ਯੂ.ਕੇ. ’ਚ ਜਲਦ ਕਾਬੂ ਆ ਸਕਦੈ ਰੁਪਿੰਦਰ ਕੌਰ ਪੰਧੇਰ ਦਾ ਕਾ.ਤਲ
ਪਿਆਰ ਦੀ ਭਾਲ ਵਿਚ ਅਮਰੀਕਾ ਤੋਂ ਪੰਜਾਬ ਆਈ 71 ਸਾਲਾ ਰੁਪਿੰਦਰ ਕੌਰ ਪੰਧੇਰ ਦੇ ਕਥਿਤ ਕਾਤਲ ਚਰਨਜੀਤ ਸਿੰਘ ਨੂੰ ਯੂ.ਕੇ. ਵਿਚ ਗ੍ਰਿਫ਼ਤਾਰ ਕਰਵਾਉਣ ਦੀ ਤਿਆਰੀ ਹੋ ਚੁੱਕੀ ਹੈ

By : Upjit Singh
ਲੁਧਿਆਣਾ : ਪਿਆਰ ਦੀ ਭਾਲ ਵਿਚ ਅਮਰੀਕਾ ਤੋਂ ਪੰਜਾਬ ਆਈ 71 ਸਾਲਾ ਰੁਪਿੰਦਰ ਕੌਰ ਪੰਧੇਰ ਦੇ ਕਥਿਤ ਕਾਤਲ ਚਰਨਜੀਤ ਸਿੰਘ ਨੂੰ ਯੂ.ਕੇ. ਵਿਚ ਗ੍ਰਿਫ਼ਤਾਰ ਕਰਵਾਉਣ ਦੀ ਤਿਆਰੀ ਹੋ ਚੁੱਕੀ ਹੈ। ਚਰਨਜੀਤ ਸਿੰਘ ਅਤੇ ਰੁਪਿੰਦਰ ਕੌਰ ਦੀ ਮੁਲਾਕਾਤ ਇਕ ਮੈਟਰੀਮੌਨੀਅਲ ਵੈਬਸਾਈਟ ਰਾਹੀਂ ਹੋਈ ਅਤੇ ਵਿਆਹ ਦਾ ਲਾਰਾ ਲਾ ਕੇ ਚਰਨਜੀਤ ਸਿੰਘ ਨੇ 35 ਲੱਖ ਰੁਪਏ ਠੱਗ ਲਏ ਪਰ ਬਾਅਦ ਵਿਚ ਵਿਆਹ ਕਰਵਾਉਣ ਤੋਂ ਹੀ ਮੁਕਰ ਗਿਆ। ਚਰਨਜੀਤ ਸਿੰਘ ਨੇ ਰੁਪਿੰਦਰ ਕੌਰ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਘੜ ਲਈ ਅਤੇ ਇਸੇ ਯੋਜਨਾ ਤਹਿਤ ਲੁਧਿਆਣਾ ਸੱਦਿਆ। ਰੁਪਿੰਦਰ ਕੌਰ ਦੇ ਕਤਲ ਅਤੇ ਲਾਸ਼ ਖੁਰਦ ਬੁਰਦ ਕਰਨ ਦੀ ਜ਼ਿੰਮੇਵਾਰੀ ਸੁਖਜੀਤ ਨੂੰ ਸੌਂਪੀ ਗਈ।ਪੁਲਿਸ ਮੁਤਾਬਕ ਰੁਪਿੰਦਰ ਕੌਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਅਤੇ ਚਰਨਜੀਤ ਸਿੰਘ ਨਾਲ ਇਕ ਸਾਲ ਤੱਕ ਅਫੇਅਰ ਚਲਦਾ ਰਿਹਾ। ਚਰਨਜੀਤ ਵਿਆਹ ਤੋਂ ਮੁਕਰਿਆ ਤਾਂ ਰੁਪਿੰਦਰ ਕੌਰ ਨੇ ਬਲਾਤਕਾਰ ਦੇ ਮਾਮਲੇ ਵਿਚ ਫਸਾਉਣ ਦਾ ਡਰਾਵਾ ਦਿਤਾ। ਦੂਜੇ ਪਾਸੇ ਕਿਲਾ ਰਾਏਪੁਰ ਕੋਰਟ ਦੇ ਟਾਈਪਿਸਟ ਸੁਖਜੀਤ ਸਿੰਘ ਜਿਸ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਦੇ ਭਰਾ ਮਨਵੀਰ ਉਰਫ਼ ਭਲਵਾਨ ਦੀ ਭਾਲ ਵਿਚ ਪੁਲਿਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ।
ਚਰਨਜੀਤ ਸਿੰਘ ਨੂੰ ਘੇਰਨ ਦੀ ਰਣਨੀਤੀ ਤਿਆਰ
ਪੁਲਿਸ ਵੱਲੋਂ ਉਨ੍ਹਾਂ ਕਬੱਡੀ ਮੈਚਾਂ ਦੀ ਪੜਤਾਲ ਵੀ ਕੀਤੀ ਜਾਵੇਗੀ ਜਿਥੇ ਮਨਵੀਰ ਦੇ ਖੇਡਣ ਦਾ ਸ਼ੱਕ ਹੋਵੇ। ਹਾਲ ਹੀ ਵਿਚ ਪੁਲਿਸ ਦੇ ਹੱਥ ਕੁਝ ਵੀਡੀਓ ਕਲਿੱਪ ਲੱਗੇ ਜਿਨ੍ਹਾਂ ਰਾਹੀਂ ਮਨਵੀਰ ਦੀ ਲੋਕੇਸ਼ਨ ਟ੍ਰੇਸ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਕਿਲਾ ਰਾਏਪੁਰ ਦੇ ਇਕ ਘਰ ਵਿਚ ਰੁਪਿੰਦਰ ਕੌਰ ਦਾ ਕਤਲ ਕਰ ਕੇ ਲਾਸ਼ ਕੋਲਿਆਂ ਨਾਲ ਸਾੜ ਦਿਤੀ ਗਈ ਅਤੇ ਦੋ ਮਹੀਨੇ ਤੱਕ ਰੁਪਿੰਦਰ ਕੌਰ ਦੀ ਕਿਸੇ ਨੂੰ ਕੋਈ ਉਘ ਸੁੱਘ ਨਾ ਮਿਲੀ। ਮੰਨਿਆ ਜਾ ਰਿਹਾ ਹੈ ਸੁਖਜੀਤ ਸਿੰਘ ਸੋਨੂੰ ਕਿਸੇ ਵੀ ਵੇਲੇ ਆਪਣੇ ਬਿਆਨਾਂ ਤੋਂ ਮੁਕਰ ਸਕਦਾ ਹੈ। ਕਾਨੂੰਨ ਦੇ ਜਾਣਕਾਰਾਂ ਮੁਤਾਬਕ ਜਿਹੜਾ ਸ਼ਖਸ ਦੋ ਮਹੀਨੇ ਤੱਕ ਕਤਲ ’ਤੇ ਪਰਦਾ ਪਾ ਸਕਦਾ ਹੈ, ਉਹ ਅਦਾਲਤ ਵਿਚ ਜਾ ਕੇ ਆਪਣੇ ਬਿਆਨ ਵੀ ਬਦਲ ਸਕਦਾ ਹੈ। ਪੁਲਿਸ ਵੱਲੋਂ ਮੁਢਲੇ ਤੌਰ ’ਤੇ ਕੀਤੀ ਪੁੱਛ ਪੜਤਾਲ ਦੌਰਾਨ ਸੁਖਜੀਤ ਸਿੰਘ ਸੋਨੂੰ ਖੁਦ ਨੂੰ ਬੇਕਸੂਰ ਦਸਦਾ ਰਿਹਾ ਪਰ ਡੇਹਲੋਂ ਪੁਲਿਸ ਨੂੰ ਮਿਲੀ ਸੂਹ ਰਾਹੀਂ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ਜਾ ਸਕੀ। ਪੰਜਾਬ ਪੁਲਿਸ ਐਨ.ਆਰ.ਆਈ. ਚਰਨਜੀਤ ਸਿੰਘ ਗਰੇਵਾਲ ਵਿਰੁੱਧ ਪਹਿਲਾਂ ਹੀ ਲੁਕ ਆਊਟ ਨੋਟਿਸ ਜਾਰੀ ਕਰ ਚੁੱਕੀ ਹੈ। ਰੁਪਿੰਦਰ ਕੌਰ ਪੰਧੇਰ ਦੀ ਟੈਕਸਸ ਰਹਿੰਦੀ ਭੈਣ ਕਮਲਜੀਤ ਕੌਰ ਖਹਿਰਾ ਵੱਲੋਂ ਮੁਢਲੇ ਤੌਰ ’ਤੇ ਲਗਾਤਾਰ ਕੇਸ ਦੀ ਪੈਰਵੀ ਕੀਤੀ ਗਈ ਅਤੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਪਰ ਹੁਣ ਉਨ੍ਹਾਂ ਦੀਆਂ ਸਰਗਰਮੀਆਂ ਵੀ ਨਜ਼ਰ ਨਹੀਂ ਆ ਰਹੀਆਂ।
ਪੰਜਾਬ ਪੁਲਿਸ ਨੇ ਫੈਲਾਅ ਦਿਤਾ ਜਾਲ
ਕਮਲਜੀਤ ਕੌਰ ਮੁਤਾਬਕ ਰੁਪਿੰਦਰ ਕੌਰ ਦੇ ਸਾਰੇ ਦਸਤਾਵੇਜ਼ ਅਤੇ ਵਿੱਤੀ ਲੈਣ-ਦੇਣ ਅਮਰੀਕਾ ਦੇ ਪਾਸਪੋਰਟ ’ਤੇ ਆਧਾਰਤ ਹੈ ਅਤੇ ਪਾਸਪੋਰਟ ਵਿਚ ਪੱਕਾ ਪਤਾ ਸਿਐਟਲ ਦਾ ਦਰਜ ਹੈ। ਰੁਪਿੰਦਰ ਕੌਰ ਦੇ ਚਰਨਜੀਤ ਸਿੰਘ ਨਾਲ ਸਬੰਧਾਂ ਬਾਰੇ ਵੱਖੋ ਵੱਖਰੀਆਂ ਕਹਾਣੀਆਂ ਉਭਰ ਰਹੀਆਂ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਦੋਹਾਂ ਦੀ ਮੁਲਾਕਾਤ 2014 ਵਿਚ ਹੋਈ ਜਦਕਿ ਕੁਝ ਲੋਕ ਰਿਸ਼ਤੇ ਨੂੰ 2-4 ਸਾਲ ਪੁਰਾਣਾ ਦੱਸ ਰਹੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰੁਪਿੰਦਰ ਕੌਰ ਪਿਛਲੇ ਸਾਲ ਅਕਤੂਬਰ ਵਿਚ ਭਾਰਤ ਆਈ ਅਤੇ ਮਈ 2025 ਵਿਚ ਅਮਰੀਕਾ ਪਰਤ ਗਈ। ਇਸ ਮਗਰੋਂ ਉਹ ਜੂਨ ਵਿਚ ਮੁੜ ਭਾਰਤ ਆਈ ਅਤੇ ਚਰਨਜੀਤ ਸਿੰਘ ਦੇ ਜਾਣਕਾਰਾਂ ਨੂੰ ਮਿਲੀ। ਰੁਪਿੰਦਰ ਕੌਰ ਨੇ ਮੁਲਜ਼ਮਾਂ ਦੇ ਖਾਤਿਆਂ ਵਿਚ 30 ਤੋਂ 35 ਲੱਖ ਰੁਪਏ ਟ੍ਰਾਂਸਫਰ ਕੀਤੇ ਅਤੇ ਇਸ ਮਗਰੋਂ ਚਰਨਜੀਤ ਸਿੰਘ ਵਿਆਹ ਤੋਂ ਆਨਾਕਾਨੀ ਕਰਨ ਲੱਗਾ ਅਤੇ ਸੁਖਜੀਤ ਨੂੰ 50 ਲੱਖ ਰੁਪਏ ਦਾ ਲਾਲਚ ਦੇ ਕੇ ਕਤਲ ਕਰਨ ਵਾਸਤੇ ਆਖਿਆ। ਸੁਖਜੀਤ ਨੇ 12 ਤੋਂ 15 ਜੁਲਾਈ ਦਰਮਿਆਨ ਰੁਪਿੰਦਰ ਦਾ ਕਤਲ ਕਰ ਕੇ ਲਾਸ਼ ਖੁਰਦ ਬੁਰਦ ਕਰ ਦਿਤੀ।


