ਅਮਰੀਕਾ ਵਿਚ ਸਿੱਖਾਂ ਨੂੰ ਮਿਲੀ ਵੱਡੀ ਜਿੱਤ
ਅਮਰੀਕਾ ਵਿਚ ਸਿੱਖਾਂ ਨੂੰ ਵੱਡੀ ਜਿੱਤ ਹਾਸਲ ਹੋਈ ਜਦੋਂ ਵਿਦੇਸ਼ੀ ਦਖਲ ਵਰਗੀ ਗੰਭੀਰ ਸਮੱਸਿਆ ਨਾਲ ਨਜਿੱਠਣ ਦੇ ਮਕਸਦ ਤਹਿਤ ਕੈਲੇਫੋਰਨੀਆ ਅਸੈਂਬਲੀ ਵਿਚ ਪੇਸ਼ ਬਿਲ ਐਸ.ਬੀ. 509 ਪਾਸ ਹੋ ਗਿਆ

By : Upjit Singh
ਸੈਕਰਾਮੈਂਟੋ : ਅਮਰੀਕਾ ਵਿਚ ਸਿੱਖਾਂ ਨੂੰ ਵੱਡੀ ਜਿੱਤ ਹਾਸਲ ਹੋਈ ਜਦੋਂ ਵਿਦੇਸ਼ੀ ਦਖਲ ਵਰਗੀ ਗੰਭੀਰ ਸਮੱਸਿਆ ਨਾਲ ਨਜਿੱਠਣ ਦੇ ਮਕਸਦ ਤਹਿਤ ਕੈਲੇਫੋਰਨੀਆ ਅਸੈਂਬਲੀ ਵਿਚ ਪੇਸ਼ ਬਿਲ ਐਸ.ਬੀ. 509 ਪਾਸ ਹੋ ਗਿਆ। ਸੂਬਾ ਸੈਨੇਟ ਮੈਂਬਰ ਐਨਾ ਕੈਬਾਯੇਰੋ ਵੱਲੋਂ ਲਿਖੇ ਬਿਲ ਨੂੰ ਉਪਰਲੇ ਸਦਨ ਵਿਚ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਹੈ ਅਤੇ ਹੁਣ ਅਸੈਂਬਲੀ ਵਿਚ ਵੀ ਪ੍ਰਵਾਨਗੀ ਦੇ ਦਿਤੀ ਗਈ। ਕੈਲੇਫੋਰਨੀਆ ਅਸੈਂਬਲੀ ਦੀ ਪਹਿਲੀ ਸਿੱਖ ਮੈਂਬਰ ਜਸਮੀਤ ਕੌਰ ਬੈਂਸ ਨੇ ਬਿਲ ਪਾਸ ਹੋਣ ਮਗਰੋਂ ਕਿਹਾ ਕਿ ਬਿਲਕੁਲ ਅਜਿਹਾ ਹੀ ਬਿਲ ਅਮਰੀਕਾ ਦੀ ਸੰਸਦ ਵਿਚ ਵੀ ਪਾਸ ਹੋਣਾ ਚਾਹੀਦਾ ਹੈ ਤਾਂਕਿ ਲੋਕਾਂ ਦੇ ਬੋਲਣ ਦੀ ਆਜ਼ਾਦੀ ਨੂੰ ਵਿਦੇਸ਼ੀ ਤਾਕਤਾਂ ਵੱਲੋਂ ਦਬਾਇਆ ਨਾ ਜਾ ਸਕੇ।
ਕੈਲੇਫੋਰਨੀਆ ਵਿਚ ਬਿਲ ਐਸ.ਬੀ. 509 ਹੋਇਆ ਪਾਸ
ਸੈਨੇਟਰ ਐਨਾ ਕੈਬਾਯੇਰੋ ਕਈ ਮੌਕਿਆਂ ’ਤੇ ਆਖ ਚੁੱਕੇ ਹਨ ਕਿ ਆਪਣੀ ਜਾਨ ਬਚਾ ਕੇ ਜੱਦੀ ਮੁਲਕਾਂ ਤੋਂ ਅਮਰੀਕਾ ਪੁੱਜੇ ਲੋਕਾਂ ਵਿਰੁੱਧ ਕੁਝ ਵਿਦੇਸ਼ੀ ਸਰਕਾਰਾਂ ਹਿੰਸਾ ਦੀ ਵਰਤੋਂ ਕਰ ਰਹੀਆਂ ਹਨ ਪਰ ਕੋਈ ਅਸਰਦਾਰ ਕਾਨੂੰਨ ਨਾ ਹੋਣ ਕਰ ਕੇ ਅਜਿਹੇ ਖਤਰਿਆਂ ਨਾਲ ਨਜਿੱਠਣ ਵਿਚ ਮੁਸ਼ਕਲਾਂ ਆ ਰਹੀਆਂ ਹਨ। ਕੈਬਾਯੇਰੋ ਮੁਤਾਬਕ ਇਹ ਗੰਭੀਰ ਖਤਰੇ ਮਨੁੱਖੀ ਹੱਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੇ ਹਨ। ਹੁਣ ਬਿਲ ਪਾਸ ਹੋਣ ਮਗਰੋਂ ਪ੍ਰਵਾਸੀਆਂ ਨੂੰ ਦਰਪੇਸ਼ ਖਤਰਿਆਂ ਦਾ ਡਟ ਕੇ ਟਾਕਰਾ ਕੀਤਾ ਜਾ ਸਕੇਗਾ। ਕਾਨੂੰਨ ਦੇ ਆਧਾਰ ’ਤੇ ਕੈਲੇਫੋਰਨੀਆ ਦੇ ਪੁਲਿਸ ਵਿਭਾਗ ਮੁਕੰਮਲ ਜਾਣਕਾਰੀ ਇਕੱਤਰ ਕਰਦਿਆਂ ਇਸ ਨੂੰ ਫੈਡਰਲ ਏਜੰਸੀਆਂ ਨਾਲ ਸਾਂਝੀ ਕਰ ਸਕਣਗੇ। ਇਥੇ ਦਸਣਾ ਬਣਦਾ ਹੈ ਕਿ ਸਿੱਖ ਅਮੈਰਿਕਨ ਲੀਗਲ ਡਿਫੈਂਸ ਐਂਡ ਐਜੁਕੇਸ਼ਨ ਫੰਡ ਵਰਗੀਆਂ ਕਈ ਜਥੇਬੰਦੀਆਂ ਬਿਲ ਦੀ ਜ਼ੋਰਦਾਰ ਹਮਾਇਤ ਕਰ ਚੁੱਕੀਆਂ ਹਨ।


