ਟਰੰਪ ਦੀ ਜੇਲ 'ਚੋਂ ਬਾਹਰ ਆਈ ਪੰਜਾਬਣ
ਅਮਰੀਕਾ ਦੀ ਇੰਮੀਗ੍ਰੇਸ਼ਨ ਜੇਲ ਵਿਚ ਬੰਦ ਸਿੱਖ ਕਤਲੇਆਮ ਪੀੜਤ ਮੀਨੂੰ ਬੱਤਰਾ ਨੂੰ ਆਖਰਕਾਰ ਰਿਹਾਈ ਮਿਲ ਗਈ ਹੈ

By : Upjit Singh
ਟੈਕਸਸ : ਅਮਰੀਕਾ ਦੀ ਇੰਮੀਗ੍ਰੇਸ਼ਨ ਜੇਲ ਵਿਚ ਬੰਦ ਸਿੱਖ ਕਤਲੇਆਮ ਪੀੜਤ ਮੀਨੂੰ ਬੱਤਰਾ ਨੂੰ ਆਖਰਕਾਰ ਰਿਹਾਈ ਮਿਲ ਗਈ ਹੈ। ਜੀ ਹਾਂ, ਆਈਸ ਏਜੰਟਾਂ ਨੇ ਮੀਨੂੰ ਬੱਤਰਾ ਨੂੰ ਗੈਰਕਾਨੂੰਨੀ ਪ੍ਰਵਾਸੀ ਕਰਾਰ ਦਿੰਦਿਆਂ ਟੈਕਸਸ ਦੇ ਵੈਲੀ ਇੰਟਰਨੈਸ਼ਨਲ ਏਅਰਪੋਰਟ ਤੋਂ 17 ਮਾਰਚ ਨੂੰ ਹਿਰਾਸਤ ਵਿਚ ਲਿਆ ਅਤੇ ਹੁਣ ਫ਼ੈਡਰਲ ਅਦਾਲਤ ਦੇ ਹੁਕਮਾਂ 'ਤੇ ਰਿਹਾਅ ਕਰ ਦਿਤਾ ਗਿਆ ਹੈ। ਸੀ.ਬੀ.ਐਸ. ਨਿਊਜ਼ ਦੀ ਰਿਪੋਰਟ ਮੁਤਾਬਕ ਮੀਨੂੰ ਬੱਤਰਾ ਦੇ ਵਕੀਲ ਦੀਪਕ ਆਹਲੂਵਾਲੀਆ ਨੇ ਦੱਸਿਆ ਕਿ ਅਦਾਲਤ ਨੇ ਇੰਮੀਗ੍ਰੇਸ਼ਨ ਹਿਰਾਸਤ ਨੂੰ ਸਰਾਸਰ ਗ਼ਲਤ ਕਰਾਰ ਦਿਤਾ ਕਿਉਂਕਿ ਮੀਨੂੰ ਬੱਤਰਾ ਨੂੰ ਬਗੈਰ ਕਿਸੇ ਅਗਾਊਂ ਨੋਟਿਸ ਜਾਂ ਰਸਮੀ ਪ੍ਰਕਿਰਿਆ ਤੋਂ ਜੇਲ ਵਿਚ ਸੁੱਟ ਦਿਤਾ ਗਿਆ। ਹੁਣ ਮੀਨੂੰ ਬੱਤਰਾ ਨੂੰ ਉਨ•ਾਂ ਦੇ ਸਭ ਤੋਂ ਛੋਟੇ ਬੇਟੇ ਜੈਸਪਰ ਰਾਹੀਂ ਗਰੀਨ ਕਾਰਡ ਦਿਵਾਇਆ ਜਾ ਰਿਹਾ ਹੈ ਜੋ ਅਮਰੀਕਾ ਵਿਚ ਫੌਜ ਵਿਚ ਭਰਤੀ ਹੈ।
ਮੀਨੂੰ ਬੱਤਰਾ ਨੂੰ ਜਲਦ ਮਿਲ ਸਕਦੈ ਗਰੀਨ ਕਾਰਡ
ਚਾਰ ਤੋਂ ਛੇ ਮਹੀਨੇ ਦੇ ਅੰਦਰ ਗਰੀਨ ਕਾਰਡ ਅਰਜ਼ੀ ਪ੍ਰਵਾਨ ਹੋਣ ਦੀ ਉਮੀਦ ਹੈ। ਦੂਜੇ ਪਾਸੇ ਫੈਡਰਲ ਜੱਜ ਵੱਲੋਂ ਹਦਾਇਤ ਦਿਤੀ ਗਈ ਹੈ ਕਿ ਨੋਟਿਸ ਦਿਤੇ ਬਗੈਰ ਮੀਨੂੰ ਬੱਤਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ ਅਤੇ ਵਕੀਲ ਦੀ ਮੌਜੂਦਗੀ ਵਿਚ ਕੋਈ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ। 35 ਸਾਲ ਤੋਂ ਅਮਰੀਕਾ ਵਿਚ ਰਹਿ ਰਹੀ ਅਤੇ ਚਾਰ ਯੂ.ਐਸ. ਸਿਟੀਜ਼ਨ ਬੱਚਿਆਂ ਦੀ ਮਾਂ ਨਾਲ ਵਾਪਰੇ ਘਟਨਾਕ੍ਰਮ ਤੋਂ ਹਰ ਕੋਈ ਹੈਰਾਨ ਸੀ। 53 ਸਾਲਾ ਮੀਨੂੰ ਬੱਤਰਾ ਦੇ ਮਾਪਿਆਂ ਦੀ 1984 ਦੇ ਸਿੱਖ ਕਤਲੇਆਮ ਦੌਰਾਨ ਹੱਤਿਆ ਕਰ ਦਿਤੀ ਗਈ ਅਤੇ ਉਹ ਆਪਣੀ ਜਾਨ ਬਚਾਉਣ ਲਈ ਅਮਰੀਕਾ ਆ ਗਈ। ਮੀਨੂੰ ਬੱਤਰਾ ਨੇ ਅਮਰੀਕਾ ਵਿਚ ਅਸਾਇਲਮ ਅਰਜ਼ੀ ਦਾਇਰ ਕੀਤੀ ਤਾਂ ਸਾਲ 2000 ਵਿਚ ਨਿਊ ਜਰਸੀ ਦੇ ਇੰਮੀਗ੍ਰੇਸ਼ਨ ਜੱਜ ਨੇ ਵਿਦਹੋਲਡਿੰਗ ਆਫ਼ ਰਿਮੂਵਲ ਇੰਮੀਗ੍ਰੇਸ਼ਨ ਸਟੇਟਸ ਦੇ ਦਿਤਾ ਜੋ ਅਸਾਇਲਮ ਤੋਂ ਵੱਖਰਾ ਹੁੰਦਾ ਹੈ ਅਤੇ ਗਰੀਨ ਕਾਰਡ ਦੀ ਅਰਜ਼ੀ ਦਾਇਰ ਨਹੀਂ ਕੀਤੀ ਜਾ ਸਕਦੀ। ਵਿਦਹੋਲਡਿੰਗ ਆਫ਼ ਰਿਮੂਵਲ ਸਟੇਟਸ ਰਾਹੀਂ ਮੀਨੂੰ ਬੱਤਰਾ ਨੂੰ ਅਮਰੀਕਾ ਵਿਚ ਕਾਨੂੰਨੀ ਤਰੀਕੇ ਨਾਲ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਮਿਲ ਗਈ। ਟੈਕਸਸ ਦੇ ਬ੍ਰਾਊਨਜ਼ਵਿਲ ਨੇੜੇ ਰਹਿੰਦੀ ਮੀਨੂੰ ਬੱਤਰਾ ਇੰਮੀਗ੍ਰੇਸ਼ਨ ਅਦਾਲਤਾਂ ਦੀ ਅੰਗਰੇਜ਼ੀ ਵਿਚ ਹੁੰਦੀ ਕਾਰਵਾਈ ਨੂੰ ਪੰਜਾਬੀ, ਹਿੰਦੀ ਅਤੇ ਉਰਦੂ ਵਿਚ ਸਮਝਾਉਣ ਦਾ ਕੰਮ ਕਰਦੀ ਹੈ।
ਜੱਜ ਨੇ ਗ੍ਰਿਫ਼ਤਾਰੀ ਨੂੰ ਸਰਾਸਰ ਨਾਜਇਜ਼ ਕਰਾਰ ਦਿਤਾ
ਬੀਤੀ 17 ਮਾਰਚ ਨੂੰ ਕੰਮਕਾਜ ਦੇ ਸਿਲਸਿਲੇ ਤਹਿਤ ਮੀਨੂੰ ਬੱਤਰਾ ਨੇ ਵਿਸਕੌਨਸਿਨ ਸੂਬੇ ਦੇ ਮਿਲਵੌਕੀ ਸ਼ਹਿਰ ਜਾਣਾ ਸੀ ਅਤੇ ਸਮਾਂ ਬਚਾਉਣ ਵਾਸਤੇ ਫ਼ਲਾਈਟ ਲੈਣ ਦਾ ਫ਼ੈਸਲਾ ਲਿਆ। ਮੀਨੂੰ ਬੱਤਰਾ ਟੈਕਸਸ ਦੇ ਵੈਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਪੁੱਜੀ ਤਾਂ ਇੰਮੀਗ੍ਰੇਸ਼ਨ ਅਫ਼ਸਰਾਂ ਨੇ ਗ੍ਰਿਫ਼ਤਾਰ ਕਰਦਿਆਂ ਰੇਮੰਡਵਿਲ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵਿਚ ਬੰਦ ਕਰ ਦਿਤਾ। ਫ਼ੈਡਰਲ ਅਦਾਲਤ ਦੇ ਤਾਜ਼ਾ ਹੁਕਮਾਂ ਬਾਰੇ ਅਮਰੀਕਾ ਦੇ ਡਿਪਾਰਟਮੈਂਟ ਆਫ਼ ਹੋਮਲੈਂਡਸ ਸਕਿਉਰਿਟੀ ਵੱਲੋਂ ਫ਼ਿਲਹਾਲ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਪਰ ਮੀਨੂੰ ਬੱਤਰਾ ਦੀ ਗ੍ਰਿਫ਼ਤਾਰੀ ਮੌਕੇ ਡੀ.ਐਚ.ਐਸ. ਨੇ ਕਿਹਾ ਸੀ ਕਿ ਕੰਮ ਕਰਨ ਦਾ ਹੱਕ ਅਮਰੀਕਾ ਵਿਚ ਕਾਨੂੰਨੀ ਇੰਮੀਗ੍ਰੇਸ਼ਨ ਸਟੇਟਸ ਮੁਹੱਈਆ ਨਹੀਂ ਕਰਾਉਂਦਾ। ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਵਿਦਹੋਲਡਿੰਗ ਆਫ਼ ਰਿਮੂਵਲ ਸਟੇਟਸ ਉਨ•ਾਂ ਲੋਕਾ ਨੂੰ ਦਿਤਾ ਜਾਂਦਾ ਹੈ ਜਿਨ•ਾਂ ਨੂੰ ਆਪਣੇ ਜੱਦੀ ਮੁਲਕ ਵਿਚ ਤਸ਼ੱਦਦ ਕੀਤੇ ਜਾਣ ਦਾ ਖ਼ਤਰਾ ਹੋਵੇ ਪਰ ਅਜਿਹੇ ਲੋਕ ਅਸਾਇਲਮ ਵਾਸਤੇ ਅਯੋਗ ਮੰਨੇ ਜਾਂਦੇ ਹਨ। ਮੀਨੂੰ ਬੱਤਰਾ ਦੀ ਰਿਹਾਈ ਹੋਣ ਤੱਕ ਉਨ•ਾਂ ਦੀ ਬੇਟੀ ਅੰਮ੍ਰਿਤਾ ਅਤੇ ਤਿੰਨ ਬੇਟੇ ਆਰਿਅਨ, ਲੂਕਸ ਤੇ ਜੈਸਪਰ ਡੂੰਘੀ ਮਾਨਸਿਕ ਪ੍ਰੇਸ਼ਾਨੀ ਵਿਚੋਂ ਲੰਘੇ। ਉਧਰ, ਦੀਪਕ ਆਹਲੂਵਾਲੀਆ ਨੇ ਦੱਸਿਆ ਕਿ ਬੱਤਰਾ ਪਰਵਾਰ ਇਸ ਵੇਲੇ ਖੁਸ਼ ਹੈ ਪਰ ਇੰਮੀਗ੍ਰੇਸ਼ਨ ਹਿਰਾਸਤ ਵਿਚ ਲੰਘਾਏ 7 ਹਫ਼ਤੇ ਦੀਆਂ ਦੀਆਂ ਕੌੜੀਆਂ ਯਾਦਾਂ ਹੌਲੀ ਹੌਲੀ ਹੀ ਮਨ ਵਿਚੋਂ ਜਾਣਗੀਆਂ।


