UK ’ਚ ਪਤਨੀ ਦਾ ਕਤਲ ਕਰ ਕੇ ਫ਼ਰਾਰ ਭਾਰਤੀ ਬਾਰੇ ਸਨਸਨੀਖੇਜ਼ ਖੁਲਾਸਾ
ਯੂ.ਕੇ. ਵਿਚ ਪਤਨੀ ਦਾ ਕਤਲ ਕਰ ਕੇ ਫ਼ਰਾਰ ਹੋਏ ਪੰਕਜ ਲਾਂਬਾ ਵੱਲੋਂ ਗੁੜਗਾਉਂ ਵਿਖੇ ਪੁਰਾਣੀ ਪ੍ਰੇਮਿਕਾ ਨਾਲ ਪਿਆਰ ਦੀਆਂ ਪੀਘਾਂ ਝੂਟਣ ਦਾ ਖੁਲਾਸਾ ਹੋਇਆ ਹੈ

By : Upjit Singh
ਲੰਡਨ : ਯੂ.ਕੇ. ਵਿਚ ਪਤਨੀ ਦਾ ਕਤਲ ਕਰ ਕੇ ਫ਼ਰਾਰ ਹੋਏ ਪੰਕਜ ਲਾਂਬਾ ਵੱਲੋਂ ਗੁੜਗਾਉਂ ਵਿਖੇ ਪੁਰਾਣੀ ਪ੍ਰੇਮਿਕਾ ਨਾਲ ਪਿਆਰ ਦੀਆਂ ਪੀਘਾਂ ਝੂਟਣ ਦਾ ਖੁਲਾਸਾ ਹੋਇਆ ਹੈ। ਪੂਰਬੀ ਲੰਡਨ ਵਿਖੇ 24 ਸਾਲਾ ਪਤਨੀ ਹਰਸ਼ਿਤਾ ਬਰੇਲਾ ਦਾ ਕਤਲ ਕਰਨ ਤੋਂ ਕੁਝ ਘੰਟੇ ਬਾਅਦ ਹੀ ਪੰਕਜ ਲਾਂਬਾ ਨੇ ਇੰਡੀਆ ਫ਼ੋਨ ਕਰ ਕੇ ਮਧੂ ਪਾਂਡੇ ਨਾਲ ਸੰਪਰਕ ਸਥਾਪਤ ਕਰ ਲਿਆ। ਪੁਲਿਸ ਦਾ ਮੰਨਣਾ ਹੈ ਕਿ ਹਰਸ਼ਿਤਾ ਦਾ ਕਤਲ ਨੌਰਥੈਮਪਟਨਸ਼ਾਇਰ ਦੇ ਕੌਰਬੀ ਵਿਖੇ 10 ਨਵੰਬਰ 2024 ਨੂੰ ਹੋਇਆ ਅਤੇ ਇਸ ਮਗਰੋਂ 11 ਨਵੰਬਰ ਨੂੰ ਇਲਫ਼ਰਡ ਵਿਖੇ ਇਕ ਲਾਵਾਰਿਸ ਕਾਰ ਵਿਚੋਂ ਉਸ ਦੀ ਲਾਸ਼ ਬਰਾਮਦ ਕੀਤੀ ਗਈ। 24 ਸਾਲ ਦਾ ਪੰਕਜ ਲਾਂਬਾ ਏਅਰ ਇੰਡੀਆ ਦੀ ਫਲਾਈਟ ਰਾਹੀਂ ਪਹਿਲਾਂ ਮੁੰਬਈ ਪੁੱਜਾ ਅਤੇ ਫ਼ਿਰ ਦਿੱਲੀ ਰਵਾਨਾ ਹੋ ਗਿਆ। 2023 ਵਿਚ ਹਰਸ਼ਿਤਾ ਨਾਲ ਵਿਆਹ ਤੋਂ ਪਹਿਲਾਂ ਪੰਕਜ ਲਾਂਬਾ ਅਤੇ ਮਧੂ ਪਾਂਡੇ ਰਿਲੇਸ਼ਨਸ਼ਿਪ ਵਿਚ ਸਨ ਅਤੇ ਦੋਹਾਂ ਦੀ ਪਹਿਲੀ ਮੁਲਾਕਾਤ ਇਕ ਸਪਾਅ ਵਿਚ ਹੋਈ ਜਿਥੇ ਮਧੂ, ਮਸਾਜ ਦਾ ਕੰਮ ਕਰਦੀ ਸੀ।
ਸਾਬਕਾ ਪ੍ਰੇਮਿਕਾ ਨਾਲ ਝੂਟ ਰਿਹਾ ਪਿਆਰ ਦੀਆਂ ਪੀਘਾਂ
ਹਰਸ਼ਿਤਾ ਦੀ ਭੈਣ ਸੋਨੀਆ ਡਬਾਸ ਜਿਸ ਵੱਲੋਂ ਇਨਸਾਫ਼ ਦੀ ਮੁਹਿੰਮ ਵਿੱਢੀ ਗਈ ਹੈ, ਨੇ ਦੱਸਿਆ ਕਿ ਪੰਕਜ, ਹਰਸ਼ਿਤਾ ਦੀ ਕਮਾਈ ’ਤੇ ਗੁਜ਼ਾਰਾ ਕਰਦਾ ਸੀ। ਦੂਜੇ ਪਾਸੇ ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਹਰਸ਼ਿਤਾ ਦਾ ਕਤਲ ਵੀ ਪੈਸੇ ਨੂੰ ਲੈ ਕੇ ਹੋਇਆ ਕਿਉਂਕਿ ਮੌਤ ਤੋਂ ਸਿਰਫ਼ ਦੋ ਮਹੀਨੇ ਪਹਿਲਾਂਹੀ ਹਰਸ਼ਿਤਾ ਨੇ ਆਪਣੇ ਪਤੀ ਵਿਰੁੱਧ ਘਰੇਲੂ ਹਿੰਸਾ ਦਾ ਕੇਸ ਦਾਇਰ ਕੀਤਾ ਸੀ। ਹਥਲਿਖਤ ਨੋਟ ਵਿਚ ਹਰਸ਼ਿਤਾ ਨੇ ਕੁੱਟਮਾਰ ਕਰਨ ਅਤੇ ਉਸ ਦੇ ਬੈਂਕ ਖਾਤਿਆਂ ਵਿਚੋਂ ਜ਼ਬਰਦਸਤੀ ਰਕਮ ਕਢਵਾਉਣ ਦੇ ਦੋਸ਼ ਲਾਏ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਪੰਕਜ ਲਾਂਬਾ ਇਸ ਵੇਲੇ ਇਕ ਕਮਰਾ ਕਿਰਾਏ ’ਤੇ ਲੈ ਕੇ ਰਹਿ ਰਿਹਾ ਹੈ ਜਿਥੇ ਉਸ ਦੀ ਪ੍ਰੇਮਿਕਾ ਅਤੇ ਉਸ ਦੀ 11 ਸਾਲ ਦੀ ਬੇਟੀ ਵੀ ਰਹਿੰਦੀ ਹੈ। ਪੰਕਜ ਨੇ ਇਕ ਦੁਕਾਨ ਵੀ ਕਿਰਾਏ ’ਤੇ ਲਈ ਹੈ ਜਿਥੇ ਉਹ ਸਨੈਕਸ ਵੇਚਦਾ ਹੈ। ਆਂਢ ਗੁਆਂਢ ਦੇ ਲਕੋਾਂ ਨਾਲ ਉਸ ਦੀ ਵਰਤਾਉ ਠੀਕ ਹੈਅਤੇ ਹੋਲੀ ਮੌਕੇ ਉਸ ਨੂੰ ਆਪਣੀ ਪ੍ਰੇਮਿਕਾ ਨਾਲ ਨੱਚਦੇ ਟੱਪਦੇ ਦੇਖਿਆ ਗਿਆ ਪਰ ਇਸੇ ਦੌਰਾਨ ਹਾਲਾਤ ਅਚਨਚੇਤ ਬਦਲ ਗਏ ਅਤੇ ਪੁਲਿਸ ਵਾਲੇ ਪੰਕਜ ਦੀ ਭਾਲ ਕਰਦੇ ਨਜ਼ਰ ਆਏ। ਇਹ ਵੀ ਪਤਾ ਲੱਗਾ ਹੈ ਕਿ ਪੰਕਜ ਨੇ 4 ਮਾਰਚ ਨੂੰ ਬੈਂਕ ਵਿਚੋਂ 4 ਲੱਖ 30 ਹਜ਼ਾਰ ਰੁਪਏ ਕਢਵਾਏ ਪਰ ਬੈਂਕ ਵਿਚ ਮੌਜੂਦਗੀ ਦੌਰਾਨ ਚਿਹਰੇ ’ਤੇ ਮਾਸਕ ਲਾ ਕੇ ਰੱਖਿਆ।
ਹਰਸ਼ਿਤਾ ਦੇ ਖਾਤੇ ਵਿਚੋਂ ਕਢਵਾਏ ਸਨ ਲੱਖਾਂ ਰੁਪਏ
ਮਾਮਲੇ ਵਿਚ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਪੁਲਿਸ ਨੇ ਪੰਕਜ ਲਾਂਬਾ ਦਾ ਮੋਬਾਈਲ ਫੋਨ 22 ਮਾਰਚ ਨੂੰ ਇਕ ਰਿਕਸ਼ਾ ਡਰਾਈਵਰ ਤੋਂ ਬਰਾਮਦ ਕੀਤਾ। ਹਰਸ਼ਿਤਾ ਦੇ ਪਰਵਾਰ ਵੱਲੋਂ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਦਿਆਂ ਪੰਕਜ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਪਰ ਉਹ ਲਾਪਤਾ ਹੋ ਗਿਆ। ਦਿੱਲੀ ਪੁਲਿਸ ਵੱਲੋਂ ਪੰਕਜ ਦੀ ਸੂਹ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਉਧਰ ਪੰਕਜ ਦੇ ਮਾਪਿਆਂ ਨੇ ਦਾਅਵਾ ਕੀਤਾ ਹੈ ਕਿ 10 ਨਵੰਬਰ 2024 ਤੋਂ ਬਾਅਦ ਉਨ੍ਹਾਂ ਦਾ ਪੰਕਜ ਨਾਲ ਕੋਈ ਸੰਪਰਕ ਨਹੀਂ ਹੋਇਆ। ਇਥੇ ਦਸਣਾ ਬਣਦਾ ਹੈ ਕਿ ਪੰਕਜ ਲਾਂਬਾ ਸਤੰਬਰ 2023 ਵਿਚ ਸਟੱਡੀ ਵੀਜ਼ਾ ’ਤੇ ਯੂ.ਕੇ. ਪੁੱਜਾ ਅਤੇ ਫ਼ਰਵਰੀ 2024 ਵਿਚ ਉਸ ਦੀ ਪਤਨੀ ਹਰਸ਼ਿਤਾ ਡਿਪੈਂਡੈਂਟ ਵੀਜ਼ਾ ’ਤੇ ਯੂ.ਕੇ. ਪੁੱਜ ਗਈ। ਹਰਸ਼ਿਤਾ ਨੇ ਵੀ ਕੰਮ ਸ਼ੁਰੂ ਕਰ ਦਿਤਾ ਅਤੇ ਐਨੀ ਤਰੱਕੀ ਮਿਲੀ ਕਿ ਆਪਣੇ ਸਕਿਉਰਿਟੀ ਗਾਰਡ ਪਤੀ ਤੋਂ ਵੱਧ ਕਮਾਉਣ ਲੱਗੀ। ਸੰਭਾਵਤ ਤੌਰ ’ਤੇ ਇਹ ਗੱਲ ਪੰਕਜ ਨੂੰ ਹਜ਼ਮ ਨਾ ਹੋਈ। ਡਿਟੈਕਟਿਵ ਸੁਪਰਡੈਂਟ ਜੌਹਨੀ ਕੈਂਪਬੈਲ ਨੇ ਦੱਸਿਆ ਕਿ ਮਾਮਲਾ ਬੇਹੱਦ ਗੁੰਝਲਦਾਰ ਹੈ ਅਤੇ ਵਿਸਤਾਰਤ ਵੇਰਵੇ ਸਾਂਝੇ ਨਹੀਂ ਕੀਤੇ ਜਾ ਸਕਦੇ।


