ਯੂ.ਕੇ. ਵਿਚ ਪੰਜਾਬੀ ਨੌਜਵਾਨ ਦਾ ਛੁਰੇ ਮਾਰ ਕੇ ਕਤਲ
ਬਰਤਾਨੀਆ ਵਿਚ ਇਕ ਪੰਜਾਬੀ ਨੌਜਵਾਨ ਦਾ ਛੁਰੇ ਮਾਰ ਕੇ ਕਤਲ ਦਿਤਾ ਗਿਆ ਅਤੇ ਪੁਲਿਸ ਵੱਲੋਂ ਗ੍ਰਿਫ਼ਤਾਰ ਪੰਜ ਸ਼ੱਕੀ ਪੰਜਾਬੀ ਹੀ ਦੱਸੇ ਜਾ ਰਹੇ ਹਨ

By : Upjit Singh
ਲੰਡਨ : ਬਰਤਾਨੀਆ ਵਿਚ ਇਕ ਪੰਜਾਬੀ ਨੌਜਵਾਨ ਦਾ ਛੁਰੇ ਮਾਰ ਕੇ ਕਤਲ ਦਿਤਾ ਗਿਆ ਅਤੇ ਪੁਲਿਸ ਵੱਲੋਂ ਗ੍ਰਿਫ਼ਤਾਰ ਪੰਜ ਸ਼ੱਕੀ ਪੰਜਾਬੀ ਹੀ ਦੱਸੇ ਜਾ ਰਹੇ ਹਨ ਜਿਨ੍ਹਾਂ ਵਿਚੋਂ ਇਕ ਦੀ ਸ਼ਨਾਖਤ 27 ਸਾਲ ਦੇ ਅਮਰਦੀਪ ਸਿੰਘ ਵਜੋਂ ਕੀਤੀ ਗਈ ਹੈ। ਇਲਫਰਡ ਦੇ ਫੈੱਲਬ੍ਰਿਗਾ ਰੋਡ ਇਲਾਕੇ ਦੇ ਇਕ ਘਰ ਵਿਚ 30 ਸਾਲਾ ਗੁਰਮੁਖ ਸਿੰਘ ਉਰਫ਼ ਗੈਰੀ ਨੂੰ ਤੇਜ਼ਧਾਰ ਹਥਿਆਰ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋ ਧਿਰਾਂ ਦਰਮਿਆਨ ਹੋਇਆ ਝਗੜਾ ਛੁਰੇਬਾਜ਼ੀ ਦਾ ਕਾਰਨ ਬਣਿਆ।
ਪੁਲਿਸ ਨੇ 5 ਪੰਜਾਬੀਆਂ ਨੂੰ ਕੀਤਾ ਗ੍ਰਿਫ਼ਤਾਰ
ਫਿਲਹਾਲ ਕਤਲ ਦੇ ਕਾਰਨਾਂ ਬਾਰੇ ਪੁਲਿਸ ਵੱਲੋਂ ਸਪੱਸ਼ਟ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਪਰ ਅਮਰਦੀਪ ਸਿੰਘ ਤੋਂ ਇਲਾਵਾ ਤਿੰਨ ਔਰਤਾਂ ਨੂੰ ਵੀ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਉਮਰ 29 ਸਾਲ, 30 ਸਾਲ ਅਤੇ 54 ਸਾਲ ਦੱਸੀ ਜਾ ਰਹੀ ਹੈ ਜਦਕਿ ਇਨ੍ਹਾਂ ਦੇ ਇਕ ਹੋਰ ਪੁਰਸ਼ ਸਾਥੀ ਦੀ ਉਮਰ 29 ਸਾਲ ਦੱਸੀ ਗਈ ਹੈ। ਉਧਰ ਲੰਡਨ ਐਂਬੁਲੈਂਸ ਸਰਵਿਸ ਨੇ ਦੱਸਿਆ ਕਿ ਮੌਕਾ ਏ ਵਾਰਦਾਤ ’ਤੇ ਮਿਲੇ ਜ਼ਖਮੀ ਦਾ ਖੂਨ ਲਗਾਤਾਰ ਵਗ ਰਿਹਾ ਸੀ ਅਤੇ ਉਸ ਨੂੰ ਮੁਢਲੀ ਸਹਾਇਤਾ ਦਿੰਦਿਆਂ ਹਸਪਤਾਲ ਲਿਜਾਣ ਦਾ ਯਤਨ ਕੀਤਾ ਗਿਆ ਪਰ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ। ਮੈਟਰੋਪੌਲੀਟਨ ਪੁਲਿਸ ਦੇ ਸਪੈਸ਼ਲਿਸਟ ਕ੍ਰਾਈਮ ਯੂਨਿਟ ਦੀ ਡਿਟੈਕਟਿਵ ਚੀਫ਼ ਇੰਸਪੈਕਟਰ ਜੋਆਨਾ ਯਾਰਕ ਨੇ ਵਾਰਦਾਤ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਇਲਾਕੇ ਵਿਚ ਵਸਦੇ ਲੋਕਾਂ ਨੂੰ ਕਤਲ ਬਾਰੇ ਸੁਣ ਕੇ ਵੱਡਾ ਝਟਕਾ ਲੱਗਾ ਅਤੇ ਬਿਨਾਂ ਸ਼ੱਕ ਭਾਈਚਾਰੇ ’ਤੇ ਨਾਂਹਪੱਖੀ ਅਸਰ ਪਿਆ। ਪੁਲਿਸ ਦੀਆਂ ਗੱਡੀਆਂ ਦੇਖ ਕੇ ਲੋਕਾਂ ਵਿਚ ਕਈ ਕਿਸਮ ਦੇ ਸ਼ੰਕੇ ਉਠ ਰਹੇ ਸਨ।
ਪੂਰਬੀ ਲੰਡਨ ਦੇ ਇਕ ਘਰ ਵਿਚ ਹੋਇਆ ਸੀ ਝਗੜਾ
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਅੱਗੇ ਆਉਣ। ਦੂਜੇ ਪਾਸੇ ਪੀੜਤ ਪਰਵਾਰ ਨੇ ਗੁਰਮੁਖ ਸਿੰਘ ਉਰਫ਼ ਗੈਰੀ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਹਰ ਇਕ ਨਾਲ ਘੁਲਣ ਮਿਲਣ ਵਾਲਾ ਇਨਸਾਨ ਸੀ। ਸਮਾਜਿਕ ਸਮਾਗਮਾਂ ਵਿਚ ਉਹ ਵਧ-ਚੜ੍ਹ ਕੇ ਹਿੱਸਾ ਲੈਂਦਾ। ਗੈਰੀ ਦੇ ਸਦੀਵੀ ਵਿਛੋੜੇ ਦਾ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ ਹੈ ਪਰ ਉਸ ਦੀਆਂ ਯਾਦਾਂ ਪਰਵਾਰਕ ਮੈਂਬਰਾਂ ਦੇ ਦਿਲ ਵਿਚ ਹਮੇਸ਼ਾ ਕਾਇਮ ਰਹਿਣਗੀਆਂ।


