸਵਿਸ ਫਰੈਂਕ ਜੁਰਮਾਨਾ ਕੀਤਾ ਜਾਵੇਗਾ
By : Upjit Singh
ਬਰਨ : ਸਵਿਟਜ਼ਰਲੈਂਡ ਵਿਖੇ ਅੱਜ ਤੋਂ ਜਨਤਕ ਥਾਵਾਂ ’ਤੇ ਔਰਤਾਂ ਹਿਜਾਬ ਜਾਂ ਬੁਰਕਾ ਨਹੀਂ ਪਹਿਨ ਸਕਣਗੀਆਂ। ਮੁਲਕ ਵਿਚ ਲਾਗੂ ਨਵੇਂ ਕਾਨੂੰਨ ਦੀ ਉਲੰਘਣਾ ਕਰਨ ਵਾਲੀਆਂ ਔਰਤਾਂ ਨੂੰ ਇਕ ਹਜ਼ਾਰ ਸਵਿਸ ਫਰੈਂਕ ਜੁਰਮਾਨਾ ਕੀਤਾ ਜਾਵੇਗਾ ਜੋ ਭਾਰਤੀ ਕਰੰਸੀ ਵਿਚ ਤਕਰੀਬਨ 96 ਹਜ਼ਾਰ ਰੁਪਏ ਬਣਦਾ ਹੈ। ਸਵਿਟਜ਼ਰਲੈਂਡ ਤੋਂ ਪਹਿਲਾਂ ਬੈਲਜੀਅਮ, ਫਰਾਂਸ, ਡੈਨਮਾਰਕ, ਆਸਟ੍ਰੀਆ, ਨੈਦਰਲੈਂਡਜ਼ ਅਤੇ ਬੁਲਗਾਰੀਆ ਵਿਚ ਅਜਿਹੇ ਕਾਨੂੰਨ ਲਾਗੂ ਹੋ ਚੁੱਕੇ ਹਨ ਜਿਨ੍ਹਾਂ ਰਾਹੀਂ ਔਰਤਾਂ ਨੂੰ ਦਫ਼ਤਰਾਂ, ਪਬਲਿਕ ਟ੍ਰਾਂਸਪੋਰਟ, ਰੈਸਟੋਰੈਂਟ, ਦੁਕਾਨਾਂ ਅਤੇ ਸ਼ੌਪਿੰਗ ਮਾਲਜ਼ ਵਰਗੀਆਂ ਥਾਵਾਂ ’ਤੇ ਚਿਹਰਾ ਢਕਣ ਦੀ ਮਨਾਹੀ ਕੀਤੀ ਗਈ ਹੈ।
1 ਜਨਵਰੀ ਤੋਂ ਲਾਗੂ ਹੋਇਆ ਨਵਾਂ ਕਾਨੂੰਨ
ਸਵਿਟਜ਼ਰਲੈਂਡ ਦੀ ਸੰਸਦ ਵਿਚ ਇਸ ਕਾਨੂੰਨ ਬਾਰੇ ਵੋਟਿੰਗ ਕਰਵਾਈ ਗਈ ਤਾਂ 151 ਮੈਂਬਰਾਂ ਨੇ ਕਾਨੂੰਨ ਦੇ ਹੱਕ ਵਿਚ ਅਤੇ 29 ਮੈਂਬਰਾਂ ਨੇ ਕਾਨੂੰਨ ਦੇ ਵਿਰੋਧ ਵਿਚ ਵੋਟ ਪਾਈ। ਕਾਨੂੰਨ ਦੀ ਤਜਵੀਜ਼ ਸਵਿਸ ਪੀਪਲਜ਼ ਪਾਰਟੀ ਨੇ ਰੱਖੀ ਜਦਕਿ ਸੈਂਟਰਲ ਅਤੇ ਗਰੀਨ ਪਾਰਟੀ ਇਸ ਦੇ ਵਿਰੁੱਧ ਸਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਮੁਸਲਮਾਨ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਜਦਕਿ ਕਾਨੂੰਨ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਸਭਿਆਚਾਰਕ ਕਦਰਾਂ ਕੀਮਤਾਂ ਅਤੇ ਜਨਤਕ ਥਾਵਾਂ ’ਤੇ ਸੁਰੱਖਿਆ ਵਾਸਤੇ ਇਹ ਲਾਜ਼ਮੀ ਹੈ। ਲਿਊਸਰਨ ਯੂਨੀਵਰਸਿਟੀ ਵੱਲੋਂ 2021 ਵਿਚ ਕਰਵਾਏ ਸਰਵੇਖਣ ਮੁਤਾਬਕ ਸਵਿਟਜ਼ਰਲੈਂਡ ਵਿਚ ਸਿਰਫ 30 ਔਰਤਾਂ ਬੁਰਕਾ ਪਾਉਂਦੀਆਂ ਸਨ।
ਉਲੰਘਣਾ ਕਰਨ ਵਾਲੀਆਂ ਔਰਤਾਂ ਨੂੰ ਹੋਵੇਗਾ ਇਕ ਹਜ਼ਾਰ ਸਵਿਸ ਫਰੈਂਕ ਜੁਰਮਾਨਾ
2021 ਵਿਚ ਮੁਲਕ ਦੇ 86 ਲੱਖ ਦੀ ਆਬਾਦੀ ਵਿਚੋਂ 5 ਫੀ ਸਦੀ ਮੁਸਲਮਾਨ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਤੁਰਕੀ, ਬੋਸਨੀਆ ਅਤੇ ਕੋਸੋਵੋ ਨਾਲ ਸਬੰਧਤ ਹਨ। ਦੱਸ ਦੇਈਏ ਕਿ ਜਿਥੇ ਯੂਰਪੀ ਮੁਲਕਾਂ ਵਿਚ ਬੁਰਕਾ ਪਹਿਨਣ ’ਤੇ ਪਾਬੰਦੀ ਲਾਈ ਜਾ ਰਹੀ ਹੈ, ਉਥੇ ਹੀ ਈਰਾਨ ਵਰਗੇ ਮੁਲਕਾਂ ਵਿਚ ਬੁਰਕਾ ਨਾ ਪਹਿਨਣ ਵਾਲੀਆਂ ਨੂੰ ਔਰਤਾਂ ਨੂੰ ਸਖ਼ਤ ਸਜ਼ਾਵਾਂ ਦਿਤੀਆਂ ਜਾ ਰਹੀਆਂ ਹਨ।