ਵਿਗਿਆਨੀਆਂ ਨੂੰ ਚੰਦਰਮਾ ਦੀ ਮਿੱਟੀ ਦੇ ਨਮੂਨਿਆਂ ’ਚ ਪਾਣੀ ਦੇ ਅਣੂ ਲੱਭੇ, ਪੜ੍ਹੋ ਪੂਰੀ ਰਿਪੋਰਟ
ਚਾਂਗ-5 ਮਿਸ਼ਨ ਰਾਹੀਂ ਵਾਪਸ ਲਿਆਂਦੇ ਗਏ ਚੰਦਰਮਾ ਤੋਂ ਮਿੱਟੀ ਦੇ ਨਮੂਨਿਆਂ ਦਾ ਅਧਿਐਨ ਕਰਨ ਵਾਲੇ ਚੀਨੀ ਵਿਗਿਆਨੀਆਂ ਨੇ ਚੰਦਰਮਾ ਦੀ ਮਿੱਟੀ ਵਿਚ ਪਾਣੀ ਦੇ ਅਣੂ ਲੱਭੇ ਹਨ। ਇਹ ਜਾਣਕਾਰੀ ਚਾਈਨੀਜ਼ ਅਕੈਡਮੀ ਆਫ ਸਾਇੰਸਜ਼ (ਸੀ.ਏ.ਐਸ.) ਨੇ ਦਿਤੀ।
By : Dr. Pardeep singh
ਚੀਨ : ਚਾਂਗ-5 ਮਿਸ਼ਨ ਰਾਹੀਂ ਵਾਪਸ ਲਿਆਂਦੇ ਗਏ ਚੰਦਰਮਾ ਤੋਂ ਮਿੱਟੀ ਦੇ ਨਮੂਨਿਆਂ ਦਾ ਅਧਿਐਨ ਕਰਨ ਵਾਲੇ ਚੀਨੀ ਵਿਗਿਆਨੀਆਂ ਨੇ ਚੰਦਰਮਾ ਦੀ ਮਿੱਟੀ ਵਿਚ ਪਾਣੀ ਦੇ ਅਣੂ ਲੱਭੇ ਹਨ। ਇਹ ਜਾਣਕਾਰੀ ਚਾਈਨੀਜ਼ ਅਕੈਡਮੀ ਆਫ ਸਾਇੰਸਜ਼ (ਸੀ.ਏ.ਐਸ.) ਨੇ ਦਿਤੀ। ਹਾਂਗਕਾਂਗ ਸਥਿਤ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਦੀ ਖਬਰ ਮੁਤਾਬਕ ਇਹ ਖੋਜ ਬੀਜਿੰਗ ਨੈਸ਼ਨਲ ਲੈਬਾਰਟਰੀ ਫਾਰ ਕੰਡੇਂਸਡ ਮੈਟਰ ਫਿਜ਼ਿਕਸ ਅਤੇ ਇੰਸਟੀਚਿਊਟ ਆਫ ਫਿਜ਼ਿਕਸ ਆਫ ਫਿਜ਼ਿਕਸ ਦੇ ਖੋਜਕਰਤਾਵਾਂ ਨੇ ਸਾਂਝੇ ਤੌਰ ’ਤੇ ਕੀਤੀ। ਇਹ ਖੋਜ ਰੀਪੋਰਟ 16 ਜੁਲਾਈ ਨੂੰ ‘ਨੇਚਰ ਐਸਟਰੋਨੋਮੀ’ ਜਰਨਲ ’ਚ ਪ੍ਰਕਾਸ਼ਿਤ ਹੋਈ ਸੀ।
ਸੀ.ਏ.ਐਸ. ਨੇ ਮੰਗਲਵਾਰ ਨੂੰ ਕਿਹਾ ਕਿ 2020 ਵਿਚ ਚਾਂਗ-5 ਮਿਸ਼ਨ ਵਲੋਂ ਵਾਪਸ ਲਿਆਂਦੇ ਗਏ ਚੰਦਰਮਾ ਦੀ ਮਿੱਟੀ ਦੇ ਨਮੂਨਿਆਂ ਦੇ ਆਧਾਰ ’ਤੇ ਚੀਨੀ ਵਿਗਿਆਨੀਆਂ ਨੇ ਇਕ ਹਾਈਡਰੇਟਿਡ ਖਣਿਜ ਪਾਇਆ ਹੈ ਜਿਸ ਵਿਚ ਅਣੂ ਪਾਣੀ ਹੁੰਦਾ ਹੈ।ਸਾਲ 2009 ’ਚ ਭਾਰਤ ਦੇ ਚੰਦਰਯਾਨ-1 ਪੁਲਾੜ ਜਹਾਜ਼ ਨੇ ਚੰਦਰਮਾ ਦੇ ਸੂਰਜ ਦੀ ਰੌਸ਼ਨੀ ਵਾਲੇ ਖੇਤਰਾਂ ’ਚ ਆਕਸੀਜਨ ਅਤੇ ਹਾਈਡ੍ਰੋਜਨ ਅਣੂਆਂ ਦੇ ਰੂਪ ’ਚ ਪਾਣੀ ਵਾਲੇ ਖਣਿਜਾਂ ਦੇ ਸੰਕੇਤ ਲੱਭੇ ਸਨ।
ਇਸ ਦੇ ਯੰਤਰਾਂ ’ਚ ਨਾਸਾ ਦਾ ਮੂਨ ਮਿਨਰਲੋਜੀ ਮੈਪਰ (ਐਮ3) ਸ਼ਾਮਲ ਸੀ, ਜੋ ਇਕ ਇਮੇਜਿੰਗ ਸਪੈਕਟ੍ਰੋਮੀਟਰ ਸੀ ਜਿਸ ਨੇ ਚੰਦਰਮਾ ’ਤੇ ਖਣਿਜਾਂ ’ਚ ਪਾਣੀ ਦੀ ਖੋਜ ਦੀ ਪੁਸ਼ਟੀ ਕਰਨ ’ਚ ਸਹਾਇਤਾ ਕੀਤੀ ਪਰ ਇਕ ਜੀਓਕੈਮਿਸਟ ਨੇ ਕਿਹਾ ਕਿ ਇਸ ਬਾਰੇ ਟੀਮ ਨੂੰ ਅਜੇ ਹੋਰ ਸਬੂਤ ਲੱਭਣ ਦੀ ਜ਼ਰੂਰਤ ਹੈ। ਅਧਿਐਨ ਨਾਲ ਜੁੜੇ ਨਾ ਹੋਣ ਵਾਲੇ ਵਿਗਿਆਨੀ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਜੇਕਰ ਇਹ ਪਾਣੀ ਵਾਲਾ ਖਣਿਜ ਚੰਦਰਮਾ ਦੇ ਨਮੂਨਿਆਂ ’ਚ ਮੌਜੂਦ ਹੈ ਤਾਂ ਇਸ ਦੇ ਇਕ ਤੋਂ ਵੱਧ ਟੁਕੜੇ ਲੱਭੇ ਜਾਣੇ ਚਾਹੀਦੇ ਸਨ। ਨੇਚਰ ਰਸਾਲੇ ਦੇ ਲੇਖ ਅਨੁਸਾਰ, ਉੱਚ ਅਕਸ਼ਾਂਸ਼ ਅਤੇ ਧਰੁਵੀ ਖੇਤਰਾਂ ਤੋਂ ਚੰਦਰਮਾ ਦੇ ਨਮੂਨੇ ਨਾ ਹੋਣ ਕਾਰਨ ‘ਨਾ ਤਾਂ ਚੰਦਰਮਾ ਹਾਈਡ੍ਰੋਜਨ ਦੀ ਉਤਪਤੀ ਅਤੇ ਨਾ ਹੀ ਅਸਲ ਰਸਾਇਣਕ ਰੂਪ ਨਿਰਧਾਰਤ ਕੀਤਾ ਗਿਆ ਹੈ’।
ਚੀਨ ਦੇ ਪਹਿਲੇ ਚੰਦਰਮਾ ਨਮੂਨੇ-ਵਾਪਸੀ ਮਿਸ਼ਨ ਚਾਂਗ-5 ਨੇ 2020 ਵਿਚ ਚੰਦਰਮਾ ਦੀ ਸਤਹ ’ਤੇ ਪਾਣੀ ਦੇ ਪਹਿਲੇ ਆਨ-ਸਾਈਟ ਸਬੂਤ ਵਾਪਸ ਭੇਜੇ ਸਨ। ਪਿਛਲੇ ਮਹੀਨੇ ਚੀਨ ਦੇ ਚਾਂਗ-6 ਚੰਦਰਮਾ ਮਿਸ਼ਨ ਦੀ ਧਰਤੀ ’ਤੇ ਵਾਪਸੀ ਤੋਂ ਬਾਅਦ ਹੋਰ ਖੋਜਾਂ ਹੋਣ ਦੀ ਉਮੀਦ ਹੈ, ਜਿਸ ਵਿਚ ਚੰਦਰਮਾ ਦੇ ਸੱਭ ਤੋਂ ਪੁਰਾਣੇ ਬੇਸਿਨ ਤੋਂ 2 ਕਿਲੋਗ੍ਰਾਮ ਤਕ ਦੀ ਸਮੱਗਰੀ ਕੱਢੀ ਗਈ ਸੀ।
ਹਾਲਾਂਕਿ, ਚਾਂਗ-6 ਮਿਸ਼ਨ ਤੋਂ ਪਹਿਲਾਂ, ਚਾਂਗ-5 ਮਿਸ਼ਨ ਸਮੇਤ ਮਨੁੱਖੀ ਇਤਿਹਾਸ ਦੇ ਸਾਰੇ ਦਸ ਚੰਦਰਮਾ ਨਮੂਨੇ ਲੈਣ ਵਾਲੇ ਮਿਸ਼ਨ ਚੰਦਰਮਾ ਦੇ ਨੇੜੇ ਹੋਏ ਸਨ। ਲੀ ਨੇ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੂੰ ਦਸਿਆ ਕਿ ਚੰਦਰਮਾ ਬਾਰੇ ਸਾਡਾ ਮੌਜੂਦਾ ਗਿਆਨ ਮੁੱਖ ਤੌਰ ’ਤੇ ਇਸ ਦੇ ਨੇੜੇ ਤੋਂ ਇਕੱਤਰ ਕੀਤੇ ਨਮੂਨਿਆਂ ’ਤੇ ਕੀਤੀ ਗਈ ਖੋਜ ਤੋਂ ਆਇਆ ਹੈ, ਜੋ ਪੂਰੇ ਚੰਦਰਮਾ ਦੀ ਵਿਆਪਕ ਵਿਗਿਆਨਕ ਸਮਝ ਨੂੰ ਦਰਸਾਉਂਦਾ ਨਹੀਂ ਹੈ।