ਅਮਰੀਕਾ ਦੇ ਸਮੁੰਦਰ ਵਿਚ ਡੁੱਬਿਆ ਸਿੱਖ ਫ਼ੌਜੀ
ਅਮਰੀਕਾ ਦੀ ਫੌਜ ਵਿਚ ਬਤੌਰ ਸਪੈਸ਼ਲਿਸਟ ਸੇਵਾਵਾਂ ਨਿਭਾਅ ਰਹੇ 35 ਸਾਲਾ ਅਮਨਪ੍ਰੀਤ ਸਿੰਘ ਥਿੰਦ ਦੀ ਸਮੁੰਦਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਪਰ ਹੁਣ ਤੱਕ ਦੇਹ ਬਰਾਮਦ ਨਹੀਂ ਕੀਤੀ ਜਾ ਸਕੀ

By : Upjit Singh
ਮੌਂਟਰੇ ਕਾਊਂਟੀ : ਅਮਰੀਕਾ ਦੀ ਫੌਜ ਵਿਚ ਬਤੌਰ ਸਪੈਸ਼ਲਿਸਟ ਸੇਵਾਵਾਂ ਨਿਭਾਅ ਰਹੇ 35 ਸਾਲਾ ਅਮਨਪ੍ਰੀਤ ਸਿੰਘ ਥਿੰਦ ਦੀ ਸਮੁੰਦਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਪਰ ਹੁਣ ਤੱਕ ਦੇਹ ਬਰਾਮਦ ਨਹੀਂ ਕੀਤੀ ਜਾ ਸਕੀ। ਮੀਡੀਆ ਰਿਪੋਰਟ ਮੁਤਾਬਕ ਕੈਲੇਫੋਰਨੀਆ ਦੀ ਮੌਂਟਰੇ ਕਾਊਂਟੀ ਵਿਚ ਪੈਂਦੇ ਬਿਗ ਸੁਰ ਇਲਾਕੇ ਵਿਚ ਅਮਨਪ੍ਰੀਤ ਸਿੰਘ ਥਿੰਦ ਆਪਣੇ ਸਾਥੀਆਂ ਨਾਲ ਸਮੁੰਦਰੀ ਕੰਢੇ ’ਤੇ ਮੌਜੂਦ ਸੀ ਜਦੋਂ ਤੇਜ਼ ਛੱਲਾਂ ਤਿੰਨ ਜਣਿਆਂ ਨੂੰ ਰੋੜ੍ਹ ਕੇ ਲੈ ਗਈਆਂ। ਅਮਨਪ੍ਰੀਤ ਨਾਲ ਸਮੁੰਦਰ ਵਿਚ ਰੁੜ੍ਹੇ ਦੋ ਫ਼ੌਜੀ ਬਾਹਰ ਨਿਕਲਣ ਵਿਚ ਸਫ਼ਲ ਰਹੇ ਪਰ ਬਦਕਿਸਮਤੀ ਨਾਲ ਉਹ ਬਾਹਰ ਨਾ ਆ ਸਕਿਆ। ਤਕਰੀਬਨ ਇਕ ਹਫ਼ਤਾ ਪਹਿਲਾਂ ਵਾਪਰੀ ਘਟਨਾ ਮਗਰੋਂ ਰਾਹਤ ਟੀਮਾਂ ਲਗਾਤਾਰ ਅਮਨਪ੍ਰੀਤ ਸਿੰਘ ਦੀ ਭਾਲ ਕਰ ਰਹੀਆਂ ਹਨ ਅਤੇ ਹੁਣ ਤੱਕ ਸਫ਼ਲਤਾ ਨਹੀਂ ਮਿਲ ਸਕੀ।
ਇਕ ਹਫ਼ਤੇ ਬਾਅਦ ਵੀ ਨਹੀਂ ਮਿਲੀ ਅਮਨਪ੍ਰੀਤ ਸਿੰਘ ਦੀ ਦੇਹ
ਟ੍ਰੈਂਟਨ, ਨਿਊ ਜਰਸੀ ਦੇ ਗਗਨ ਥਿੰਦ ਵੱਲੋਂ ਗੋਫੰਡਮੀ ਪੇਜ ਰਾਹੀਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ ਤਾਂਕਿ ਡੂੰਘੇ ਸਮੁੰਦਰ ਵਿਚ ਅਮਨਪ੍ਰੀਤ ਸਿੰਘ ਦੀ ਭਾਲ ਕੀਤੀ ਜਾ ਸਕੇ। ਗਗਨ ਥਿੰਦ ਵੱਲੋਂ ਏਂਜਲ ਰਿਕਵਰੀ ਡਾਈਵ ਟੀਮ, ਮੌਂਟਰੇ ਕਾਊਂਟੀ ਦੇ ਸ਼ੈਰਿਫ਼ ਦਫ਼ਤਰ, ਕੈਲੇਫੋਰਨੀਆ ਫਾਇਰ, ਕੈਲੇਫੋਰਨੀਆ ਸਟੇਟ ਪਾਰਕਸ ਪੁਲਿਸ ਅਤੇ ਹੋਰਨਾਂ ਰਾਹਤ ਟੀਮਾਂ ਦਾ ਸ਼ੁਕਰੀਆ ਅਦਾ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਅਮਨਪ੍ਰੀਤ ਸਿੰਘ ਦੇ ਭਾਲ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ। ਗਗਨ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਪਰਵਾਰ ਡੂੰਘੇ ਸਦਮੇ ਵਿਚ ਹੈ ਅਤੇ ਅਮਨਪ੍ਰੀਤ ਸਿੰਘ ਨੂੰ ਘਰ ਵਾਪਸ ਲਿਆਉਣ ਤੱਕ ਹਰ ਸੰਭਵ ਯਤਨ ਜਾਰੀ ਰੱਖਿਆ ਜਾਵੇਗਾ। ਆਪਣੇ ਪਰਵਾਰ, ਦੋਸਤਾਂ ਅਤੇ ਸਾਥੀ ਫੌਜੀਆਂ ਵਿਚ ਅਮਨਪ੍ਰੀਤ ਸਿੰਘ ਨੂੰ ਵੱਡਾ ਸਤਿਕਾਰ ਹਾਸਲ ਸੀ ਅਤੇ ਉਸ ਦੇ ਲਾਪਤਾ ਹੋਣ ਮਗਰੋਂ ਦਿਲ ਵਿਚ ਡੂੰਘਾ ਦਰਦ ਮਹਿਸੂਸ ਹੋ ਰਿਹਾ ਹੈ। ਦੂਜੇ ਪਾਸੇ ਮੌਂਟਰੇ ਕਾਊਂਟੀ ਸ਼ੈਰਿਫ਼ ਦਫ਼ਤਰ ਦੇ ਬੁਲਾਰੇ ਐਂਡੀ ਰੋਜ਼ਾਜ਼ ਨੇ ਦੱਸਿਆ ਕਿ ਡਰੋਨ ਅਤੇ ਹੈਲੀਕਾਪਟਰ ਟੀਮਾਂ ਸਰਚ ਅਪ੍ਰੇਸ਼ਨ ਵਿਚ ਲਗਾਤਾਰ ਯੋਗਦਾਨ ਪਾ ਰਹੀਆਂ ਹਨ।
ਕੈਲੇਫੋਰਨੀਆ ਦੇ ਸਮੁੰਦਰੀ ਕੰਢੇ ’ਤੇ ਵਾਪਰੀ ਦੁਖਦ ਘਟਨਾ
ਅਮਨਪ੍ਰੀਤ ਸਿੰਘ ਦੇ ਮਾਮਲੇ ਵਿਚ ਅਮਰੀਕਾ ਦੀ ਫੌਜ ਵੱਲੋਂ ਖਾਸ ਪ੍ਰੋਟੋਕੌਲ ਲਾਗੂ ਕਰਦਿਆਂ ਸਰਚ ਅਪ੍ਰੇਸ਼ਨ ਦੀ ਮੁਕੰਮਲ ਜਾਣਕਾਰੀ ਪਰਵਾਰਕ ਮੈਂਬਰਾਂ ਤੱਕ ਪੁੱਜਦੀ ਕਰਨ ਦੇ ਹੁਕਮ ਦਿਤੇ ਗਏ ਹਨ। ਇਯੇ ਦੌਰਾਨ ਕੋਸਟ ਗਾਰਡਜ਼ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਸਮੁੰਦਰੀ ਛੱਲਾਂ ਉਚੀਆਂ ਹੋਣ ਦੌਰਾਨ ਪਾਣੀ ਵੱਲ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਕੋਸਟ ਗਾਰਡਜ਼ ਦੇ ਚੀਫ਼ ਵਾਰੰਟ ਔਫ਼ੀਸਰ ਲੀਓ ਜ਼ਪਾਵਾ ਦਾ ਕਹਿਣਾ ਸੀ ਕਿ ਉਚੀਆਂ ਛੱਲਾਂ ਵਿਚ ਪਾਣੀ ਦਾ ਜ਼ੋਰ ਐਨਾ ਜ਼ਿਆਦਾ ਹੁੰਦਾ ਹੈ ਕਿ ਕੋਈ ਮਨੁੱਖ ਇਨ੍ਹਾਂ ਦਾ ਟਾਕਰਾ ਨਹੀਂ ਕਰ ਸਕਦਾ ਅਤੇ ਇਕ ਵਾਰ ਸਮੁੰਦਰ ਵੱਲ ਰੁੜ੍ਹਨ ਮਗਰੋਂ ਵਾਪਸੀ ਕਰਨ ਬੇਹੱਦ ਮੁਸ਼ਕਲ ਹੋ ਜਾਂਦੀ ਹੈ। ਇਸੇ ਦੌਰਾਨ ਇਲਾਕੇ ਵਿਚ ਸੈਰ ਸਪਾਟਾ ਕਰਨ ਪੁੱਜੇ ਇਕ ਸ਼ਖਸ ਨੇ ਕਿਹਾ ਕਿ ਸਮੁੰਦਰ ਸ਼ਾਂਤ ਹੋਵੇ ਤਾਂ ਡੂੰਘੇ ਪਾਣੀ ਵੱਲ ਜਾਣ ਦਾ ਜ਼ਿਆਦਾ ਖਤਰਾ ਨਹੀਂ ਹੁੰਦਾ ਪਰ ਸੀਅ ਡਾਈਵਿੰਗ ਦੇ ਹਰ ਸ਼ੌਕੀਨ ਨੂੰ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ।


