ਉਡਦੇ ਜਹਾਜ਼ ਦੇ ਖੰਭ ਵਿਚ ਫਸਿਆ ਸਕਾਈਡਾਈਵਰ
ਆਸਟ੍ਰੇਲੀਆ ਵਿਚ 15 ਹਜ਼ਾਰ ਫੁੱਟ ਦੀ ਉਚਾਈ ਇਕ ਸਕਾਈਡਾਈਵਰ ਦਾ ਐਮਰਜੰਸੀ ਪੈਰਾਸ਼ੂਟ ਅਚਾਨਕ ਖੁੱਲ੍ਹ ਕੇ ਜਹਾਜ਼ ਦੇ ਖੰਭ ਵਿਚ ਫਸ ਗਿਆ

By : Upjit Singh
ਬ੍ਰਿਸਬੇਨ : ਆਸਟ੍ਰੇਲੀਆ ਵਿਚ 15 ਹਜ਼ਾਰ ਫੁੱਟ ਦੀ ਉਚਾਈ ਇਕ ਸਕਾਈਡਾਈਵਰ ਦਾ ਐਮਰਜੰਸੀ ਪੈਰਾਸ਼ੂਟ ਅਚਾਨਕ ਖੁੱਲ੍ਹ ਕੇ ਜਹਾਜ਼ ਦੇ ਖੰਭ ਵਿਚ ਫਸ ਗਿਆ ਅਤੇ ਸਕਾਈਡਾਈਵਰ ਹਵਾ ਵਿਚ ਲਟਕਦਾ ਨਜ਼ਰ ਆਇਆ ਪਰ ਹਿੰਮਤ ਨਾਲ ਛੱੜੀ ਅਤੇ ਪੈਰਾਸ਼ੂਟ ਦੀਆਂ ਸਾਰੀਆਂ 11 ਰੱਸੀਆਂ ਵੱਢ ਕੇ ਖੁਦ ਨੂੰ ਆਜ਼ਾਦ ਕਰਵਾਇਆ ਅਤੇ ਮੁੱਖ ਪੈਰਾਸ਼ੂਟ ਨਾਲ ਧਰਤੀ ’ਤੇ ਉਤਰਨ ਵਿਚ ਸਫ਼ਲ ਰਿਹਾ। ਟ੍ਰਾਂਸਪੋਰਟ ਸੇਫ਼ਟੀ ਏਜੰਸੀ ਦੀ ਰਿਪੋਰਟ ਵਿਚ ਸਕਾਈਡਾਈਵਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਸਿਰਫ਼ ਪੀ-1 ਕਹਿ ਕੇ ਸੱਦਿਆ ਗਿਆ। ਰਿਪੋਰਟ ਮੁਤਾਬਕ ਹੁਕ ਨਾਈਫ਼ ਦੀ ਮਦਦ ਨਾਲ ਪੀ-1 ਨੇ ਆਪਣੀ ਜਾਨ ਬਚਾਈ ਅਤੇ ਮਾਮੂਲੀ ਸੱਟਾਂ ਨਾਲ ਧਰਤੀ ’ਤੇ ਲੈਂਡ ਕਰ ਗਿਆ। ਇਥੇ ਦਸਣਾ ਬਣਦਾ ਹੈ ਕਿ ਘਟਨਾ ਵਾਲੇ ਦਿਨ ਕੁਲ 16 ਜਣਿਆਂ ਨੇ 15 ਹਜ਼ਾਰ ਫੁੱਟ ਦੀ ਉਚਾਈ ’ਤੇ ਉਡਦੇ ਜਹਾਜ਼ ਵਿਚੋਂ ਛਾਲ ਮਾਰਨੀ ਸੀ ਅਤੇ ਫਿਰ ਇਕ ਦੂਜੇ ਦੇ ਹੱਥ ਫੜਦਿਆਂ ਅਸਮਾਨ ਵਿਚ ਕਰਤਬ ਕਰਨੇ ਸਨ। ਪੂਰੇ ਪ੍ਰੋਗਰਾਮ ਨੂੰ ਸ਼ੂਟ ਕਰਨ ਲਈ ਪੈਰਾਸ਼ੂਟਿੰਗ ਕੈਮਰਾ ਅਪ੍ਰੇਟਰ ਪਹਿਲਾਂ ਹੀ ਮੌਜੂਦ ਸੀ ਜਿਸ ਵੱਲੋਂ ਘਟਨਾ ਦੀ ਵੀਡੀਓ ਰਿਕਾਰਡ ਕੀਤੀ ਗਈ।
15 ਹਜ਼ਾਰ ਫੁੱਟ ਦੀ ਉਚਾਈ ’ਤੇ ਨਜ਼ਰ ਆਈ ਮੌ.ਤ
ਕੁਈਨਜ਼ਲੈਂਡ ਸੂਬੇ ਵਿਚ ਵਾਪਰੀ ਘਟਨਾ ਦੌਰਾਨ ਜਹਾਜ਼ ਵਿਚ ਸਵਾਰ ਕੋਈ ਵੀ ਸਕਾਈਡਾਈਵਰ ਖੰਭ ਵਿਚ ਫਸੇ ਆਪਣੇ ਸਾਥੀ ਦੀ ਮਦਦ ਨਹੀਂ ਸੀ ਕਰ ਸਕਦਾ ਪਰ ਉਸ ਨੇ ਹੌਸਲੇ ਅਤੇ ਸਬਰ ਨਾਲ ਕੰਮ ਲਿਆ। ਦੂਜੇ ਪਾਸੇ ਜਹਾਜ਼ ਕਰੈਸ਼ ਹੋਣ ਦਾ ਖ਼ਤਰਾ ਵੀ ਪੈਦਾ ਹੋਇਆ ਕਿਉਂਕਿ ਉਸ ਦੀ ਰਫ਼ਤਾਰ ਘਟ ਚੁੱਕੀ ਸੀ ਪਰ ਜਿਉਂ ਪਾਇਲਟ ਨੂੰ ਸਕਾਈਡਾਈਵਰ ਦੇ ਫਸਣ ਬਾਰੇ ਪਤਾ ਲੱਗਾ ਤਾਂ ਉਸ ਨੇ ਇੰਜਣ ਦੀ ਪਾਵਰ ਹੋਰ ਘਟਾ ਦਿਤੀ। ਪਾਇਲਟ ਵੱਲੋਂ ਰੇਡੀਓ ’ਤੇ ਐਲਾਨ ਕਰ ਦਿਤਾ ਕਿ ਜੇ ਹਾਲਾਤ ਵਿਗੜੇ ਤਾਂਉਹ ਵੀ ਪੈਰਾਸ਼ੂਟ ਨਾਲ ਛਾਲ ਮਾਰਨ ਵਾਸਤੇ ਤਿਆਰ ਬਰ ਤਿਆਰ ਹੈ। ਦੂਜੇ ਪਾਸੇ ਜਹਾਜ਼ ਵਿਚ ਮੌਜੂਦ ਬਾਕੀ ਸਕਾਈਡਾਈਵਰਜ਼ ਨੂੰ ਪਹਿਲਾਂ ਛਾਲਾਂ ਮਾਰਨ ਵਾਸਤੇ ਆਖਿਆ ਗਿਆ ਤਾਂਕਿ ਜਾਨੀ ਨੁਕਸਾਨ ਬਚਾਇਆ ਜਾ ਸਕੇ।
ਹੌਸਲੇ ਅਤੇ ਸਬਰ ਨਾਲ ਸੁਰੱਖਿਅਤ ਧਰਤੀ ’ਤੇ ਪੁੱਜਾ
ਖੰਭ ਵਿਚ ਫਸੇ ਸਕਾਈਡਾਈਵਰ ਨੂੰ ਰੱਸੀਆਂ ਵੱਢਣ ਵਿਚ ਤਕਰੀਬਨ ਇਕ ਮਿੰਟ ਦਾ ਸਮਾਂ ਲੱਗਾ। ਦੁਨਂਆਂ ਦੇ ਪ੍ਰਸਿੱਧ ਸਕਾਈਡਾਈਵਰ ਡੈਨ ਬੌਡਸਕੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਬਾਰੇ ਸੁਣਿਆ ਤਾਂ ਜ਼ਰੂਰ ਸੀ ਪਰ ਕਦੇ ਅੱਖੀਂ ਨਹੀਂ ਸੀ ਦੇਖਿਆ। ਰਿਜ਼ਰਵ ਪੈਰਾਸ਼ੂਟ ਨੂੰ ਕਿਸੇ ਸਿਸਟਮ ਨਾਲ ਸਰੀਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਜਿਸ ਦੇ ਮੱਦੇਨਜ਼ਰ ਰੱਸੀਆਂ ਨੂੰ ਵੱਢਣਾ ਹੀ ਇਕੋ ਇਕ ਰਾਹ ਬਾਕੀ ਬਚਿਆ।


