America ਤੋਂ ਪੰਜਾਬੀ ਨੌਜਵਾਨ ਡਿਪੋਰਟ
ਅਮਰੀਕਾ ਤੋਂ ਡਿਪੋਰਟ ਪੰਜਾਬੀ ਨੌਜਵਾਨ ਆਪਣੇ ਆਪ ਨੂੰ ਖੁਸ਼ਕਿਸਮਤ ਮੰਨ ਰਿਹਾ ਹੈ ਜੋ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਦੇ ਨਰਕ ਵਿਚੋਂ ਨਿਕਲ ਕੇ ਆਪਣੇ ਪਿੰਡ ਪੁੱਜ ਸਕਿਆ

By : Upjit Singh
ਨਿਊ ਯਾਰਕ : ਅਮਰੀਕਾ ਤੋਂ ਡਿਪੋਰਟ ਪੰਜਾਬੀ ਨੌਜਵਾਨ ਆਪਣੇ ਆਪ ਨੂੰ ਖੁਸ਼ਕਿਸਮਤ ਮੰਨ ਰਿਹਾ ਹੈ ਜੋ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਦੇ ਨਰਕ ਵਿਚੋਂ ਨਿਕਲ ਕੇ ਆਪਣੇ ਪਿੰਡ ਪੁੱਜ ਸਕਿਆ ਜਦਕਿ ਦੂਜੇ ਪਾਸੇ ਇਕ ਭਾਰਤੀ ਬਜ਼ੁਰਗ ਡੀਪੋਰਟੇਸ਼ਨ ਦੇ ਹੁਕਮਾਂ ਵਿਰੁੱਧ ਅਦਾਲਤੀ ਲੜਾਈ ਲੜ ਰਿਹਾ ਹੈ ਅਤੇ ਕਤਲ ਦੇ ਦੋਸ਼ਾਂ ਵਿਚੋਂ ਬਰੀ ਹੋਣ ਦੇ ਬਾਵਜੂਦ ਟਰੰਪ ਸਰਕਾਰ ਜ਼ਮਾਨਤ ਦੇਣ ਨੂੰ ਤਿਆਰ ਨਹੀਂ। ਜੀ ਹਾਂ, ਇਥੇ ਗੱਲ ਹੋ ਰਹੀ ਹੈ 64 ਸਾਲ ਦੇ ਬਜ਼ੁਰਗ ਸੁਬਰਾਮਣੀਅਮ ਵੇਦਮ ਅਤੇ ਜਲੰਧਰ ਜ਼ਿਲ੍ਹੇ ਦੇ ਪਿੰਡ ਕਾਲੜਾ ਨਾਲ ਸਬੰਧਤ ਗੌਤਮ ਦੀ। ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ ਅਮਰੀਕਾ ਦੀ ਜੇਲ ਵਿਚ ਆਪਣੀ ਜ਼ਿੰਦਗੀ 43 ਸਾਲ ਗੁਜ਼ਾਰਨ ਵਾਲੇ ਸੁਬਰਾਮਣੀਅਮ ਵੇਦਮ ਬਾਰੇ ਜੋ 1999 ਵਿਚ ਜਾਰੀ ਡੀਪੋਰਟੇਸ਼ਨ ਹੁਕਮ ਰੱਦ ਕਰਵਾਉਣਾ ਚਾਹੁੰਦੇ ਹਨ। ਟਰੰਪ ਸਰਕਾਰ ਭਾਰਤੀ ਬਜ਼ੁਰਗ ਨੂੰ ਜਲਦ ਤੋਂ ਜਲਦ ਡਿਪੋਰਟ ਕਰਨਾ ਚਾਹੁੰਦੀ ਸੀ ਪਰ ਦੋ ਵੱਖ ਵੱਖ ਅਦਾਲਤਾਂ ਦੇ ਦਖ਼ਲ ਮਗਰੋਂ ਦੇਸ਼ ਨਿਕਾਲਾ ਰੁਕ ਗਿਆ ਅਤੇ ਹੁਣ ਇੰਮੀਗ੍ਰੇਸ਼ਨ ਅਪੀਲਾਂ ਨਾਲ ਸਬੰਧਤ ਬੋਰਡ ਉਨ੍ਹਾਂ ਦੀ ਅਰਜ਼ੀ ’ਤੇ ਸੁਣਵਾਈ ਕਰੇਗਾ।
64 ਸਾਲ ਦੇ ਭਾਰਤੀ ਨੂੰ ਜ਼ਮਾਨਤ ਨਾ ਮਿਲ ਸਕੀ
ਸੁਬਰਾਮਣੀਅਮ ਉਰਫ਼ ਸੁਬੂ ਵੇਦਮ ਨੂੰ ਕਤਲ ਦੇ ਦੋਸ਼ ਹੇਠ 1982 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਸਾਰੀ ਜ਼ਿੰਦਗੀ ਜੇਲ ਵਿਚ ਹੀ ਲੰਘਾ ਦਿਤੀ। 2022 ਵਿਚ ਇਕ ਅਹਿਮ ਸਬੂਤ ਸਾਹਮਣੇ ਆਇਆ ਜਿਸ ਰਾਹੀਂ ਸੁਬੂ ਵੇਦਮ ਨੂੰ ਬੇਕਸੂਰ ਮੰਨਦਿਆਂ ਅਗਸਤ 2025 ਵਿਚ ਰਿਹਾਅ ਕਰ ਦਿਤਾ ਗਿਆ ਪਰ ਇੰਮੀਗ੍ਰੇਸ਼ਨ ਵਾਲੇ ਪਹਿਲਾਂ ਹੀ ਉਸ ਦੀ ਉਡੀਕ ਕਰ ਰਹੇ ਸਨ। ਸੁਬੂ ਵੇਦਮ ਨੇ ਜੇਲ ਵਿਚ ਰਹਿੰਦਿਆਂ ਐਮ.ਬੀ.ਏ. ਸਣੇ ਤਿੰਨ ਡਿਗਰੀਆਂ ਹਾਸਲ ਕੀਤੀਆਂ ਅਤੇ ਪੈਨਸਿਲਵੇਨੀਆ ਦੇ ਇਤਿਹਾਸ ਵਿਚ ਪਹਿਲਾ ਕੈਦੀ ਬਣ ਗਿਆ ਜਿਸ ਨੇ ਜੇਲ ਵਿਚ ਰਹਿੰਦਿਆਂ ਗ੍ਰੈਜੁਏਸ਼ਨ ਮੁਕੰਮਲ ਕੀਤੀ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲੇ ਨਸ਼ਾ ਤਸਕਰੀ ਦੇ ਇਕ ਮਾਮਲੇ ਵਿਚ ਸੁਬੂ ਵੇਦਮ ਨੂੰ ਦੋਸ਼ੀ ਠਹਿਰਾਏ ਦੀ ਦਲੀਲ ਦੇ ਰਹੇ ਹਨ ਪਰ ਵੇਦਮ ਦੀ ਵਕੀਲ ਆਪਣੇ ਮੁਵੱਕਲ ਦੀ ਰਿਹਾਈ ਚਾਹੁੰਦੀ ਹੈ। ਵਕੀਲ ਦਾ ਕਹਿਣਾ ਹੈ ਕਿ ਕਿ ਨਸ਼ਾ ਰੱਖਣ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੁਬੂ ਦੀ ਉਮਰ 18 ਸਾਲ ਤੋਂ ਘੱਟ ਸੀ ਅਤੇ ਹੁਣ ਉਸ ਦੇ ਮੁਵੱਕਲ ਨੂੰ ਅਜਿਹੇ ਮੁਲਕ ਡਿਪੋਰਟ ਕੀਤਾ ਜਾ ਰਿਹਾ ਹੈ ਜਿਥੇ ਕੋਈ ਉਸ ਨੂੰ ਜਾਣਦਾ ਨਹੀਂ।
ਡਿਪੋਰਟੇਸ਼ਨ ਰੋਕਣ ਦੀ ਅਰਜ਼ੀ ’ਤੇ ਸੁਣਵਾਈ ਜਲਦ
ਸੁਬੂ ਦੇ ਪਰਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਰਫ਼ 9 ਮਹੀਨੇ ਦੀ ਉਮਰ ਵਿਚ ਭਾਰਤ ਛੱਡ ਦਿਤਾ ਸੀ ਅਤੇ ਹੁਣ ਸਾਰੇ ਪਰਵਾਰਕ ਮੈਂਬਰ ਜਾਂ ਰਿਸ਼ਤੇਦਾਰ ਅਮਰੀਕਾ ਜਾਂ ਕੈਨੇਡਾ ਵਿਚ ਹਨ। ਦੂਜੇ ਪਾਸੇ ਗੌਤਮ ਨਈਅਰ ਦੇ ਪਿਤਾ ਸ਼ਿਵ ਚਰਨ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੇ ਨੂੰ ਮਿਸੀਸਿਪੀ ਦੇ ਐਡਮਜ਼ ਕਾਊਂਟੀ ਕੁਰੈਕਸ਼ਨਲ ਸੈਂਟਰ ਵਿਚ ਰੱਖਿਆ ਗਿਆ ਪਰ ਰਿਹਾਈ ਦੀ ਕੋਈ ਉਮੀਦ ਨਜ਼ਰ ਨਹੀਂ ਸੀ ਆ ਰਹੀ। ਸ਼ਿਵ ਚਰਨ ਮੁਤਾਬਕ ਸਾਬਕਾ ਐਮ.ਪੀ. ਅਵੀਨਾਸ਼ ਰਾਏ ਖੰਨਾ ਦੇ ਯਤਨਾਂ ਸਦਕਾ ਉਨ੍ਹਾਂ ਦਾ ਬੇਟਾ ਅਮਰੀਕਾ ਦੀ ਜੇਲ ਵਿਚੋਂ ਰਿਹਾਅ ਹੋ ਕੇ ਭਾਰਤ ਪਰਤ ਸਕਿਆ ਹੈ।


