America ਵਿਚ ਸਿੱਖ ਮੇਅਰ ਨੇ ਸਿਰਜਿਆ ਇਤਿਹਾਸ
ਅਮਰੀਕਾ ਵਿਚ ਸਿੱਖ ਮੇਅਰ ਸਵਰਨਜੀਤ ਸਿੰਘ ਖ਼ਾਲਸਾ ਨੇ ਇਤਿਹਾਸ ਸਿਰਜਦਿਆਂ ਆਪਣੇ ਦਫ਼ਤਰ ਵਿਚ ਨਿਸ਼ਾਨ ਸਾਹਿਬ ਸਥਾਪਤ ਕਰ ਲਿਆ ਹੈ

By : Upjit Singh
ਨੌਰਵਿਚ : ਅਮਰੀਕਾ ਵਿਚ ਸਿੱਖ ਮੇਅਰ ਸਵਰਨਜੀਤ ਸਿੰਘ ਖ਼ਾਲਸਾ ਨੇ ਇਤਿਹਾਸ ਸਿਰਜਦਿਆਂ ਆਪਣੇ ਦਫ਼ਤਰ ਵਿਚ ਨਿਸ਼ਾਨ ਸਾਹਿਬ ਸਥਾਪਤ ਕਰ ਲਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਦੇ ਕਿਸੇ ਸਰਕਾਰੀ ਦਫ਼ਤਰ ਵਿਚ ਸਿੱਖ ਧਰਮ ਨਾਲ ਸਬੰਧਤ ਝੰਡਾ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਸਿੱਖ ਰੋਜ਼ਾਨਾ ਸਿਰ ’ਤੇ ਦਸਤਾਰ ਸਜਾਉਂਦੇ ਹਨ, ਉਸੇ ਤਰ੍ਹਾਂ ਦਫ਼ਤਰ ਵਿਚ ਸਥਾਪਤ ਨਿਸ਼ਾਨਾ ਸਾਹਿਬ ਹਮੇਸ਼ਾ ਕਮਿਊਨਿਟੀ ਦੀ ਸੇਵਾ ਵਿਚ ਜੁਟੇ ਰਹਿਣ ਦੀ ਯਾਦ ਦਿਵਾਉਂਦਾ ਰਹੇਗਾ।
ਸਵਰਨਜੀਤ ਸਿੰਘ ਨੇ ਆਪਣੇ ਦਫ਼ਤਰ ਵਿਚ ਸਥਾਪਤ ਕੀਤਾ ਨਿਸ਼ਾਨ ਸਾਹਿਬ
ਨੌਰਵਿਚ ਸ਼ਹਿਰ ਦੇ ਮੇਅਰ ਨੇ ਅੱਗੇ ਕਿਹਾ ਕਿ ਸਿੱਖ ਧਰਮ ਦਾ ਝੰਡਾ ਉਨ੍ਹਾਂ ਅੰਦਰ ਹਮੇਸ਼ਾ ਸੇਵਾ ਭਾਵਨਾ ਨੂੰ ਬਰਕਰਾਰ ਰੱਖਣ ਵਿਚ ਸਹਾਈ ਸਾਬਤ ਹੋਵੇਗਾ। ਸਿਰਫ਼ ਐਨਾ ਹੀ ਨਹੀਂ ਪੂਰੀ ਦੁਨੀਆਂ ਵਿਚ ਵਸਦੇ ਸਿੱਖ ਅਮਰੀਕਾ ਦੇ ਸਰਕਾਰੀ ਦਫ਼ਤਰ ਵਿਚ ਨਿਸ਼ਾਨਾ ਸਾਹਿਬ ਦੇਖ ਕੇ ਮਾਣ ਮਹਿਸੂਸ ਕਰਨਗੇ। ਬੀਤੀ 2 ਦਸੰਬਰ ਨੂੰ ਮੇਅਰ ਦਾ ਅਹੁਦਾ ਸੰਭਾਲਣ ਵਾਲੇ ਸਵਰਨਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਉਹ ਸ਼ਹਿਰ ਵਿਚ ਨਿਵੇਸ਼ ਦੇ ਮੌਕਿਆਂ ਵਿਚ ਵਾਧਾ ਕਰ ਰਹੇ ਹਨ ਅਤੇ 57 ਮੁਲਕਾਂ ਨਾਲ ਸਬੰਧਤ ਸਭਿਆਚਾਰਕ ਪ੍ਰੋਗਰਾਮ ਉਲੀਕਿਆ ਗਿਆ ਹੈ। ਦੱਸ ਦੇਈਏ ਕਿ ਸਵਰਨਜੀਤ ਸਿੰਘ ਖ਼ਾਲਸਾ ਦੇ ਪਿਤਾ ਪਰਮਿੰਦਰ ਪਾਲ ਸਿੰਘ ਖ਼ਾਲਸਾ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਹਨ।
ਮੁਲਕ ਵਿਚ ਪਹਿਲੀ ਵਾਰ ਕਿਸੇ ਸਰਕਾਰੀ ਦਫ਼ਤਰ ਦੀ ਸ਼ਾਨ ਬਣਿਆ ਸਿੱਖ ਝੰਡਾ
ਸਵਰਨਜੀਤ ਸਿੰਘ ਖ਼ਾਲਸਾ 2007 ਵਿਚ ਸਟੱਡੀ ਵੀਜ਼ਾ ’ਤੇ ਅਮਰੀਕਾ ਪੁੱਜੇ ਅਤੇ ਨਿਊ ਜਰਸੀ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਕੰਪਿਊਟਰ ਸਾਇੰਸ ਵਿਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ। ਇਸ ਮਗਰੋਂ 2010 ਵਿਚ ਉਹ ਨੌਰਵਿਚ ਸ਼ਹਿਰ ਵਿਚ ਵਸ ਗਏ ਅਤੇ ਕੰਸਟ੍ਰਕਸ਼ਨ ਸੈਕਟਰ ਵਿਚ ਕੰਮ ਸ਼ੁਰੂ ਕਰ ਦਿਤਾ। ਅਮਰੀਕਾ ਵਿਚ 9/11 ਦੇ ਹਮਲਿਆਂ ਮਗਰੋਂ ਪਛਾਣ ਦੇ ਭੁਲੇਖੇ ਕਾਰਨ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਮੁੱਦਾ ਸਵਰਨਜੀਤ ਸਿੰਘ ਖ਼ਾਲਸਾ ਨੇ ਜ਼ੋਰਦਾਰ ਤਰੀਕੇ ਨਾਲ ਉਠਾਇਆ ਅਤੇ ਇਸ ਮਗਰੋਂ ਚਰਚਾ ਵਿਚ ਆਏ।


