ਲਹਿੰਦੇ ਪੰਜਾਬ ’ਚ ਛੇ ਦਿਨ ਬੰਦ ਰਹੇਗਾ ਸੋਸ਼ਲ ਮੀਡੀਆ
ਪਾਕਿਸਤਾਨ ਵਿਚ ਲਹਿੰਦੇ ਪੰਜਾਬ ਦੀ ਸਰਕਾਰ ਵੱਲੋਂ ਛੇ ਦਿਨ 13 ਜੁਲਾਈ ਤੋਂ 18 ਜੁਲਾਈ ਤੱਕ ਸੋਸ਼ਲ ਮੀਡੀਆ ਪਲੇਟਫਾਰਮ ਯੂ ਟਿਊਬ, ਵਾਟਸਐਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਟਿਕਟਾਕ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਏ ਤਾਂ ਜੋ ਮੁਹੱਰਮ ਮਹੀਨੇ ਦੌਰਾਨ ਕੋਈ ਸੋਸ਼ਲ ਮੀਡੀਆ ’ਤੇ ਨਫ਼ਰਤ ਭਰੀ ਸਮੱਗਰੀ ਨਾ ਫੈਲਾਅ ਸਕੇ।
By : Makhan shah
ਲਾਹੌਰ : ਪਾਕਿਸਤਾਨ ਵਿਚ ਲਹਿੰਦੇ ਪੰਜਾਬ ਦੀ ਸਰਕਾਰ ਵੱਲੋਂ ਛੇ ਦਿਨ 13 ਜੁਲਾਈ ਤੋਂ 18 ਜੁਲਾਈ ਤੱਕ ਸੋਸ਼ਲ ਮੀਡੀਆ ਪਲੇਟਫਾਰਮ ਯੂ ਟਿਊਬ, ਵਾਟਸਐਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਟਿਕਟਾਕ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਏ ਤਾਂ ਜੋ ਮੁਹੱਰਮ ਮਹੀਨੇ ਦੌਰਾਨ ਕੋਈ ਸੋਸ਼ਲ ਮੀਡੀਆ ’ਤੇ ਨਫ਼ਰਤ ਭਰੀ ਸਮੱਗਰੀ ਨਾ ਫੈਲਾਅ ਸਕੇ। ਇਹ ਨੋਟੀਫਿਕੇਸ਼ਨ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਸਰਕਾਰ ਵੱਲੋਂ ਜਾਰੀ ਕੀਤਾ ਗਿਆ।
ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਇਸਲਾਮੀ ਮਹੀਨੇ ਮੁਹੱਰਮ ਦੌਰਾਨ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮਾਂ ’ਤੇ 13 ਤੋਂ ਲੈ ਕੇ 18 ਜੁਲਾਈ ਤੱਕ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਏ। ਮਰੀਅਮ ਨਵਾਜ਼ ਦੀ ਸਰਕਾਰ ਵੱਲੋਂ ਦੇਰ ਰਾਤ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਮਰੀਅਮ ਸਰਕਾਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਜੋ ਮਰੀਅਮ ਨਵਾਜ਼ ਦੇ ਚਾਚਾ ਵੀ ਹਨ, ਨੂੰ ਬੇਨਤੀ ਕੀਤੀ ਐ ਕਿ ਕੇਂਦਰ ਸਰਕਾਰ 13 ਤੋਂ 18 ਜੁਲਾਈ ਤੱਕ ਛੇ ਦਿਨਾਂ ਲਈ ਇੰਟਰਨੈੱਟ ’ਤੇ ਸਾਰੇ ਸੋਸ਼ਲ ਮੀਡੀਆ ਮੰਚਾਂ ’ਤੇ ਪਾਬੰਦੀ ਲਗਾਉਣ ਦਾ ਨੋਟੀਫਿਕੇਸ਼ਨ ਜਾਰੀ ਕਰਨ।
ਇਕ ਮੀਡੀਆ ਰਿਪੋਰਟ ਮੁਤਾਬਕ ਪੰਜਾਬ ਸਰਕਾਰ ਨੇ ‘ਯੌਮ ਏ ਅਸ਼ੂਰਾ’ ਦੇ ਦੌਰਾਨ ਪਹਿਲਾਂ ਆਮ ਤੌਰ ’ਤੇ ਮੋਬਾਇਲਾਂ ’ਤੇ ਇੰਟਰਨੈੱਟ ਬੰਦ ਕੀਤੇ ਜਾਂਦੇ ਸੀ ਪਰ ਹੁਣ ਮਰੀਅਮ ਸਰਕਾਰ ਨੇ ਦੋ ਕਦਮ ਅੱਗੇ ਵਧਦਿਆਂ ਕਈ ਸੋਸ਼ਲ ਮੀਡੀਆ ’ਤੇ ਮੰਚਾਂ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਏ।
ਦਰਅਸਲ ਮਰੀਅਮ ਸਰਕਾਰ ਨੂੰ ਗੁਪਤ ਸੂਚਨਾ ਮਿਲੀ ਐ ਕਿ ਸਰਹੱਦ ਪਾਰ ਤੋਂ ਕੁੱਝ ਬਾਹਰੀ ਤਾਕਤਾਂ ਮੁਹੱਰਮ ਦੌਰਾਨ ਨਫ਼ਰਤ ਭਰੀ ਸਮੱਗਰੀ ਫੈਲਾਉਣ ਦੀ ਤਿਆਰੀ ਕਰ ਰਹੀਆਂ ਨੇ, ਜਿਸ ਦੇ ਚਲਦਿਆਂ ਪਹਿਲਾਂ ਸਰਕਾਰ ਨੇ 9ਵੀਂ ਅਤੇ 10ਵੀਂ ਤਰੀਕ ਨੂੰ ਸੋਸ਼ਲ ਮੀਡੀਆ ਬੰਦ ਕਰਨ ਦਾ ਵਿਚਾਰ ਕੀਤਾ ਸੀ ਪਰ ਜਦੋਂ ਇਸ ਮਸਲੇ ’ਤੇ ਮੀਟਿੰਗ ਕੀਤੀ ਗਈ ਤਾਂ ਇਸ ਪਾਬੰਦੀ ਨੂੰ ਵਧਾਉਣ ਦਾ ਵਿਚਾਰ ਸਾਹਮਣੇ ਆਇਆ। ਇਸ ਸਬੰਧੀ ਕੈਬਨਿਟ ਮੰਤਰੀ ਸੱਯਦ ਆਸ਼ਿਕ ਹੁਸੈਨ ਕਿਰਸਾਨੀ ਨੇ ਦੱਸਿਆ ਕਿ ਕੈਬਨਿਟ ਕਮੇਟੀ ਵੱਲੋਂ ਇਹ ਸੁਝਾਅ ਪਾਸ ਕੀਤਾ ਗਿਆ ਏ ਕਿਉਂਕਿ ਮੁਹੱਰਮ ਦੌਰਾਨ ਸੋਸ਼ਲ ਮੀਡੀਆ ’ਤੇ ਨਫ਼ਰਤ ਭਰੀ ਸਮੱਗਰੀ ਕਈ ਗੁਣਾ ਵਧ ਜਾਂਦੀ ਐ, ਜਿਸ ਨਾਲ ਮਾਹੌਲ ਖ਼ਰਾਬ ਹੋਣ ਦਾ ਡਰ ਬਣਿਆ ਰਹਿੰਦਾ ਏ।
ਉਧਰ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸ਼ਾਕ ਡਾਰ ਨੇ ਵੀ ਹਾਲ ਹੀ ਵਿਚ ਸੋਸ਼ਲ ਮੀਡੀਆ ’ਤੇ ਪੂਰਨ ਪਾਬੰਦੀ ਲਗਾਉਣ ਦੀ ਗੱਲ ਆਖੀ ਸੀ। ਪਾਕਿਸਤਾਨ ਦੀਆਂ ਆਮ ਚੋਣਾਂ ਦੇ ਨਤੀਜਿਆਂ ਦੌਰਾਨ ਬਦਲਾਅ ਕਰਨ ਦੇ ਦੋਸ਼ਾਂ ਤੋਂ ਬਾਅਦ ਸ਼ਾਹਬਾਜ਼ ਸ਼ਰੀਫ਼ ਦੀ ਸਰਕਾਰ ਨੇ ਪਿਛਲੀ ਫਰਵਰੀ ਵਿਚ ਸੋਸ਼ਲ ਮੀਡੀਆ ਮੰਚ ਐਕਸ ਨੂੰ ਬੰਦ ਕਰ ਦਿੱਤਾ ਸੀ। ਵਿਰੋਧੀ ਪਾਰਟੀਆਂ ਦਾ ਕਹਿਣਾ ਏ ਕਿ ਇਹ ਸਭ ਕੁੱਝ ਤਹਿਰੀਕ ਏ ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੂੰ ਜੇਲ੍ਹ ਤੋਂ ਬਾਹਰ ਆਉਣ ਤੋਂ ਰੋਕਣ ਲਈ ਫ਼ੌਜੀ ਵਿੰਗ ਦੇ ਆਦੇਸ਼ ’ਤੇ ਅਜਿਹਾ ਕੀਤਾ ਗਿਆ ਸੀ।