Begin typing your search above and press return to search.

ਖ਼ੁਲਾਸਾ : ਪਹਿਲਗਾਮ ਹਮਲੇ ’ਚ ਅਮਰੀਕੀ ਕੁਨੈਕਸ਼ਨ!

ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਭਿਆਨਕ ਅੱਤਵਾਦੀ ਹਮਲੇ ਦਾ ਕੁਨੈਕਸ਼ਨ ਅਮਰੀਕਾ ਨਾਲ ਜੁੜਦਾ ਦਿਖਾਈ ਦੇ ਰਿਹਾ ਏ, ਜਿਸ ਨੂੰ ਲੈ ਕੇ ਕਈ ਹੈਰਾਨੀਜਨਕ ਖ਼ੁਲਾਸੇ ਸਾਹਮਣੇ ਆ ਰਹੇ ਨੇ। ਪਹਿਲਗਾਮ ਹਮਲੇ ਨੂੰ ਲੈ ਕੇ ਇਕ ਅਜਿਹਾ ਖ਼ੁਲਾਸਾ ਸਾਹਮਣੇ ਆਇਆ ਏ, ਜਿਸ ਨਾਲ ਪਾਕਿਸਤਾਨ ਅਤੇ ਅਮਰੀਕਾ ਦੇ ਗਠਜੋੜ ਦੀ ਗੰਦੀ ਚਾਲ ਜੱਗ ਜ਼ਾਹਿਰ ਹੋ ਗਈ ਐ।

ਖ਼ੁਲਾਸਾ : ਪਹਿਲਗਾਮ ਹਮਲੇ ’ਚ ਅਮਰੀਕੀ ਕੁਨੈਕਸ਼ਨ!
X

Makhan shahBy : Makhan shah

  |  10 May 2025 7:19 PM IST

  • whatsapp
  • Telegram

ਚੰਡੀਗੜ੍ਹ : ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਭਿਆਨਕ ਅੱਤਵਾਦੀ ਹਮਲੇ ਦਾ ਕੁਨੈਕਸ਼ਨ ਅਮਰੀਕਾ ਨਾਲ ਜੁੜਦਾ ਦਿਖਾਈ ਦੇ ਰਿਹਾ ਏ, ਜਿਸ ਨੂੰ ਲੈ ਕੇ ਕਈ ਹੈਰਾਨੀਜਨਕ ਖ਼ੁਲਾਸੇ ਸਾਹਮਣੇ ਆ ਰਹੇ ਨੇ। ਪਹਿਲਗਾਮ ਹਮਲੇ ਨੂੰ ਲੈ ਕੇ ਇਕ ਅਜਿਹਾ ਖ਼ੁਲਾਸਾ ਸਾਹਮਣੇ ਆਇਆ ਏ, ਜਿਸ ਨਾਲ ਪਾਕਿਸਤਾਨ ਅਤੇ ਅਮਰੀਕਾ ਦੇ ਗਠਜੋੜ ਦੀ ਗੰਦੀ ਚਾਲ ਜੱਗ ਜ਼ਾਹਿਰ ਹੋ ਗਈ ਐ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਪਾਕਿਸਤਾਨ ਨੇ ਕਿਵੇਂ ਰਚੀ ਸੀ ਇਹ ਖ਼ੂਨੀ ਸਾਜਿਸ਼ ਅਤੇ ਕਿਵੇਂ ਜੁੜ ਰਿਹਾ ਇਸ ਹਮਲੇ ’ਚ ਅਮਰੀਕਾ ਦਾ ਨਾਮ?


ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਏ, ਜਿਸ ਵਿਚ ਅਮਰੀਕਾ ਦਾ ਕੁਨੈਕਸ਼ਨ ਵੀ ਜੁੜਦਾ ਦਿਖਾਈ ਦੇ ਰਿਹਾ ਏ। ਦਰਅਸਲ ਇਕ ਅਮਰੀਕੀ ਸਪੇਸ ਟੈਕ ਕੰਪਨੀ ਮੈਕਸਰ ਟੈਕਨਾਲੌਜੀਜ਼ ਦੇ ਡਾਟਾ ਤੋਂ ਖ਼ੁਲਾਸਾ ਹੋਇਆ ਏ ਕਿ ਹਮਲੇ ਤੋਂ ਦੋ ਮਹੀਨੇ ਪਹਿਲਾਂ ਤੱਕ ਪਹਿਲਗਾਮ ਅਤੇ ਆਸਪਾਸ ਦੇ ਫ਼ੌਜੀ ਇਲਾਕਿਆਂ ਦੀਆਂ ਹਾਈ ਰਿਜੂਲਿਊਸ਼ਨ ਸੈਟੇਲਾਈਟ ਤਸਵੀਰਾਂ ਦੇ ਆਰਡਰ ਅਚਾਨਕ ਦੁੱਗਣੇ ਹੋ ਗਏ ਸੀ।


ਜਾਣਕਾਰੀ ਅਨੁਸਾਰ 2 ਫਰਵਰੀ ਤੋਂ 22 ਫਰਵਰੀ ਦੇ ਵਿਚਕਾਰ ਮਹਿਜ਼ 20 ਦਿਨਾਂ ਦੇ ਅੰਦਰ 12 ਆਰਡਰ ਪਹਿਲਗਾਮ ਖੇਤਰ ਦੇ ਲਈ ਦਿੱਤੇ ਗਏ ਸੀ। ਇਹ ਗਿਣਤੀ ਆਮ ਦੀ ਤੁਲਨਾ ਵਿਚ ਦੁੱਗਣੀ ਐ। ਇੱਥੇ ਹੀ ਬਸ ਨਹੀਂ, ਇਨ੍ਹਾਂ ਤਸਵੀਰਾਂ ਦੇ ਆਰਡਰ ਦੀ ਸ਼ੁਰੂਆਤ ਜੂਨ 2024 ਵਿਚ ਹੀ ਠੀਕ ਉਸ ਸਮੇਂ ਹੋਈ ਸੀ, ਜਦੋਂ ਮੈਕਸਰ ਨੇ ਪਾਕਿਸਤਾਨ ਦੀ ਇਕ ਮਸ਼ਹੂਰ ਜਿਓ ਸਪੈਸ਼ੀਅਲ ਕੰਪਨੀ ‘ਬਿਜ਼ਨੈੱਸ ਸਿਸਟਮ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਯਾਨੀ ਬੀਐਸਆਈ ਦੇ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਸੀ।


ਹੁਣ ਜਾਣਦੇ ਆਂ ਕੀ ਐ ਬੀਐਸਆਈ ਅਤੇ ਕਿਉਂ ਹੈ ਭਾਰਤ ਦੇ ਲਈ ਖ਼ਤਰਾ?

‘ਬਿਜ਼ਨੈੱਸ ਸਿਸਟਮ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਯਾਨੀ ਬੀਐਸਆਈ ਪਾਕਿਸਤਾਨ ਦੀ ਇਕ ਮਸ਼ਹੂਰ ਜਿਓ ਸਪੈਸ਼ੀਅਲ ਕੰਪਨੀ ਐ, ਜਿਸ ਦੇ ਮਾਲਕ ਓਬੈਦੁੱਲ੍ਹਾ ਸਈਅਦ ਨੂੰ ਅਮਰੀਕੀ ਅਦਾਲਤ ਨੇ ਦੋਸ਼ੀ ਕਰਾਰ ਦੇ ਕੇ ਜੇਲ੍ਹ ਭੇਜਿਆ ਸੀ, ਉਸ ’ਤੇ ਦੋਸ਼ ਸੀ ਕਿ ਉਸ ਨੇ ਗੈਰਕਾਨੂੰਨੀ ਤਰੀਕੇ ਨਾਲ ਉਚ ਪ੍ਰਦਰਸ਼ਨ ਵਾਲੇ ਕੰਪਿਊਟਰ ਅਤੇ ਸਾਫਟਵੇਅਰ ਅਮਰੀਕਾ ਤੋਂ ਪਾਕਿਸਤਾਨ ਦੇ ਆਟੋਮਿਕ ਐਨਰਜੀ ਕਮਿਸ਼ਨ ਨੂੰ ਭੇਜੇ,, ਜੋ ਪਰਮਾਣੂ ਹਥਿਆਰਾਂ ਅਤੇ ਮਿਜ਼ਾਇਲਾਂ ਬਣਾਉਣ ਦਾ ਕੰਮ ਕਰਦਾ ਏ। ਕੀ ਤੁਸੀਂ ਇਸ ਨੂੰ ਮਹਿਜ਼ ਇਤਫ਼ਾਕ ਮੰਨ ਸਕਦੇ ਹੋ ਕਿ ਉਹੀ ਕੰਪਨੀ ਹੁਣ ਇਕ ਅਮਰੀਕੀ ਸੈਟੇਲਾਈਟ ਸੇਵਾ ਪ੍ਰਦਾਤਾ ਨਾਲ ਜੁੜ ਕੇ ਭਾਰਤ ਦੇ ਫ਼ੌਜੀ ਖੇਤਰਾਂ ਦੀਆਂ ਤਸਵੀਰਾਂ ਹਾਸਲ ਕਰ ਰਹੀ ਐ?


ਇਸ ਸਬੰਧੀ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਏ ਕਿ ਇਸ ਕੰਪਨੀ ਵੱਲੋਂ ਪਹਿਲਗਾਮ, ਪੁਲਵਾਮਾ, ਅਨੰਤਨਾਗ, ਰਾਜੌਰੀ, ਪੁੰਛ ਅਤੇ ਬਾਰਾਮੂਲਾ ਖੇਤਰਾਂ ਦੀਆਂ ਹਾਈ ਰੈਜੂਲਿਊਸ਼ਨ ਸੈਟੇਲਾਈਟ ਤਸਵੀਰਾਂ ਲਈਆਂ ਗਈਆਂ। ਇਹ ਸਾਰੇ ਇਲਾਕੇ ਭਾਰਤ ਦੇ ਲਈ ਸੁਰੱਖਿਆ ਦੇ ਮੱਦੇਨਜ਼ਰ ਬੇਹੱਦ ਸੰਵੇਦਨਸ਼ੀਲ ਨੇ। ਹਰ ਤਸਵੀਰ ਦੀ ਕੀਮਤ ਕਰੀਬ 3 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਐ ਜੋ ਕੁਆਲਟੀ ਦੇ ਹਿਸਾਬ ਨਾਲ ਕਈ ਗੁਣਾ ਵਧ ਵੀ ਜਾਂਦੀ ਐ। ਇਸਰੋ ਦੇ ਇਕ ਸੀਨੀਅਰ ਵਿਗਿਆਨੀ ਦਾ ਕਹਿਣਾ ਏ ਕਿ ‘‘ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਨ੍ਹਾਂ ਸੈਟੇਲਾਈਟ ਤਸਵੀਰਾਂ ਦੀ ਵਰਤੋਂ ਅੱਤਵਾਦੀਆਂ ਦੀ ਯੋਜਨਾਬੰਦੀ ਲਈ ਕੀਤੀ ਜਾ ਸਕਦੀ ਐ। ਭਾਰਤ ਨੂੰ ਤੁਰੰਤ ਮੈਕਸਰ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਐ।

ਇਸੇ ਤਰ੍ਹਾਂ ਇੰਡੀਅਨ ਸਪੇਸ ਐਸੋਸੀਏਸ਼ਨ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਏਕੇ ਭੱਟ ਦਾ ਕਹਿਣਾ ਏ ਕਿ ਮੌਜੂਦਾ ਸਮੇਂ ਵਿਚ ਸੈਟੇਲਾਈਟ ਤਸਵੀਰਾਂ ਇੰਟੈਲੀਜੈਂਸ ਦੀ ਰੀੜ੍ਹ ਬਣ ਚੁੱਕੀਆਂ ਨੇ ਪਰ ਜਦੋਂ ਇਹੀ ਤਕਨੀਕ ਪਾਕਿਸਤਾਨ ਵਰਗੇ ਅੱਤਵਾਦ ਫੈਲਾਉਣ ਵਾਲੇ ਦੇਸ਼ਾਂ ਅਤੇ ਉਸ ਦੇ ਦਲਾਲਾਂ ਦੇ ਹੱਥਾਂ ਵਿਚ ਜਾਂਦੀ ਐ ਤਾਂ ਇਹ ਭਾਰਤ ਦੀ ਰਾਸ਼ਟਰੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਬਣ ਜਾਂਦੀ ਐ।


ਹੁਣ ਜਾਣਦੇ ਆਂ ਕਿ ਆਖ਼ਰ ਕੀ ਸੀ ਪਾਕਿਸਤਾਨ ਦੀ ਸਾਜਿਸ਼?

ਨੰਬਰ 1 : ਇਨ੍ਹਾਂ ਹਾਈ ਰੈਜੂਲੇਸ਼ਨ ਸੈਟੇਲਾਈਟ ਤਸਵੀਰਾਂ ਜ਼ਰੀਏ ਭਾਰਤੀ ਫੌਜ ਦੀ ਤਾਇਨਾਤੀ, ਸੁਰੱਖਿਆ ਟਿਕਾਣਿਆਂ ਅਤੇ ਮੂਵਮੈਂਟ ਦੀ ਨਿਗਰਾਨੀ ਕਰਨਾ

ਨੰਬਰ 2 : ਅੱਤਵਾਦੀ ਸੰਗਠਨਾਂ ਨੂੰ ਸਟੀਕ ਟਾਰਗੈੱਟਿੰਗ ਵਿਚ ਮਦਦ ਦੇਣਾ

ਨੰਬਰ 3 : ਅੱਤਵਾਦੀਆਂ ਨੂੰ ਰੂਟ ਮੈਪਿੰਗ ਅਤੇ ਲੁਕਣ ਦੇ ਸੁਰੱਖਿਅਤ ਰਸਤੇ ਮੁਹੱਈਆ ਕਰਵਾਉਣਾ

ਨੰਬਰ 4 : ਭਾਰਤ ਦੇ ਅੰਦਰੂਨੀ ਸੁਰੱਖਿਆ ਨੈੱਟਵਰਕ ਨੂੰ ਕਮਜ਼ੋਰ ਕਰਨ ਦੀ ਰਣਨੀਤੀ


ਦੱਸ ਦਈਏ ਕਿ ਇਨ੍ਹਾਂ ਵੱਡੇ ਖ਼ੁਲਾਸਿਆਂ ਵਿਚ ਅਮਰੀਕੀ ਕੰਪਨੀ ਦਾ ਨਾਮ ਆਉਣ ਨਾਲ ਭਾਰਤੀ ਲੋਕਾਂ ਦੇ ਮਨਾਂ ਵਿਚ ਕਈ ਵੱਡੇ ਸਵਾਲ ਖੜ੍ਹੇ ਹੋ ਗਏ ਨੇ ਕਿ ਆਖ਼ਰਕਾਰ ਅਮਰੀਕਾ ਭਾਰਤ ਦੇ ਨਾਲ ਹੈ ਜਾਂ ਪਾਕਿਸਤਾਨ ਦੇ ਨਾਲ?

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it