Begin typing your search above and press return to search.

ਅਮਰੀਕਾ ਦੀਆਂ ਯੂਨੀਵਰਸਿਟੀਜ਼ ’ਤੇ ਛਾਪੇ ਤੇਜ਼

ਅਮਰੀਕਾ ਦੀਆਂ ਯੂਨੀਵਰਸਿਟੀਜ਼ ਵਿਚ ਇੰਮੀਗ੍ਰੇਸ਼ਨ ਛਾਪਿਆਂ ਦਾ ਸਿਲਸਿਲਾ ਤੇਜ਼ ਹੋ ਚੁੱਕਾ ਹੈ ਅਤੇ ਜ਼ਿਆਦਾਤਰ ਮੁਸਲਮਾਨ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ

ਅਮਰੀਕਾ ਦੀਆਂ ਯੂਨੀਵਰਸਿਟੀਜ਼ ’ਤੇ ਛਾਪੇ ਤੇਜ਼
X

Upjit SinghBy : Upjit Singh

  |  27 March 2025 12:29 PM

  • whatsapp
  • Telegram

ਸਮਰਵਿਲ : ਅਮਰੀਕਾ ਦੀਆਂ ਯੂਨੀਵਰਸਿਟੀਜ਼ ਵਿਚ ਇੰਮੀਗ੍ਰੇਸ਼ਨ ਛਾਪਿਆਂ ਦਾ ਸਿਲਸਿਲਾ ਤੇਜ਼ ਹੋ ਚੁੱਕਾ ਹੈ ਅਤੇ ਜ਼ਿਆਦਾਤਰ ਮੁਸਲਮਾਨ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਅਦਾਲਤੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਆਈਸ ਦੇ ਨਕਾਬਪੋਸ਼ ਅਫ਼ਸਰਾਂ ਵੱਲੋਂ ਤੁਰਕੀ ਨਾਲ ਸਬੰਧਤ ਇਕ ਵਿਦਿਆਰਥਣ ਨੂੰ ਹਥਕੜੀਆਂ ਲਾਏ ਜਾਣ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਸ ਦੀ ਕੋਈ ਦਲੀਲ ਨਹੀਂ ਸੁਣੀ ਜਾਂਦੀ ਅਤੇ ਉਸ ਵੱਲੋਂ ਦਿਖਾਏ ਜਾ ਰਹੇ ਵੀਜ਼ੇ ਵੱਲ ਵੀ ਕੋਈ ਧਿਆਨ ਨਹੀਂ ਦਿਤਾ ਜਾਂਦਾ। ਵਿਦਿਆਰਥਣ ਦੀ ਸ਼ਨਾਖਤ 30 ਸਾਲਾ ਰੁਮੇਜ਼ਾ ਓਜ਼ਟਰਕ ਵਜੋਂ ਕੀਤੀ ਗਈ ਹੈ ਅਤੇ ਨਕਾਬਪੋਸ਼ਾਂ ਵੱਲੋਂ ਪੁਲਿਸ ਅਫ਼ਸਰ ਹੋਣ ਦਾ ਦਾਅਵਾ ਸੁਣਿਆ ਜਾ ਸਕਦਾ।

ਇੰਮੀਗ੍ਰੇਸ਼ਨ ਵਾਲਿਆਂ ਨੇ ਘੇਰੇ ਸੈਂਕੜੇ ਵਿਦਿਆਰਥੀ

ਰੁਮੇਜ਼ਾ, ਮੈਸਾਚਿਊਸੈਟਸ ਦੀ ਟਫ਼ਟਸ ਯੂਨੀਵਰਸਿਟੀ ਪੀ.ਐਚ.ਡੀ. ਕਰ ਰਹੀ ਹੈ ਅਤੇ ਉਸ ਦੀ ਵਕੀਲ ਮਾਹਸਾ ਖਾਨਬਬਾਈ ਨੇ ਦੱਸਿਆ ਕਿ ਉਸ ਦੀ ਮੁਵੱਕਲ ਇਫ਼ਤਾਰ ਦੌਰਾਨ ਆਪਣੀਆਂ ਸਹੇਲੀਆਂ ਨੂੰ ਮਿਲਣ ਪੁੱਜੀ ਸੀ ਜਦੋਂ ਇੰਮੀਗ੍ਰੇਸ਼ਨ ਵਾਲਿਆਂ ਨੇ ਘੇਰਾ ਪਾ ਲਿਆ। ਫਿਲਹਾਲ ਰੁਮੇਜ਼ਾ ਦਾ ਕੋਈ ਅਤਾ-ਪਤਾ ਨਹੀਂ। ਮਾਹਸਾ ਨੇ ਦੋਸ਼ ਲਾਇਆ ਕਿ ਲੋਕਾਂ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਲੋਕ ਅਗਵਾ ਕਰ ਕੇ ਲਿਜਾਏ ਜਾ ਰਹੇ ਹਨ। ਟਫ਼ਟਸ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਸੁਨੀਲ ਕੁਮਾਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਬੰਧਤ ਵਿਦਿਆਰਥਣ ਦਾ ਸਟੱਡੀ ਵੀਜ਼ਾ ਰੱਦ ਕੀਤਾ ਜਾ ਚੁੱਕਾ ਹੈ। ਡੈਮੋਕ੍ਰੈਟਿਕ ਪਾਰਟੀ ਦੀ ਸੰਸਦ ਮੈਂਬਰ ਅਯਾਨਾ ਪ੍ਰੈਸਲੀ ਨੇ ਰੁਮੇਜ਼ਾ ਦੀ ਗ੍ਰਿਫ਼ਤਾਰੀ ਨੂੰ ਹੌਲਨਾਕ ਕਰਾਰ ਦਿੰਦਿਆਂ ਕਿਹਾ ਹੈ ਕਿ ਉਸ ਦੇ ਸੰਵਿਧਾਨਕ ਹੱਕਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾ ਦਿਤੀਆਂ ਗਈਆਂ। ਮੈਸਾਚਿਊਸੈਟਸ ਦੀ ਅਟੌਰਨੀ ਜਨਰਲ ਐਂਡਰੀਆ ਜੌਏ ਕੈਂਪਬੈਲ ਨੇ ਵੀਡੀਓ ਨੂੰ ਦਿਲ ਕੰਬਾਊ ਕਰਾਰ ਦਿਤਾ। ਉਧਰ ਮਾਮਲਾ ਅਦਾਲਤ ਵਿਚ ਪੁੱਜਾ ਤਾਂ ਜ਼ਿਲ੍ਹਾ ਜੱਜ ਇੰਦਰਾ ਤਲਵਾਨੀ ਵੱਲੋਂ ਰੁਮੇਜ਼ਾ ਨੂੰ ਡਿਪੋਰਟ ਕਰਨ ’ਤੇ ਰੋਕ ਲਾਉਂਦਿਆਂ ਟਰੰਪ ਸਰਕਾਰ ਤੋਂ ਜਵਾਬ ਤਲਬੀ ਕੀਤੀ ਗਈ ਹੈ। ਜੱਜ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਰੁਮੇਜ਼ਾ ਨੂੰ ਮੈਸਾਚਿਊਸੈਟਸ ਤੋਂ ਬਾਹਰ ਲਿਜਾਣ ਲਈ 48 ਘੰਟੇ ਪਹਿਲਾਂ ਨੋਟਿਸ ਦੇਣਾ ਹੋਵੇਗਾ ਪਰ ਅਦਾਲਤੀ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲੇ ਰੁਮੇਜ਼ਾ ਨੂੰ ਲੂਈਜ਼ਿਆਨਾ ਲੈ ਗਏ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੇ ਇਕ ਬੁਲਾਰੇ ਵੱਲੋਂ ਰੁਮੇਜ਼ਾ ਦਾ ਵੀਜ਼ਾ ਰੱਦ ਕਰਦਿਆਂ ਹਿਰਾਸਤ ਵਿਚ ਰੱਖੇ ਜਾਣ ਦੀ ਤਸਦੀਕ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰੁਮੇਜ਼ਾ ਸਣੇ ਚਾਰ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ’ਤੇ ਲਿਖਿਆ ਇਕ ਲੇਖ ਮਸਲੇ ਦੀ ਜੜ ਹੈ ਜਿਸ ਵਿਚ ਯੂਨੀਵਰਸਿਟੀ ਨੂੰ ਫਲਸਤੀਨੀਆਂ ਦਾ ਮੁੱਦਾ ਸੁਲਝਾਉਣ ਵਿਚ ਅਸਫ਼ਲ ਰਹਿਣ ਦਾ ਕਸੂਰਵਾਰ ਠਹਿਰਾਇਆ ਗਿਆ ਹੈ।

ਮੈਸਾਚਿਊਸੈਟਸ ਵਿਖੇ ਕੁੜੀ ਨੂੰ ਗ੍ਰਿਫ਼ਤਾਰ ਕਰਨ ਦੀ ਵੀਡੀਓ ਵਾਇਰਲ

ਇਸੇ ਦੌਰਾਨ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਬੁੱਧਵਾਰ ਸ਼ਾਮ ਸਮਰਵਿਲ ਵਿਖੇ ਇਕੱਤਰ ਹੋ ਗਏ ਅਤੇ ਰੁਮੇਜ਼ਾ ਦੀ ਰਿਹਾਈ ਦੀ ਮੰਗ ਕਰਨ ਲੱਗੇ। ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਅਮਰੀਕਾ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਪ੍ਰਵਾਸੀਆਂ ਦੇ ਹੱਕਾਂ ਦੀ ਰਾਖੀ ਕਰਨ ਵਿਚ ਅਸਫ਼ਲ ਰਹੀਆਂ ਅਤੇ ਫਲਸਤੀਨੀਆਂ ਨੂੰ ਵੀ ਦਬਾਇਆ ਜਾ ਰਿਹਾ ਹੈ। ਸਮਰਵਿਲ ਵਿਖੇ ਆਪਣੇ ਕਾਰੋਬਾਰ ਕਰ ਰਿਹਾ ਇਕ ਸ਼ਖਸ ਆਪਣੀ ਪਤਨੀ ਅਤੇ ਤਿੰਨ ਸਾਲ ਦੇ ਬੇਟੇ ਨਾਲ ਰੋਸ ਵਿਖਾਵੇ ਵਿਚ ਸ਼ਾਮਲ ਹੋਇਆ। ਉਸ ਨੇ ਕਿਹਾ ਕਿ ਗਰੀਨ ਕਾਰਡ ਹੋਲਡਰਜ਼ ਜਾਂ ਸਟੱਡੀ ਵੀਜ਼ਾ ’ਤੇ ਆਏ ਲੋਕ ਅਚਨਚੇਤ ਗਾਇਬ ਹੋ ਰਹੇ ਹਨ ਜਾਂ ਉਨ੍ਹਾਂ ਨੂੰ ਅਗਵਾ ਕਰ ਕੇ ਲਿਜਾਇਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਟਫਟਸ ਯੂਨੀਵਰਸਿਟੀ ਵਿਚ ਆਉਣ ਤੋਂ ਪਹਿਲਾਂ ਰੁਮੇਜ਼ਾ ਕੁਝ ਵਰ੍ਹੇ ਨਿਊ ਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਵਿਚ ਵੀ ਪੜ੍ਹਾਈ ਕੀਤੀ ਅਤੇ ਹੁਣ ਇਹ ਸਭ ਭੁਗਤਣਾ ਪੈ ਰਿਹਾ ਹੈ।

Next Story
ਤਾਜ਼ਾ ਖਬਰਾਂ
Share it