ਸਰਜੀਓ ਗੋਰ ਨੇ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਵਜੋਂ ਸਹੁੰ ਚੁੱਕੀ
ਭਾਰਤ ਵਿਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਨੂੰ ਓਵਲ ਦਫ਼ਤਰ ਵਿਚ ਰਮਸੀ ਤੌਰ ’ਤੇ ਅਹੁਦੇ ਅਤੇ ਭੇਤ ਗੁਪਤ ਰੱਖਣ ਸਹੁੰ ਚੁਕਾਈ ਗਈ

By : Upjit Singh
ਵਾਸ਼ਿੰਗਟਨ : ਭਾਰਤ ਵਿਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਨੂੰ ਓਵਲ ਦਫ਼ਤਰ ਵਿਚ ਰਮਸੀ ਤੌਰ ’ਤੇ ਅਹੁਦੇ ਅਤੇ ਭੇਤ ਗੁਪਤ ਰੱਖਣ ਸਹੁੰ ਚੁਕਾਈ ਗਈ। ਉਪ ਰਾਸ਼ਟਰਪਤੀ ਵੱਲੋਂ ਸਹੁੰ ਚੁਕਾਏ ਜਾਣ ਮੌਕੇ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਖਜ਼ਾਨਾ ਮੰਤਰੀ ਸਕੌਟ ਬੇਸੈਂਟ, ਅਟਾਰਨੀ ਜਨਰਲ ਪੈਮ ਬੌਂਡੀ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕਵਾਤੜਾ ਨੇ ਨਵਾਂ ਅਹੁਦਾ ਸੰਭਾਲਣ ’ਤੇ ਸਰਜੀਓ ਗੋਰ ਨੂੰ ਵਧਾਈ ਦਿਤੀ। ਟੈਰਿਫ਼ਸ ਦੇ ਮੁੱਦੇ ’ਤੇ ਭਾਰਤ ਅਤੇ ਅਮਰੀਕਾ ਦਰਮਿਆਨ ਚੱਲ ਰਹੀ ਗੱਲਬਾਤ ਦੇ ਮੱਦੇਨਜ਼ਰ ਸਰਜੀਓ ਗੋਰ ਦੀ ਨਿਯੁਕਤੀ ਬੇਹੱਦ ਅਹਿਮੀਅਤ ਰਖਦੀ ਹੈ। ਦੱਸ ਦੇਈਏ ਕਿ ਸਰਜੀਓ ਗੋਰ ਬੀਤੇ ਮਈ ਮਹੀਨੇ ਦੌਰਾਨ ਸੁਰਖੀਆਂ ਵਿਚ ਆਏ ਸਨ ਜਦੋਂ ਟੈਸਲਾ ਦੇ ਮੁਖੀ ਈਲੌਨ ਮਸਕ ਨੇ ਉਨ੍ਹਾਂ ਨੂੰ ‘ਕਾਲਾ ਨਾਗ’ ਦੱਸਿਆ।
ਵਿਨੇ ਮੋਹਨ ਕਵਾਤੜਾ ਵੱਲੋਂ ਆਪਣੇ ਹਮਰਤੁਬਾ ਨੂੰ ਵਧਾਈ
ਨਿਊ ਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਮਾਰਚ ਮਹੀਨੇ ਦੌਰਾਨ ਟਰੰਪ ਦੀ ਇਕ ਕੈਬਨਿਟ ਮੀਟਿੰਗ ਦੌਰਾਨ ਮਸਕ ਅਤੇ ਗੋਰ ਵਿਚਾਲੇ ਤਿੱਖੀ ਬਹਿਸ ਹੋਈ ਜਿਸ ਮਗਰੋਂ ਗੋਰ ਨੇ ਬਦਲਾ ਲੈਣ ਦਾ ਐਲਾਨ ਕਰ ਦਿਤਾ। ਮਸਕ ਨੇ ਜਦੋਂ ਆਪਣੇ ਖਾਸ ਦੋਸਤ ਜੇ. ਇਸਾਕਮੈਨ ਨੂੰ ਨਾਸਾ ਦਾ ਮੁਖੀ ਨਾਮਜ਼ਦ ਕਰਨ ਦੀ ਸਿਫ਼ਾਰਸ਼ ਕੀਤੀ ਤਾਂ ਸਰਜੀਓ ਗੋਰ ਨੇ ਭਾਨੀ ਮਾਰ ਦਿਤੀ। ਡੌਨਲਡ ਟਰੰਪ ਵੱਲੋਂ ਇਸਾਕਮੈਨ ਨੂੰ ਨਾਮਜ਼ਦ ਵੀ ਕੀਤਾ ਜਾ ਚੁੱਕਾ ਸੀ ਅਤੇ ਸੈਨੇਟ ਨੇ ਵੀ ਹਾਂ ਕਰ ਦਿਤੀ ਪਰ 31 ਮਈ 2025 ਨੂੰ ਗੋਰ ਦੇ ਕਹਿਣ ’ਤੇ ਟਰੰਪ ਨੇ ਨਾਮਜ਼ਦਗੀ ਰੱਦ ਕਰ ਦਿਤੀ। ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ ਕਿ ਵਾਈਟ ਹਾਊਸ ਦੇ ਪ੍ਰੈਜ਼ੀਡੈਂਸ਼ੀਅਲ ਪਰਸਨਲ ਡਾਇਰੈਕਟਰ ਹੁੰਦਿਆਂ ਸਰਜੀਓ ਅਤੇ ਉਨ੍ਹਾਂ ਨੇ ਟੀਮ ਨੇ ਰਿਕਾਰਡ ਸਮੇਂ ਵਿਚ ਤਕਰੀਬਨ 4 ਹਜ਼ਾਰ ਅਮੈਰਿਕਨ ਫਸਟ ਪੈਟ੍ਰੀਔਟਸ ਦੀ ਭਰਤੀ ਕੀਤੀ। ਟਰੰਪ ਨੇ ਅੱਗੇ ਲਿਖਿਆ ਕਿ ਗੋਰ ਉਨ੍ਹਾਂ ਦੇ ਗੂੜ੍ਹੇ ਦੋਸਤ ਹਨ ਅਤੇ ਉਨ੍ਹਾਂ ਉਤੇ ਪੂਰਾ ਯਕੀਨ ਹੈ। ਏਸ਼ੀਆ ਵਰਗੇ ਸੰਘਣੀ ਵਸੋਂ ਵਾਲੇ ਇਲਾਕਿਆਂ ਵਿਚ ਅਮਰੀਕਾ ਸਰਕਾਰ ਦੀਆਂ ਨੀਤੀਆਂ ਲਾਗੂ ਕਰਨ ਲਈ ਭਰੋਸੇਮੰਦ ਇਨਸਾਨ ਦੀ ਜ਼ਰੂਰਤ ਹੈ ਅਤੇ ਇਹ ਜ਼ਿੰਮੇਵਾਰੀ ਸਰਜੀਓ ਹੀ ਬਿਹਤਰ ਤਰੀਕੇ ਨਾਲ ਨਿਭਾਅ ਸਕਦੇ ਹਨ। ਸਰਜੀਓ ਨੂੰ ਨਵੀਂ ਜ਼ਿੰਮੇਵਾਰੀ ਲਈ ਦਿਲੋਂ ਮੁਬਾਰਕਬਾਦ। ਦੱਸ ਦੇਈਏ ਕਿ ਸਰਜੀਓ ਗੋਰ ਨੂੰ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਵਿਸ਼ੇਸ਼ ਦੂਤ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।


