Begin typing your search above and press return to search.

America ਦੇ airports ’ਤੇ ਹਾਲਾਤ ਬੇਕਾਬੂ

ਅਮਰੀਕਾ ਦੇ ਹਵਾਈ ਅੱਡਿਆਂ ’ਤੇ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ ਅਤੇ ਰੋਜ਼ਾਨਾ ਸੈਂਕੜੇ ਫਲਾਈਟਸ ਸਮੇਂ ਤੋਂ ਪੱਛੜਨ ਕਰ ਕੇ ਮੁਸਾਫ਼ਰਾਂ ਸਣੇ ਏਅਰਲਾਈਨਜ਼ ਦੇ ਪ੍ਰਬੰਧਕਾਂ ਦਾ ਗੁੱਸਾ ਵੀ ਸੱਤਵੇਂ ਅਸਮਾਨ ’ਤੇ ਪੁੱਜ ਗਿਆ ਹੈ

America ਦੇ airports ’ਤੇ ਹਾਲਾਤ ਬੇਕਾਬੂ
X

Upjit SinghBy : Upjit Singh

  |  20 March 2026 6:03 PM IST

  • whatsapp
  • Telegram

ਐਟਲਾਂਟਾ : ਅਮਰੀਕਾ ਦੇ ਹਵਾਈ ਅੱਡਿਆਂ ’ਤੇ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ ਅਤੇ ਰੋਜ਼ਾਨਾ ਸੈਂਕੜੇ ਫਲਾਈਟਸ ਸਮੇਂ ਤੋਂ ਪੱਛੜਨ ਕਰ ਕੇ ਮੁਸਾਫ਼ਰਾਂ ਸਣੇ ਏਅਰਲਾਈਨਜ਼ ਦੇ ਪ੍ਰਬੰਧਕਾਂ ਦਾ ਗੁੱਸਾ ਵੀ ਸੱਤਵੇਂ ਅਸਮਾਨ ’ਤੇ ਪੁੱਜ ਗਿਆ ਹੈ। ਮਸਲੇ ਦਾ ਜਲਦ ਕੋਈ ਹੱਲ ਨਾ ਨਿਕਲਿਆ ਤਾਂ ਛੋਟੇ ਹਵਾਈ ਅੱਡੇ ਬੰਦ ਕਰਨ ਦੀ ਨੌਬਤ ਆ ਸਕਦੀ ਹੈ। ਜੀ ਹਾਂ, ਡੀ.ਐਚ.ਐਸ. ਵਿਚ ਸ਼ਟਡਾਊਨ ਕਰ ਕੇ ਤਨਖਾਹਾਂ ਨਹੀਂ ਮਿਲ ਰਹੀਆਂ ਅਤੇ ਕੁਝ ਟ੍ਰਾਂਸਪੋਰਟ ਸਕਿਉਰਿਟੀ ਏਜੰਟ ਖ਼ੂਨ ਵੇਚ ਕੇ ਗੁਜ਼ਾਰਾ ਚਲਾਉਣ ਲਈ ਮਜਬੂਰ ਹਨ ਜਦਕਿ ਸੈਂਕੜੇ ਨੌਕਰੀ ਛੱਡ ਗਏ ਅਤੇ ਵੱਡੀ ਗਿਣਤੀ ਵਿਚ ਡਿਊਟੀ ਤੋਂ ਗੈਰਹਾਜ਼ਰ ਹੋ ਚੁੱਕੇ ਹਨ। ਦੂਜੇ ਪਾਸੇ ਟ੍ਰਾਂਸਪੋਰਟ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੇ ਕਾਰਜਕਾਰੀ ਉਪ ਮੁਖੀ ਐਡਮ ਸਟਾਹਲ ਦਾ ਕਹਿਣਾ ਹੈ ਕਿ ਹਾਲਾਤ ਸੁਧਰਨ ਤੋਂ ਪਹਿਲਾਂ ਹੋਰ ਬਦਤਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਸੈਂਕੜੇ ਫਲਾਈਟਸ ਰੋਜ਼ਾਨਾ ਦੇਰ ਨਾਲ ਹੋ ਰਹੀਆਂ ਰਵਾਨਾ

ਫਲਾਈਟ ਅਵੇਅਰ ਦੇ ਅੰਕੜਿਆਂ ਮੁਤਾਬਕ ਸ਼ੁੱਕਰਵਾਰ ਦਾ ਦਿਨ ਚੜ੍ਹਦਿਆਂ 400 ਫਲਾਈਟਸ ਆਪਣੇ ਤੈਅ ਸਮੇਂ ਤੋਂ ਪੱਛੜ ਚੁੱਕੀਆਂ ਸਨ। ਇਸੇ ਦੌਰਾਨ ਡੈਲਟਾ ਏਅਰਲਾਈਨਜ਼ ਦੇ ਮੁੱਖ ਕਾਰਜਕਾਰੀ ਅਫ਼ਸਰ ਐਡ ਬੈਸਟੀਅਨ ਨੇ ਕਿਹਾ ਕਿ ਸੁਰੱਖਿਆ ਏਜੰਟਾਂ ਨਾਲ ਹੋ ਰਿਹਾ ਵਰਤਾਉ ਵੀ ਮੁਆਫ਼ੀਯੋਗ ਨਹੀਂ ਜਿਨ੍ਹਾਂ ਤੋਂ ਬਗੈਰ ਫ਼ਲਾਈਟਸ ਦਾ ਰਵਾਨਾ ਹੋਣਾ ਨਾਮੁਮਕਿਨ ਹੈ। ਉਨ੍ਹਾਂ ਸਵਾਲ ਉਠਾਇਆ ਕਿ ਆਖਰ ਕਦੋਂ ਤੱਕ ਸੁਰੱਖਿਆ ਏਜੰਟਾਂ ਨੂੰ ਸਿਆਸੀ ਖੇਡ ਦਾ ਮੋਹਰਾ ਬਣਾਇਆ ਜਾਵੇਗਾ। ਦੱਸ ਦੇਈਏ ਕਿ 1 ਮਾਰਚ 30 ਅਪ੍ਰੈਲ ਦਰਮਿਆਨ ਅਮਰੀਕਾ ਦੇ ਹਵਾਈ ਅੱਡਿਆਂ ਤੋਂ 171 ਮਿਲੀਅਨ ਮੁਸਾਫ਼ਰ ਲੰਘਣਗੇ ਅਤੇ ਇਹ ਅੰਕੜਾ ਪਿਛਲੇ ਵਰ੍ਹੇ ਦੇ ਮੁਕਾਬਲੇ 4 ਫ਼ੀ ਸਦੀ ਵੱਧ ਬਣਦਾ ਹੈ ਪਰ ਹਵਾਈ ਸਫ਼ਰ ਨੂੰ ਸਿਆਸੀ ਫੁੱਟਬਾਲ ਬਣਾ ਦਿਤਾ ਗਿਆ ਹੈ ਜਿਸ ਨੂੰ ਕਦੇ ਕੋਈ ਠੁੱਡਾ ਮਾਰਦਾ ਹੈ ਅਤੇ ਕਦੇ ਕੋਈ। ਕੁਝ ਏਅਰਲਾਈਨਜ਼ ਨੇ ਇਥੋਂ ਤੱਕ ਆਖ ਦਿਤਾ ਕਿ ਹਵਾਈ ਅੱਡਿਆਂ ਦੇ ਹਾਲਾਤ ਵੇਖ ਕੇ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਅਮਰੀਕਾ ਵਿਚ ਜੰਗ ਲੱਗੀ ਹੋਵੇ। ਐਡਮ ਸਟਾਹਲ ਨੂੰ ਜਦੋਂ ਪੁੱਛਿਆ ਗਿਆ ਕਿ ਕੁਲ ਕਿੰਨੇ ਹਵਾਈ ਅੱਡਿਆਂ ’ਤੇ ਮੁਸਾਫ਼ਰਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਤਾਂ ਸਿੱਧਾ ਜਵਾਬ ਦੇਣ ਦੀ ਬਜਾਏ ਉਨ੍ਹਾਂ ਕਿਹਾ ਕਿ ਹਰ ਹਵਾਈ ਅੱਡੇ ’ਤੇ ਵੱਖੋ-ਵੱਖਰੇ ਹਾਲਾਤ ਦੇਖੇ ਜਾ ਸਕਦੇ ਹਨ।

ਛੋਟੇ ਹਵਾਈ ਅੱਡੇ ਬੰਦ ਹੋਣ ਦੀ ਆਈ ਨੌਬਤ

ਉਧਰ, ਐਵੀਏਸ਼ਨ ਮਾਹਰਾਂ ਨੇ ਕਿਹਾ ਕਿ ਕੁਝ ਹਵਾਈ ਅੱਡਿਆਂ ’ਤੇ ਮੁਸਾਫ਼ਰ ਬੰਦੀ ਬਣੇ ਮਹਿਸੂਸ ਹੋਏ ਜਿਨ੍ਹਾਂ ਨੂੰ ਸੁਰੱਖਿਆ ਪੜਤਾਲ ਕਰਵਾਉਣ ਵਿਚ ਘੰਟਿਆਂਬੱਧੀ ਉਡੀਕ ਕਰਨੀ ਪੈ ਰਹੀ ਹੈ। ਤਾਜ਼ਾ ਰਿਪੋਰਟ ਮੁਤਾਬਕ ਟੈਕਸਸ ਦੇ ਹਿਊਸਟਨ ਏਅਰਪੋਰਟ ’ਤੇ ਟ੍ਰਾਂਸਪੋਰਟ ਸਕਿਉਰਿਟੀ ਏਜੰਟਸ ਦੀ ਗਿਣਤੀ ਅੱਧੀ ਨਜ਼ਰ ਆ ਰਹੀ ਹੈ ਜਦਕਿ ਨਿਊ ਓਰਲੀਨਜ਼ ਅਤੇ ਐਟਲਾਂਟਾ ਵਿਖੇ ਅੰਕੜਾ 30 ਫ਼ੀ ਸਦੀ ਤੋਂ ਵੱਧ ਗੈਰਹਾਜ਼ਰ ਚੱਲ ਰਹੇ ਹਨ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਬੁੱਧਵਾਰ ਨੂੰ ਪੂਰੇ ਅਮਰੀਕਾ ਵਿਚ ਗੈਰਹਾਜ਼ਰ ਰਹਿਣ ਵਾਲੇ ਸੁਰੱਖਿਆ ਏਜੰਟਾਂ ਦੀ ਗਿਣਤੀ 10 ਫ਼ੀ ਸਦੀ ਦਰਜ ਕੀਤੀ ਗਈ। ਦੱਸ ਦੇਈਏ ਕਿ ਡੈਮੋਕ੍ਰੈਟਿਕ ਪਾਰਟੀ ਆਪਣੀਆਂ ਮੰਗਾਂ ’ਤੇ ਅੜੀ ਹੋਈ ਹੈ ਜਦਕਿ ਸੱਤਾਧਾਰੀ ਧਿਰ ਝੁਕਣ ਨੂੰ ਤਿਆਰ ਨਹੀਂ। ਸੈਨੇਟ ਵਿਚ ਬਹੁਮਤ ਵਾਲੀ ਰਿਪਬਲਿਕਨ ਪਾਰਟੀ ਦੇ ਆਗੂ ਜੌਹਨ ਟੂਨ ਨੇ ਵੀਰਵਾਰ ਨੂੰ ਕਿਹਾ ਕਿ ਡੀ.ਐਚ.ਐਸ. ਦਾ ਖਰਚਾ ਬਿਲ ਜਲਦ ਪਾਸ ਨਹੀਂ ਹੁੰਦਾ ਤਾਂ ਉਹ ਸੈਨੇਟ ਦੀਆਂ ਛੁੱਟੀਆਂ ਰੱਦ ਕਰ ਦੇਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਾਈਟ ਹਾਊਸ ਵੱਲੋਂ ਇੰਮੀਗ੍ਰੇਸ਼ਨ ਐਨਫ਼ੋਰਸਮੈਂਟ ਬਾਰੇ ਨਵੀਂ ਰਣਨੀਤੀ ਪੇਸ਼ ਕੀਤੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਸ਼ਟਡਾਊਨ ਖ਼ਤਮ ਕਰਨ ਦਾ ਕੋਈ ਵਿਚਕਾਰਲਾ ਰਾਹ ਕੱਢਿਆ ਜਾ ਸਕਦਾ ਹੈ।

Next Story
ਤਾਜ਼ਾ ਖਬਰਾਂ
Share it