ਅਮਰੀਕਾ ਦੇ ਗੈਸ ਸਟੇਸ਼ਨ ’ਤੇ ਚੱਲੀਆਂ ਗੋਲੀਆਂ
ਅਮਰੀਕਾ ਦੇ ਓਮਾਹਾ ਸ਼ਹਿਰ ਵਿਚ ਇਕ ਬੰਦੂਕਧਾਰੀ ਨੇ ਪੁਲਿਸ ਅਫ਼ਸਰ ਉਤੇ ਗੋਲੀਬਾਰੀ ਕਰਦਿਆਂ ਤਿੰਨ ਜਣਿਆਂ ਨੂੰ ਜ਼ਖਮੀ ਕਰ ਦਿਤਾ ਪਰ ਜਵਾਬੀ ਕਾਰਵਾਈ ਦੌਰਾਨ ਮਾਰਿਆ ਗਿਆ

By : Upjit Singh
ਓਮਾਹਾ : ਅਮਰੀਕਾ ਦੇ ਓਮਾਹਾ ਸ਼ਹਿਰ ਵਿਚ ਇਕ ਬੰਦੂਕਧਾਰੀ ਨੇ ਪੁਲਿਸ ਅਫ਼ਸਰ ਉਤੇ ਗੋਲੀਬਾਰੀ ਕਰਦਿਆਂ ਤਿੰਨ ਜਣਿਆਂ ਨੂੰ ਜ਼ਖਮੀ ਕਰ ਦਿਤਾ ਪਰ ਜਵਾਬੀ ਕਾਰਵਾਈ ਦੌਰਾਨ ਮਾਰਿਆ ਗਿਆ। ਓਮਾਹਾ ਦੇ ਪੁਲਿਸ ਮੁਖੀ ਟੌਡ ਸ਼ਮੈਡਰਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 30ਵੀਂ ਸਟ੍ਰੀਟ ਅਤੇ ਏਮਜ਼ ਐਵੇਨਿਊ ਇਲਾਕੇ ਵਿਚ ਫ਼ਿਲਜ਼ ਫੂਡਵੇਅ ’ਤੇ ਮੌਜੂਦ ਸ਼ੱਕੀ ਨੇ ਕਿਸੇ ਨੂੰ ਗੋਲੀ ਮਾਰ ਦਿਤੀ। ਗੋਲੀ ਚੱਲਣ ਦੀ ਇਤਲਾਹ ਮਿਲਣ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੇ ਸ਼ੱਕੀ ਸਰੰਡਰ ਕਰਨ ਵਾਸਤੇ ਆਖਿਆ ਤਾਂ ਉਸ ਨੇ ਮੁੜ ਗੋਲੀਆਂ ਚਲਾ ਦਿਤੀਆਂ। ਗੋਲੀਬਾਰੀ ਕਰਦਿਆਂ ਸ਼ੱਕੀ ਇਕ ਗੈਸ ਸਟੇਸ਼ਲ ਵੱਲ ਚਲਾ ਗਿਆ ਅਤੇ ਹਾਲਾਤ ਬੇਹੱਦ ਗੰਭੀਰ ਬਣ ਗਏ ਕਿਉਂਕਿ ਗੈਸ ਸਟੇਸ਼ਨ ’ਤੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਇਸੇ ਦੌਰਾਨ ਹੋਰ ਪੁਲਿਸ ਅਫ਼ਸਰ ਮੌਕੇ ’ਤੇ ਪੁੱਜੇ ਅਤੇ ਜਵਾਬੀ ਕਾਰਵਾਈ ਦੌਰਾਨ ਸ਼ੱਕੀ ਦੀ ਮੌਤ ਹੋ ਗਈ।
2 ਪੁਲਿਸ ਮੁਲਾਜ਼ਮਾਂ ਸਣੇ 3 ਜ਼ਖਮੀ, ਸ਼ੱਕੀ ਕੀਤਾ ਢੇਰ
ਓਮਾਹਾ ਦੇ ਮੇਅਰ ਜੌਹਨ ਇਵਿੰਗ ਜੋ ਪੁਲਿਸ ਦੇ ਡਿਪਟੀ ਪੁਲਿਸ ਚੀਫ਼ ਰਹਿ ਚੁੱਕੇ ਹਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਹਾਦਰ ਪੁਲਿਸ ਅਫ਼ਸਰਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਲੋਕਾਂ ਦੀ ਜਾਨ ਬਚਾਉਣ ਲਈ ਆਪਣੀ ਜ਼ਿੰਦਗੀ ਦਾਅ ’ਤੇ ਲਾ ਦਿਤੀ। ਗੋਲੀਬਾਰੀ ਦਾ ਪਹਿਲਾ ਨਿਸ਼ਾਨਾ ਇਕ ਆਮ ਨਾਗਰਿਕ ਬਣਿਆ ਜੋ ਗਰੌਸਰੀ ਖਰੀਦਣ ਆਇਆ ਸੀ। ਫ਼ਿਲਹਾਲ ਸ਼ੱਕੀ ਅਤੇ ਪੀੜਤ ਦਰਮਿਆਨ ਸਬੰਧਾਂ ਬਾਰੇ ਪਤਾ ਨਹੀਂ ਲੱਗ ਸਕਿਆ। ਗੋਲੀਬਾਰੀ ਦੇ ਮੱਦੇਨਜ਼ਰ ਬੁੱਧਵਾਰ ਨੂੰ ਐਲ ਸਟ੍ਰੀਟ ਨੂੰ ਕਈ ਘੰਟੇ ਬੰਦ ਰੱਖਣਾ ਪਿਆ। ਪੁਲਿਸ ਨੇ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਕਿ ਪੜਤਾਲ ਦੇ ਮੱਦੇਨਜ਼ਰ ਉਹ ਇਲਾਕੇ ਵੱਲ ਆਉਣ ਤੋਂ ਗੁਰੇਜ਼ ਕਰਨ। ਦੂਜੇ ਪਾਸੇ ਅਮਰੀਕਾ ਦੀ ਡੈਲਵੇਅਰ ਯੂਨੀਵਰਸਿਟੀ ਦਾ ਵਿਦਿਆਰਥੀ ਹਥਿਆਰਾਂ ਨਾਲ ਭਰੇ ਪਿਕਅੱਪ ਟਰੱਕ ਸਣੇ ਪੁਲਿਸ ਦੇ ਅੜਿੱਕੇ ਆ ਗਿਆ। ਵਿਦਿਆਰਥੀ ਦੀ ਪਛਾਣ 25 ਸਾਲ ਦੇ ਲੁਕਮਾਨ ਖਾਨ ਵਜੋਂ ਕੀਤੀ ਗਈ ਹੈ ਜੋ ਪਾਕਿਸਤਾਨ ਵਿਚ ਜੰਮਿਆ ਦੱਸਿਆ ਜਾ ਰਿਹਾ ਹੈ।
ਪਾਕਿਸਤਾਨੀ ਮੂਲ ਦਾ ਨੌਜਵਾਨ ਹਥਿਆਰਾਂ ਸਣੇ ਕਾਬੂ
ਜਾਂਚਕਰਤਾਵਾਂ ਮੁਤਾਬਕ ਨਿਊ ਕੈਸਲ ਕਾਊਂਟੀ ਦੇ ਪੁਲਿਸ ਅਫ਼ਸਰਾਂ ਨੂੰ ਲੁਕਮਾਨ ਖਾਨ ਸ਼ੱਕੀ ਹਾਲਾਤ ਵਿਚ ਮਿਲਿਆ। ਪੁਲਿਸ ਨੇ ਉਸ ਦੇ ਪਿਕਅੱਪ ਟਰੱਕ ਦੀ ਤਲਾਸ਼ੀ ਲਈ ਤਾਂ ਕਈ ਕਿਸਮ ਦੇ ਹਥਿਆਰ ਮਿਲੇ। ਪੁੱਛ ਪੜਤਾਲ ਦੌਰਾਨ ਲੁਕਮਾਨ ਖਾਨ ਨੇ ਦੱਸਿਆ ਕਿ ਸ਼ਹੀਦ ਵਜੋਂ ਇਸ ਦੁਨੀਆਂ ਤੋਂ ਜਾਣਾ ਸਭ ਤੋਂ ਵੱਡਾ ਮਾਣ ਹੁੰਦਾ ਹੈ। ਇਥੇ ਦਸਣਾ ਬਣਦਾ ਹੈ ਕਿ ਯੂ.ਐਸ. ਸਿਟੀਜ਼ਨ ਲੁਕਮਾਨ ਖਾਨ ਛੋਟੀ ਉਮਰ ਵਿਚ ਹੀ ਅਮਰੀਕਾ ਆ ਗਿਆ ਸੀ ਅਤੇ ਉਸ ਦਾ ਕੋਈ ਅਪਰਾਧਕ ਰਿਕਾਰਡ ਨਹੀਂ। ਬਾਅਦ ਵਿਚ ਐਫ਼.ਬੀ.ਆਈ. ਨੇ ਵਿਲਮਿੰਗਟਨ ਵਿਖੇ ਲੁਕਮਾਨ ਦੇ ਘਰ ਦੀ ਤਲਾਸ਼ੀ ਲਈ ਤਾਂ ਹੋਰ ਹਥਿਆਰ ਬਰਾਮਦ ਕੀਤੇ ਗਏ। ਇਕ ਹੱਥ ਲਿਖਤ ਨੋਟਬੁੱਕ ਵਿਚ ਲੁਕਮਾਨ ਵੱਲੋਂ ਹਮਲਾ ਕਰਨ ਦੇ ਢੰਗ ਤਰੀਕਿਆਂ ਦਾ ਜ਼ਿਕਰ ਕੀਤਾ ਮਿਲਿਆ। ਲੁਕਮਾਨ ਵਿਰੁੱਧ ਨਾਜਾਇਜ਼ ਤਰੀਕੇ ਨਾਲ ਮਸ਼ੀਨਗੰਨ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ ਅਤੇ ਦੋਸ਼ੀ ਕਰਾਰ ਦਿਤੇ ਜਾਣ ’ਤੇ ਉਸ ਨੂੰ 10 ਸਾਲ ਤੱਕ ਦੀ ਜੇਲ ਹੋ ਸਕਦੀ ਹੈ।


