ਅਮਰੀਕਾ ’ਚ ਇੰਮੀਗ੍ਰੇਸ਼ਨ ਵਾਲਿਆਂ ਨੇ ਗ੍ਰਿਫ਼ਤਾਰ ਕੀਤਾ ਸਿੱਖ ਕਾਰੋਬਾਰੀ
ਪੰਜਾਬ ਤੋਂ ਅਮਰੀਕਾ ਪਰਤੇ ਸਿੱਖ ਕਾਰੋਬਾਰੀ ਨੂੰ ਇੰਮੀਗ੍ਰੇਸ਼ਨ ਵਾਲੇ ਹਵਾਈ ਅੱਡੇ ਤੋਂ ਚੁੱਕ ਕੇ ਲੈ ਗਏ ਅਤੇ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮਾਂ ਨੂੰ ਰੱਦੀ ਵਾਲੀ ਟੋਕਰੀ ਵਿਚ ਸੁੱਟ ਦਿਤਾ ਗਿਆ

By : Upjit Singh
ਨਿਊ ਯਾਰਕ : ਪੰਜਾਬ ਤੋਂ ਅਮਰੀਕਾ ਪਰਤੇ ਸਿੱਖ ਕਾਰੋਬਾਰੀ ਨੂੰ ਇੰਮੀਗ੍ਰੇਸ਼ਨ ਵਾਲੇ ਹਵਾਈ ਅੱਡੇ ਤੋਂ ਚੁੱਕ ਕੇ ਲੈ ਗਏ ਅਤੇ ਅਦਾਲਤ ਵੱਲੋਂ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮਾਂ ਨੂੰ ਰੱਦੀ ਵਾਲੀ ਟੋਕਰੀ ਵਿਚ ਸੁੱਟ ਦਿਤਾ ਗਿਆ ਹੈ। ਜੀ ਹਾਂ, ਗਰੀਨ ਕਾਰਡ ਹੋਲਡਰ ਪਰਮਜੀਤ ਸਿੰਘ ਦਾ ਪਰਵਾਰ ਘਬਰਾਇਆ ਹੋਇਆ ਹੈ ਅਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਕਿਸ ਕੋਲ ਫਰਿਆਦ ਕੀਤੀ ਜਾਵੇ। ਦੱਸ ਦੇਈਏ ਕਿ ਪਰਮਜੀਤ ਸਿੰਘ 30 ਸਾਲ ਤੋਂ ਅਮਰੀਕਾ ਵਿਚ ਰਹਿ ਰਿਹਾ ਹੈ ਅਤੇ ਇੰਡਿਆਨਾ ਸੂਬੇ ਦੇ ਫੋਰਟ ਵੇਨ ਸ਼ਹਿਰ ਵਿਚ ਉਸ ਦੇ ਕਈ ਗੈਸ ਸਟੇਸ਼ਨ ਅਤੇ ਸਟੋਰ ਹਨ। ਬੀਤੀ 30 ਜੁਲਾਈ ਨੂੰ ਪਰਮਜੀਤ ਸਿੰਘ ਇੰਡੀਆ ਤੋਂ ਆਈ ਫਲਾਈਟ ਵਿਚ ਸ਼ਿਕਾਗੋ ਹਵਾਈ ਅੱਡੇ ’ਤੇ ਪੁੱਜਾ ਤਾਂ ਬਾਰਡਰ ਏਜੰਟਾਂ ਨੇ ਕਿਸੇ ਪੁਰਾਣੇ ਮਾਮਲੇ ਵਿਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਦੀ ਉਹ ਸਜ਼ਾ ਵੀ ਭੁਗਤ ਚੁੱਕਾ ਹੈ।
ਗਰੀਨ ਕਾਰਡ ਹੋਲਡਰ ਪਰਮਜੀਤ ਸਿੰਘ ਦਾ ਪਰਵਾਰ ਡੂੰਘੀਆਂ ਚਿੰਤਾਵਾਂ ਵਿਚ
ਨਿਊਜ਼ਵੀਕ ਦੀ ਰਿਪੋਰਟ ਮੁਤਾਬਕ ਪਰਮਜੀਤ ਸਿੰਘ ਦੀ ਇੰਮੀਗ੍ਰੇਸ਼ਨ ਹਿਰਾਸਤ ਕਈ ਦਹਾਕੇ ਪਹਿਲਾਂ ਬਗੈਰ ਅਦਾਇਗੀ ਤੋਂ ਪੇਅ ਫੋਨ ਦੀ ਵਰਤੋਂ ਕੀਤੇ ਜਾਣ ਨਾਲ ਸਬੰਧਤ ਹੈ। ਬ੍ਰੇਨ ਟਿਊਮਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਪਰਮਜੀਤ ਸਿੰਘ ਨੂੰ ਪੰਜ ਦਿਨ ਹਵਾਈ ਅੱਡੇ ’ਤੇ ਹਿਰਾਸਤ ਵਿਚ ਰੱਖਿਆ ਗਿਆ ਪਰ ਇਸੇ ਦੌਰਾਨ ਤਬੀਅਤ ਵਿਗੜਨ ਕਾਰਨ ਹਸਪਤਾਲ ਲਿਜਾਣਾ ਪਿਆ। ਪਰਮਜੀਤ ਸਿੰਘ ਦੇ ਪਰਵਾਰ ਨੂੰ ਉਸ ਦੀ ਗ੍ਰਿਫ਼ਤਾਰੀ ਬਾਰੇ ਉਦੋਂ ਪਤਾ ਲੱਗਾ ਜਦੋਂ ਹਸਪਤਾਲ ਦਾ ਬਿਲ ਮਿਲਿਆ। ਪਰਵਾਰ ਨੇ ਪਰਮਜੀਤ ਸਿੰਘ ਦੀ ਰਿਹਾਈ ਵਾਸਤੇ ਵਕੀਲ ਦੀਆਂ ਸੇਵਾਵਾਂ ਲਈਆਂ ਪਰ ਮਸਲਾ ਹੱਲ ਨਾ ਸਕਿਆ। ਪਰਮਜੀਤ ਦੇ ਵਕੀਲ ਲੂਈਸ ਐਂਜਲਸ ਨੇ ਕਿਹਾ ਕਿ ਇਸ ਤੋਂ ਵੱਧ ਹੌਲਨਾਕ ਕੁਝ ਨਹੀਂ ਹੋ ਸਕਦਾ ਕਿ ਅਦਾਲਤੀ ਹੁਕਮਾਂ ਦੇ ਬਾਵਜੂਦ ਸਬੰਧਤ ਸ਼ਖਸ ਨੂੰ ਰਿਹਾਅ ਨਾ ਕੀਤਾ ਜਾਵੇ। ਉਧਰ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਇਕ ਬੁਲਾਰੇ ਨੇ ਨਿਊਜ਼ਵੀਕ ਨਾਲ ਗੱਲਬਾਤ ਦੌਰਾਨ ਕਿਹਾ ਕਿ ਗਰੀਨ ਕਾਰਡ ਸਿਰਫ਼ ਇਕ ਸਹੂਲਤ ਹੈ, ਕੋਈ ਹੱਕ ਨਹੀਂ ਅਤੇ ਸਾਡੇ ਮੁਲਕ ਦੇ ਕਾਨੂੰਨ ਮੁਤਾਬਕ ਗਰੀਨ ਕਾਰਡ ਰੱਦ ਕੀਤਾ ਜਾ ਸਕਦਾ ਹੈ ਜੇ ਕਾਨੂੰਨ ਤੋੜੇ ਜਾਂਦੇ ਹਨ। ਬੁਲਾਰੇ ਦਾ ਕਹਿਣਾ ਸੀ ਕਿ ਅਤੀਤ ਵਿਚ ਕੀਤੇ ਕਿਸੇ ਅਪਰਾਧ ਲਈ ਪਰਮਾਨੈਂਟ ਰੈਜ਼ੀਡੈਂਟਸ ਨੂੰ ਵੀ ਅਮਰੀਕਾ ਦੇ ਐਂਟਰੀ ਪੋਰਟ ’ਤੇ ਹਿਰਾਸਤ ਵਿਚ ਲਿਆ ਜਾ ਸਕਦਾ ਹੈ। ਇਸੇ ਦੌਰਾਨ ਲੂਈਸ ਐਂਜਲਸ ਨੇ ਦੱਸਿਆ ਕਿ ਫੈਡਰਲ ਕੋਰਟ ਵਿਚ ਅਪੀਲ ਦਾਇਰ ਕਰਦਿਆਂ ਮਾਮਲੇ ਉਤੇ ਤੁਰਤ ਗੌਰ ਕਰਨ ਗੁਜ਼ਾਰਿਸ਼ ਕੀਤੀ ਗਈ ਹੈ।
ਇੰਡਿਆਨਾ ਸੂਬੇ ਵਿਚ ਕਈ ਗੈਸ ਸਟੇਸ਼ਨਾਂ ਦਾ ਮਾਲਕ ਹੈ ਪਰਮਜੀਤ ਸਿੰਘ
ਪਰਮਜੀਤ ਸਿੰਘ ਦੇ ਭਰਾ ਚਰਨਜੀਤ ਸਿੰਘ ਨੇ ਇਕ ਸਥਾਨਕ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਰਵਾਰ ਨੂੰ ਪਰਮਜੀਤ ਸਿੰਘ ਨਾਲ ਗੱਲ ਕਰਨ ਦੀ ਇਜਾਜ਼ਤ ਵੀ ਨਹੀਂ ਦਿਤੀ ਜਾ ਰਹੀ। ਚਰਨਜੀਤ ਸਿੰਘ ਮੁਤਾਬਕ ਇਸ ਵੇਲੇ ਪਰਮਜੀਤ ਸਿੰਘ ਨੂੰ ਕੈਂਟਕੀ ਦੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵਿਚ ਰੱਖਿਆ ਗਿਆ ਹੈ ਅਤੇ ਇੰਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਵਾਲੇ ਪੈਰਾਂ ’ਤੇ ਪਾਣੀ ਨਹੀਂ ਪੈਣ ਦੇ ਰਹੇ। ਕਿਸੇ ਨਾ ਕਿਸੇ ਬਹਾਨੇ ਪਰਮਜੀਤ ਸਿੰਘ ਦੀ ਰਿਹਾਈ ਵਿਚ ਅੜਿੱਕੇ ਡਾਹੇ ਜਾ ਰਹੇ ਹਨ। ਚਰਨਜੀਤ ਸਿੰਘ ਨੇ ਦੋਸ਼ ਲਾਇਆ ਕਿ ਆਈਸ ਵਾਲੇ ਇਹ ਵੀ ਦੱਸਣ ਨੂੰ ਤਿਆਰ ਨਹੀਂ ਕਿ ਆਖਰਕਾਰ ਉਹ ਪਰਮਜੀਤ ਸਿੰਘ ਨਾਲ ਕੀ ਕਰਨਾ ਚਾਹੁੰਦੇ ਹਨ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਹੀ ਕੈਲੇਫੋਰਨੀਆ ਵਿਚ ਇਕ ਬਜ਼ੁਰਗ ਸਿੱਖ ਔਰਤ ਨੂੰ ਇੰਮੀਗ੍ਰੇਸ਼ਨ ਵਾਲਿਆਂ ਵੱਲੋਂ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। 73 ਸਾਲ ਦੀ ਹਰਜੀਤ ਕੌਰ ਦਾ ਪਰਵਾਰ ਉਨ੍ਹਾਂ ਦੀ ਰਿਹਾਈ ਵਾਸਤੇ ਵੱਡਾ ਰੋਸ ਵਿਖਾਵਾ ਵੀ ਕਰ ਚੁੱਕਾ ਹੈ।


