ਸੀਰੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ’ਤੇ ਬਾਗੀਆਂ ਦਾ ਕਬਜ਼ਾ
ਸੀਰੀਆ ਵਿਚ ਬਾਗੀਆਂ ਨੇ ਮੁਲਕ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ’ਤੇ ਮੁਕੰਮਲ ਕਬਜ਼ਾ ਕਰ ਲਿਆ ਹੈ ਅਤੇ ਹੁਣ ਤੱਕ ਦੋਹਾਂ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਦੌਰਾਨ 300 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
By : Upjit Singh
ਦਮਿਸ਼ਕ : ਸੀਰੀਆ ਵਿਚ ਬਾਗੀਆਂ ਨੇ ਮੁਲਕ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ’ਤੇ ਮੁਕੰਮਲ ਕਬਜ਼ਾ ਕਰ ਲਿਆ ਹੈ ਅਤੇ ਹੁਣ ਤੱਕ ਦੋਹਾਂ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਦੌਰਾਨ 300 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਦਲਿਬ ਸ਼ਹਿਰ ’ਤੇ ਵੀ ਬਾਗੀਆਂ ਨੇ ਹਮਲਾ ਕਰ ਦਿਤਾ ਹੈ ਅਤੇ ਬਸ਼ਰ ਅਲ ਅਸਦ ਦੀ ਫੌਜ ਪਿੱਛੇ ਹਟਦੀ ਨਜ਼ਰ ਆ ਰਹੀ ਹੈ। ਸੀਰੀਆ ਸਰਕਾਰ ਨੇ ਸ਼ਨਿੱਚਰਵਾਰ ਨੂੰ ਅਲੈਪੋ ਦਾ ਹਵਾਈ ਅੱਡਾ, ਹਸਪਤਾਲ ਅਤੇ ਸ਼ਹਿਰ ਨੂੰ ਹੋਰਨਾਂ ਇਲਾਕਿਆਂ ਨਾਲ ਜੋੜਨ ਵਾਲੀਆਂ ਸੜਕਾਂ ਬੰਦ ਕਰ ਦਿਤੀਆਂ। ਉਧਰ ਰੂਸ, ਸੀਰੀਆਈ ਸਰਕਾਰ ਦੀ ਮਦਦ ਕਰ ਰਿਹਾ ਹੈ ਅਤੇ ਰੂਸੀ ਫੌਜ ਵੱਲੋਂ ਸ਼ੁੱਕਰਵਾਰ ਨੂੰ ਬਾਗੀਆਂ ਦੇ ਟਿਕਾਣਿਆਂ ’ਤੇ ਜ਼ੋਰਦਾਰ ਬੰਬਾਰੀ ਕੀਤੀ ਗਈ।
ਰੂਸ ਮਦਦ ਵਾਸਤੇ ਆਇਆ, ਬਾਗੀਆਂ ਦੇ ਟਿਕਾਣਿਆਂ ’ਤੇ ਬੰਬਾਰੀ
ਰੂਸੀ ਫੌਜ 200 ਤੋਂ ਵੱਧ ਬਾਗੀਆਂ ਦੀ ਮੌਤ ਦਾ ਦਾਅਵਾ ਕਰ ਰਹੀ ਹੈ ਪਰ ਇਸ ਦੀ ਤਸਦੀਕ ਨਹੀਂ ਹੋ ਸਕੀ। ਮੀਡੀਆ ਰਿਪੋਰਟਾਂ ਮੁਤਾਬਕ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ 3 ਨਜ਼ਦੀਕੀ ਮੁਲਕ ਰੂਸ, ਈਰਾਨ ਅਤੇ ਲੈਬਨਾਨ ਆਪਣੇ ਘਰੇਲੂ ਮਾਸਲਿਆਂ ਵਿਚ ਵੀ ਉਲਝੇ ਹੋਏ ਹਨ। ਇਸ ਦੇ ਬਾਵਜੂਦ ਈਰਾਨ ਵੱਲੋਂ ਸੀਰੀਆ ਨੂੰ ਹਥਿਆਰ ਮੁਹੱਈਆ ਕਰਵਾਏ ਜਾ ਸਕਦੇ ਹਨ ਅਤੇ ਇਰਾਕ ਵਿਚ ਮੌਜੂਦ ਈਰਾਨ ਹਮਾਇਤੀ ਮਿਲੀਸ਼ੀਆ ਜਲਦ ਸੀਰੀਆ ਜਾ ਸਕਦੇ ਹਨ। ਯੂਨੈਸਕੋ ਤੋਂ ਕੌਮਾਂਤਰੀ ਵਿਰਾਸਤ ਦਾ ਦਰਜਾ ਹਾਸਲ ਅਲੈਪੋ ਸ਼ਹਿਰ ਜੰਗ ਨੇ ਬਰਬਾਦ ਕਰ ਦਿਤਾ ਹੈ। ਇਹ ਸੀਰੀਆ ਦੀ ਆਰਥਿਕ ਰਾਜਧਾਨੀ ਵੀ ਮੰਨਿਆ ਜਾਂਦਾ ਹੈ ਪਰ 2011 ਵਿਚ ਸ਼ੁਰੂ ਹੋਈ ਖਾਨਾਜੰਗੀ ਨੇ ਹਾਲਾਤ ਬਿਲਕੁਲ ਬਦਲ ਦਿਤੇ। ਦੱਸਿਆ ਜਾ ਰਿਹਾ ਹੈ ਕਿ ਸੀਰੀਆ ਵਿਚ ਬਾਗੀਆਂ ਦੀ ਮਦਦ ਅਮਰੀਕਾ, ਸਾਊਦੀ ਅਰਬ ਅਤੇ ਤੁਰਕੀਏ ਵੱਲੋਂ ਕੀਤੀ ਜਾ ਰਹੀ ਹੈ।
300 ਤੋਂ ਵੱਧ ਮੌਤਾਂ, ਈਰਾਨ ਵੀ ਮਦਦ ਭੇਜਣ ਦੀ ਤਿਆਰੀ ਵਿਚ
ਦੱਸ ਦੇਈਏ ਕਿ ਚਾਰ ਸਾਲ ਪਹਿਲਾਂ ਤੁਰਕੀ ਦੀ ਵਿਚੋਲਗੀ ਨਾਲ ਬਸ਼ਰ ਅਲ ਅਸਦ ਦੀ ਸਰਕਾਰ ਅਤੇ ਬਾਗੀ ਧੜਿਆਂ ਵਿਚਾਲੇ ਸਮਝੌਤਾ ਕਰਵਾਇਆ ਗਿਆ ਜਿਸ ਮਗਰੋਂ ਵੱਡੇ ਹਮਲਿਆਂ ਵਿਚ ਕਮੀ ਆਈ। ਸੀਰੀਆ ਵਿਚ ਖਾਨਾਜੰਗੀ ਦੀ ਸ਼ੁਰੂਆਤ 2011 ਵਿਚ ਹੋਈ ਜਦੋਂ 11 ਸਾਲ ਤੋਂ ਸੱਤਾ ’ਤੇ ਕਾਬਜ਼ ਬਸ਼ਰ ਅਲ ਅਸਦ ਦੀ ਤਾਨਾਸ਼ਾਹ ਸਰਕਾਰ ਵਿਰੁੱਧ ਲੋਕਤੰਤ ਹਮਾਇਤੀਆਂ ਨੇ ਮੁਜ਼ਾਹਰੇ ਸ਼ੁਰੂ ਕਰ ਦਿਤੇ। ਇਸ ਮਗਰੋਂ ਫਰੀ ਸੀਰੀਅਨ ਆਰਮੀ ਨਾਂ ਦਾ ਬਾਗੀ ਧੜਾ ਹੋਂਦ ਵਿਚ ਆਇਆ। ਅਮਰੀਕਾ, ਰੂਸ ਅਤੇ ਈਰਾਨ ਦੇ ਦਖਲ ਕਾਰਨ ਸੰਘਰਸ਼ ਵਧਦਾ ਚਲਾ ਗਿਆ ਅਤੇ ਇਸਲਾਮਿਕ ਸਟੇਟ ਨੇ ਵੀ ਇਥੇ ਪੈਰ ਪਸਾਰ ਲਏ। ਖਾਨਾਜੰਗੀ ਦੌਰਾਨ ਘੱਟੋ ਘੱਟ 3 ਲੱਖ ਲੋਕਾਂ ਨੇ ਜਾਨ ਗਵਾਈ ਅਤੇ ਹੁਣ ਮੁੜ ਉਸੇ ਕਿਸਮ ਦੇ ਹਾਲਾਤ ਬਣ ਚੁੱਕੇ ਹਨ।