ਜਰਮਨੀ ਦੇ ਬੈਂਕ ਵਿਚ ਡਾਕਾ, 30 ਮਿਲੀਅਨ ਯੂਰੋ ਲੁੱਟੇ
ਜਰਮਨੀ ਵਿਚ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਚੋਰਾਂ ਨੇ ਚੰਨ ਚਾੜ੍ਹ ਦਿਤਾ ਅਤੇ ਸ਼ਪਾਰਕਾਸਾ ਬੈਂਕ ਵਿਚੋਂ 30 ਮਿਲੀਅਨ ਯੂਰੋ ਲੈ ਕੇ ਫ਼ਰਾਰ ਹੋ ਗਏ

By : Upjit Singh
ਬਰਲਿਨ : ਜਰਮਨੀ ਵਿਚ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਚੋਰਾਂ ਨੇ ਚੰਨ ਚਾੜ੍ਹ ਦਿਤਾ ਅਤੇ ਸ਼ਪਾਰਕਾਸਾ ਬੈਂਕ ਵਿਚੋਂ 30 ਮਿਲੀਅਨ ਯੂਰੋ ਲੈ ਕੇ ਫ਼ਰਾਰ ਹੋ ਗਏ। ਗੈਲਜ਼ਨਕਰਸ਼ਨ ਸ਼ਹਿਰ ਵਿਚ ਵਾਪਰੀ ਵਾਰਦਾਤ ਦੌਰਾਨ ਚੋਰਾਂ ਨੇ ਬੈਂਕ ਦੀ ਕੰਧ ਵਿਚ ਸੰਨ੍ਹ ਲਾਉਣ ਵਾਸਤੇ ਡ੍ਰਿਲ ਦੀ ਵਰਤੋਂ ਕੀਤੀ ਅਤੇ ਬੈਂਕ ਦੇ ਅੰਦਰ ਮੌਜੂਦ ਗਾਹਕਾਂ ਦੇ ਲੌਕਰ ਤੋੜ ਕੇ ਗਹਿਣੇ ਜਾਂ ਹੋਰ ਕੀਮਤੀ ਸਮਾਨ ਵੀ ਕੱਢ ਲਿਆ। ਪੁਲਿਸ ਮੁਤਬਕ ਵਾਰਦਾਤ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਵਾਪਰੀ ਜਦੋਂ ਜ਼ਿਆਦਾਤਰ ਦੁਕਾਨਾਂ ਅਤੇ ਦਫ਼ਤਰ ਬੰਦ ਸਨ। ਚੋਰਾਂ ਨੇ ਇਹ ਸਮਾਂ ਜਾਣ-ਬੁੱਝ ਕੇ ਚੁਣਿਆ ਤਾਂਕਿ ਕਿਸੇ ਨੂੰ ਸ਼ੱਕ ਨਾ ਹੋਵੇ ਅਤੇ ਇਲਾਕੇ ਵਿਚ ਆਵਾਜਾਈ ਵੀ ਘੱਟ ਹੋਵੇ। ਚੋਰੀ ਬਾਰੇ 29 ਦਸੰਬਰ ਦੀ ਸਵੇਰ ਪੱਤਾ ਲੱਗਾ ਜਦੋਂ ਬੈਂਕ ਦਾ ਫ਼ਾਇਰ ਅਲਾਰਮ ਵੱਜਿਆ।
ਵਾਰਦਾਤ ਤੋਂ 2 ਦਿਨ ਬਾਅਦ ਪੁਲਿਸ ਨੂੰ ਲੱਗੀ ਭਿਣਕ
ਮੌਕੇ ’ਤੇ ਪੁੱਜੇ ਪੁਲਿਸ ਅਤੇ ਬੈਂਕ ਅਫ਼ਸਰਾਂ ਨੇ ਦੇਖਿਆ ਕਿ ਪਾਰਕਿੰਗ ਤੋਂ ਬੈਂਕ ਦੀ ਮੁੱਖ ਤਿਜੋਰੀ ਤੱਕ ਪੁੱਜਣ ਲਈ ਚੋਰਾਂ ਨੇ ਕੰਧ ਵਿਚ ਵੱਡਾ ਸੁਰਾਖ ਕਰ ਦਿਤਾ। ਪੁਲਿਸ ਮੁਤਾਬਕ ਬੈਂਕ ਦੇ ਨੇੜਲੇ ਇਲਾਕੇ ਵਿਚ ਰਹਿੰਦੇ ਕੁਝ ਲੋਕਾਂ ਨੇ ਸ਼ਨਿੱਚਰਵਾਰ ਰਾਤ ਤੋਂ ਐਤਵਾਰ ਸਵੇਰ ਤੱਕ ਕਈ ਨਕਾਬਪੋਸ਼ ਲੋਕਾਂ ਨੂੰ ਵੱਡੇ ਵੱਡੇ ਬੈਗ ਲਿਜਾਂਦੇ ਦੇਖਿਆ। ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕਾਲੇ ਰੰਗ ਦੀ ਔਡੀ ਆਰ.ਐਸ. 6 ਕਾਰ ਵੀ ਨਜ਼ਰ ਆਈ ਜਿਸ ਦੀ ਵਰਤੋਂ ਚੋਰਾਂ ਵੱਲੋਂ ਕੀਤੀ ਗਈ। ਪੁਲਿਸ ਵੱਲੋਂ ਇਸ ਵੱਡੀ ਵਾਰਦਾਤ ਨੂੰ ਹਾਲੀਵੁੱਡ ਫ਼ਿਲਮ ਓਸ਼ਨ ਇਲੈਵਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਦਿਨ ਦੀ ਵਿਉਂਤਬੰਦੀ ਤੋਂ ਬਗੈਰ ਐਨੀ ਵੱਡੀ ਚੋਰੀ ਨਹੀਂ ਕੀਤੀ ਜਾ ਸਕਦੀ। ਉਧਰ ਸ਼ਪਾਰਕਾਸਾ ਬੈਂਕ ਨੇ ਕਿਹਾ ਕਿ ਗਾਹਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਲੈ ਗਏ ਲੁਟੇਰੇ
ਬੈਂਕ ਨੇ ਉਮੀਦ ਜ਼ਾਹਰ ਕੀਤੀ ਕਿ ਪੁਲਿਸ ਜਲਦ ਹੀ ਚੋਰਾਂ ਨੂੰ ਫੜ ਲਵੇਗੀ ਅਤੇ ਲੋਕਾਂ ਦਾ ਪੈਸਾ ਅਤੇ ਗਹਿਣੇ ਉਨ੍ਹਾਂ ਤੱਕ ਪੁੱਜਦੇ ਕੀਤੇ ਜਾ ਸਕਣਗੇ। ਦੂਜੇ ਪਾਸੇ ਬੈਂਕ ਦੇ ਗਾਹਕ ਬਰਾਂਚ ਦੇ ਬਾਹਰ ਇਕੱਤਰ ਹੋਣ ਲੱਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਬੈਂਕ ਵਿਚ ਜਮ੍ਹਾਂ ਕਰਵਾਈ ਹੋਈ ਸੀ। ਭੀੜ ਵਿਚ ਸ਼ਾਮਲ ਇਕ ਸ਼ਖਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੈਂਕ ਵਿਚ ਡਾਕੇ ਬਾਰੇ ਪਤਾ ਲੱਗਣ ਮਗਰੋਂ ਉਹ ਸੌਂ ਨਹੀਂ ਸਕਿਆ। ਗਾਹਕਾਂ ਦੇ 95 ਫ਼ੀ ਸਦੀ ਬਕਸੇ ਚੋਰਾਂ ਨੇ ਤੋੜ ਦਿਤੇ ਅਤੇ ਨੁਕਸਾਨ ਜ਼ਿਆਦਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।


