Russia ਦੀ America ਨੂੰ ਅਸਿੱਧੀ ਚਿਤਾਵਨੀ
ਈਰਾਨ ਨਾਲ ਮੱਥਾ ਲਾ ਕੇ ਜਿਥੇ ਡੌਨਲਡ ਟਰੰਪ ਕਸੂਤੇ ਫਸੇ ਚੁੱਕੇ ਹਨ, ਉਥੇ ਹੀ ਰੂਸ ਨੇ ਯੂਕਰੇਨ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕਰਦਿਆਂ ਇਕ ਹਜ਼ਾਰ ਡਰੋਨ ਦਾਗ ਦਿਤੇ

By : Upjit Singh
ਤਹਿਰਾਨ : ਈਰਾਨ ਨਾਲ ਮੱਥਾ ਲਾ ਕੇ ਜਿਥੇ ਡੌਨਲਡ ਟਰੰਪ ਕਸੂਤੇ ਫਸੇ ਚੁੱਕੇ ਹਨ, ਉਥੇ ਹੀ ਰੂਸ ਨੇ ਯੂਕਰੇਨ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕਰਦਿਆਂ ਇਕ ਹਜ਼ਾਰ ਡਰੋਨ ਦਾਗ ਦਿਤੇ। ਵਲਾਦੀਮੀਰ ਪੁਤਿਨ ਦਾ ਇਹ ਹਮਲਾ ਅਸਿੱਧੇ ਤੌਰ ’ਤੇ ਅਮਰੀਕਾ ਨੂੰ ਚਿਤਾਵਨੀ ਵੀ ਮੰਨਿਆ ਜਾ ਰਿਹਾ ਹੈ ਜਿਸ ਵੱਲੋਂ ਇਜ਼ਰਾਈਲ ਨਾਲ ਰਲ ਕੇ ਈਰਾਨ ਨੂੰ ਤਬਾਹ ਕਰਨ ਦਾ ਕੋਈ ਮੌਕਾ ਖੁੰਝਣ ਨਹੀਂ ਦਿਤਾ ਜਾ ਰਿਹਾ। ਦੂਜੇ ਪਾਸੇ ਈਰਾਨ ਜੰਗ ਐਨੀ ਅੱਗੇ ਵਧ ਚੁੱਕੀ ਹੈ ਕਿ ਡੌਨਲਡ ਟਰੰਪ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਹੋਰਮੁਜ਼ ਸਟ੍ਰੇਟ ਰਾਹੀਂ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਆਮ ਵਾਂਗ ਸ਼ੁਰੂ ਨਹੀਂ ਹੋ ਸਕੀ।
ਯੂਕਰੇਨ ਉਤੇ ਇਕ ਹਜ਼ਾਰ ਡਰੋਨ ਦਾਗੇ
ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਰੱਖਿਆ ਮਾਹਰਾਂ ਦੀਆਂ ਦਲੀਲਾਂ ਨਾਲ ਤੋਲਿਆ ਜਾਵੇ ਪਤਾ ਲਗਦਾ ਹੈ ਕਿ ਈਰਾਨ ਨਾਲ ਸਮਝੌਤਾ ਲਾਜ਼ਮੀ ਹੋਵੇਗਾ ਜਾਂ ਅਮਰੀਕਾ ਨੂੰ ਬੇਹੱਦ ਵੱਡੀ ਫ਼ੌਜੀ ਕਾਰਵਾਈ ਕਰਨੀ ਹੋਵੇਗੀ। ਇਨ੍ਹਾਂ ਦੋ ਬਦਲਾਂ ਤੋਂ ਬਗੈਰ ਹੋਰਮੁਜ਼ ਲਾਂਘਾ ਨਹੀਂ ਖੁੱਲ੍ਹ ਸਕਦਾ। ਮਾਹਰਾਂ ਮੁਤਾਬਕ ਹੋਰਮੁਜ਼ ਸਟ੍ਰੇਟ ਇਲਾਕੇ ਵਿਚ ਈਰਾਨ ਦੇ ਕਈ ਟਾਪੂ ਮੌਜੂਦ ਹਨ ਅਤੇ ਸਮੁੰਦਰੀ ਜਹਾਜ਼ਾਂ ਨੂੰ ਈਰਾਨੀ ਇਲਾਕੇ ਦੇ ਬਹੁਤ ਨੇੜਿਉਂ ਲੰਘਣਾ ਪੈਂਦਾ ਹੈ। ਈਰਾਨ ਕੋਲ ਲੁਕਾਏ ਜਾਣ ਸਕਣ ਵਾਲੇ ਛੋਟੇ ਹਥਿਆਰ ਮੌਜੂਦ ਹਨ ਪਰ ਇਕ ਸਮੁੰਦਰੀ ਜਹਾਜ਼ ਤਬਾਹ ਕਰਨ ਵਾਸਤੇ ਇਹ ਕਾਫ਼ੀ ਹੋਣਗੇ। ਪਹਾੜ, ਗੁਫ਼ਾਵਾਂ ਅਤੇ ਸੁਰੰਗਾਂ ਦੀ ਕੋਈ ਗਿਣਤੀ ਨਹੀਂ ਅਤੇ ਇਥੇ ਜਿੱਤ ਹਾਸਲ ਕਰਨ ਵਾਸਤੇ ਅਮਰੀਕਾ ਨੂੰ ਵੱਡੀ ਫੌਜ ਲੋੜੀਂਦੀ ਹੋਵੇਗੀ।


