Begin typing your search above and press return to search.

ਪੰਜਾਬੀ ਟਰੱਕ ਡਰਾਈਵਰਾਂ ਨੇ ਚੁੱਕਿਆ ਸੱਚਾਈ ਤੋਂ ਪਰਦਾ

ਅਮਰੀਕਾ ਵਿਚ ਗ੍ਰਿਫ਼ਤਾਰ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਇੰਪਲੌਇਰ ਨਵਨੀਤ ਕੌਰ ਵੀ ਅੜਿੱਕੇ ਆ ਸਕਦੀ ਹੈ

ਪੰਜਾਬੀ ਟਰੱਕ ਡਰਾਈਵਰਾਂ ਨੇ ਚੁੱਕਿਆ ਸੱਚਾਈ ਤੋਂ ਪਰਦਾ
X

Upjit SinghBy : Upjit Singh

  |  25 Aug 2025 6:24 PM IST

  • whatsapp
  • Telegram

ਕੈਲੇਫੋਰਨੀਆ : ਅਮਰੀਕਾ ਵਿਚ ਗ੍ਰਿਫ਼ਤਾਰ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਇੰਪਲੌਇਰ ਨਵਨੀਤ ਕੌਰ ਵੀ ਅੜਿੱਕੇ ਆ ਸਕਦੀ ਹੈ ਜਿਸ ਦੀ ਟ੍ਰਾਂਸਪੋਰਟ ਕੰਪਨੀ ਵਾਈਟ ਹੌਕ ਨੂੰ 25 ਮੌਕਿਆਂ ’ਤੇ ਟਰੱਕ ਸੇਫ਼ਟੀ ਵਾਇਲੇਸ਼ਨਜ਼ ਦਾ ਦੋਸ਼ੀ ਮੰਨਿਆ ਗਿਆ ਅਤੇ 2 ਡਰਾਈਵਰ ਮੁਅੱਤਲ ਡਰਾਈਵਿੰਗ ਲਾਇਸੰਸ ’ਤੇ ਟਰੱਕ ਚਲਾਉਂਦੇ ਫੜੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਕੈਲੇਫੋਰਨੀਆ ਦੇ ਸੇਰੀਜ਼ ਸ਼ਹਿਰ ਤੋਂ ਟ੍ਰਾਂਸਪੋਰਟ ਦਾ ਕਾਰੋਬਾਰ ਕਰ ਰਹੀ ਨਵਨੀਤ ਕੌਰ ਕਥਿਤ ਤੌਰ ’ਤੇ ਵਾਈਟ ਹੌਕ ਟ੍ਰਾਂਸਪੋਰਟੇਸ਼ਨ ਦਾ ਕੰਮਕਾਜ ਬੰਦ ਕਰ ਕੇ ਰੂਪੋਸ਼ ਹੋ ਚੁੱਕੀ ਹੈ। ਦੂਜੇ ਪਾਸੇ ਹਰਜਿੰਦਰ ਸਿੰਘ ਨੂੰ ਰਿਹਾਅ ਕਰਵਾਉਣ ਦੇ ਨਾਂ ’ਤੇ ਠੱਗੀਆਂ-ਠੋਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਸ਼ਾਤਰ ਠੱਗਾਂ ਵੱਲੋਂ ਲੋਕਾਂ ਨੂੰ ਜਜ਼ਬਾਤੀ ਕਰਦਿਆਂ ਕਰੋੜਾਂ ਰੁਪਏ ਇਕੱਤਰ ਵੀ ਕੀਤਾ ਜਾ ਚੁੱਕੇ ਹਨ।

ਹਰਜਿੰਦਰ ਸਿੰਘ ਦੇ ਨਾਂ ’ਤੇ ਠੱਗੇ ਜਾ ਰਹੇ ਕਰੋੜਾਂ ਰੁਪਏ

ਅਮਰੀਕਾ ਅਤੇ ਆਸਟ੍ਰੇਲੀਆ ਵਿਚ ਹਰਜਿੰਦਰ ਸਿੰਘ ਦੇ ਨਾਂ ’ਤੇ ਬਣੇ 174 ਅਕਾਊਂਟ ਉਸ ਦੇ ਪਰਵਾਰਕ ਮੈਂਬਰਾਂ ਵੱਲੋਂ ਫੜੇ ਜਾ ਚੁੱਕੇ ਹਨ। ਹਰਜਿੰਦਰ ਸਿੰਘ ਦੇ ਪਰਵਾਰ ਵੱਲੋਂ ਦੁਨੀਆਂ ਭਰ ਵਿਚ ਵਸਦੇ ਪੰਜਾਬੀਆ ਨੂੰ ਠੱਗਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸੇ ਦੌਰਾਨ ਹਰਜਿੰਦਰ ਸਿੰਘ ਨੂੰ ਘੱਟ ਤੋਂ ਘੱਟ ਸਜ਼ਾ ਦੇ ਮਕਸਦ ਨਾਲ ਆਰੰਭੀ ਪਟੀਸ਼ਨ ’ਤੇ ਦਸਤਖ਼ਤ ਕਰਨ ਵਾਲਿਆਂ ਦੀ ਗਿਣਤੀ 28 ਲੱਖ ਹੋ ਚੁੱਕੀ ਹੈ ਅਤੇ ਕਾਫ਼ਲਾ ਲਗਾਤਾਰ ਵਧਦਾ ਜਾ ਰਿਹਾ ਹੈ। ਹਰਜਿੰਦਰ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਇਕ ਹੋਰ ਅਹਿਮ ਤੱਥ ਉਭਰ ਕੇ ਸਾਹਮਣੇ ਆਇਆ ਕਿ ਹਾਦਸੇ ਵੇਲੇ ਟਰੱਕ ਵਿਚ ਮੌਜੂਦ ਦੂਜਾ ਪੰਜਾਬੀ ਨੌਜਵਾਨ ਹਰਨੀਤ ਸਿੰਘ, ਹਰਜਿੰਦਰ ਸਿੰਘ ਦਾ ਕੁਝ ਨਹੀਂ ਲਗਦਾ ਜਦਕਿ ਮੀਡੀਆ ਰਿਪੋਰਟਾਂ ਵਿਚ ਉਸ ਨੂੰ ਭਰਾ ਦੱਸਿਆ ਜਾ ਰਿਹਾ ਹੈ। ਹਰਨੀਤ ਸਿੰਘ ਦੇ ਇਕ ਰਿਸ਼ਤੇਦਾਰ ਨਾਲ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਹੀ ਕੁਝ ਮਹੀਨੇ ਪਹਿਲਾਂ ਹਰਨੀਤ ਨੂੰ ਹਰਜਿੰਦਰ ਨਾਲ ਮਿਲਵਾਇਆ ਤਾਂਕਿ ਟ੍ਰਕਿੰਗ ਸੈਕਟਰ ਦੀਆਂ ਬਾਰੀਕੀਆਂ ਸਿੱਖ ਸਕੇ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲੇ ਹਰਨੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਚੁੱਕੇ ਹਨ ਅਤੇ ਕਿਸੇ ਵੀ ਵੇਲੇ ਡਿਪੋਰਟ ਕੀਤਾ ਜਾ ਸਕਦਾ ਹੈ। ਕੈਲੇਫੋਰਨੀਆਂ ਵਿਚ ਮੌਜੂਦ ਪੰਜਾਬੀ ਟ੍ਰਕਰਜ਼ ਨੇ ਦੱਸਿਆ ਕਿ ਅਮਰੀਕਾ ਦੀਆਂ ਸਿਰਮੌਰ ਸਿੱਖ ਜਥੇਬੰਦੀਆਂ ਵੱਲੋਂ ਰਣਨੀਤੀ ਘੜੀ ਜਾ ਰਹੀ ਹੈ ਜਿਸ ਦੇ ਆਧਾਰ ’ਤੇ ਹਰਜਿੰਦਰ ਸਿੰਘ ਦਾ ਮੁਕੱਦਮਾ ਲੜਿਆ ਜਾਵੇਗਾ।

ਟ੍ਰਾਂਸਪੋਰਟ ਕੰਪਨੀ ਦੀ ਮਾਲਕਣ ਵੀ ਆ ਸਕਦੀ ਐ ਅੜਿੱਕੇ

ਹਰਜਿੰਦਰ ਸਿੰਘ ਦੇ ਇਕ ਦੋਸਤ ਦਿਲਬਾਗ ਸਿੰਘ ਨੇ ਦੋਸ਼ ਲਾਇਆ ਕਿ ਅਮਰੀਕਾ ਪੁਲਿਸ ਨੇ ਅਫ਼ਵਾਹ ਫੈਲਾ ਦਿਤੀ ਕਿ ਹਾਦਸੇ ਵੇਲੇ ਹਰਜਿੰਦਰ ਸਿੰਘ ਨੇ ਨਸ਼ਾ ਕੀਤਾ ਹੋਇਆ ਸੀ ਪਰ ਇਹ ਸਭ ਸਰਾਸਰ ਝੂਠ ਸਾਬਤ ਹੋਇਆ। ਹਰਜਿੰਦਰ ਸਿੰਘ ਨੇ ਹਾਦਸੇ ਮਗਰੋਂ ਆਪਣੇ ਪਰਵਾਰ ਨੂੰ ਫੋਨ ਕਰ ਕੇ ਦੱਸਿਆ ਕਿ ਕਾਲੇ ਰੰਗ ਦੀ ਗੱਡੀ ਵਿਚ ਸ਼ਰਾਬ ਦੀਆਂ ਬੋਤਲਾਂ ਮੌਜੂਦ ਸਨ ਅਤੇ ਪੁਲਿਸ ਨੇ ਘਟਨਾ ਦੀ ਵੀਡੀਓਗ੍ਰਾਫ਼ੀ ਵੀ ਕੀਤੀ। ਪੰਜਾਬ ਰਹਿੰਦੇ ਆਪਣੇ ਭਰਾ ਨਾਲ ਗੱਲਬਾਤ ਦੌਰਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਾਲੇ ਰੰਗ ਦੀ ਕ੍ਰਾਇਸਲਰ ਮਿੰਨੀ ਵੈਨ ਕਰੂਜ਼ ਕੰਟਰੋਲ ’ਤੇ ਚੱਲ ਰਹੀ ਸੀ ਜਦੋਂ ਹਾਦਸਾ ਵਾਪਰਿਆ। ਸੰਭਾਵਤ ਤੌਰ ’ਤੇ ਇਸੇ ਕਰ ਕੇ ਸਾਹਮਣੇ ਟਰੱਕ ਮੁੜਦਾ ਦੇਖ ਕੇ ਵੀ ਮਿੰਨੀ ਵੈਨ ਦਾ ਡਰਾਈਵਰ ਆਪਣੀ ਗੱਡੀ ਰੋਕ ਨਾ ਸਕਿਆ। ਹਰਜਿੰਦਰ ਸਿੰਘ ਦੇ ਰਿਸ਼ਤੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਫਲੋਰੀਡਾ ਦੇ ਟਰੱਕ ਡਰਾਈਵਰ ਵੀ ਸਭ ਕੁਝ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਯੂਨੀਅਨ ਨੇ ਹੜਤਾਲ ਕਰਦਿਆਂ ਫਲੋਰੀਡਾ ਵਿਚ ਸੇਵਾਵਾਂ ਬੰਦ ਕਰ ਦਿਤੀਆਂ। ਡਰਾਈਵਰਾਂ ਨੇ ਦੋਸ਼ ਲਾਇਆ ਕਿ ਹਰਜਿੰਦਰ ਸਿੰਘ ਨੂੰ ਜਾਣਬੁੱਝ ਕੇ ਕਾਤਲ ਦਰਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਦਕਿ ਅਸਲ ਵਿਚ ਇਹ ਇਕ ਹਾਦਸਾ ਸੀ। ਹਰਜਿੰਦਰ ਸਿੰਘ ਦੀ ਹਮਾਇਤ ਕਰਨ ਵਾਲਿਆਂ ਵਿਚ ਸਿਰਫ਼ ਸਾਊਥ ਏਸ਼ੀਅਨ ਡਰਾਈਵਰ ਹੀ ਨਹੀਂ ਬਲਕਿ ਦੇ ਹਰ ਧਰਮ ਅਤੇ ਨਸਲ ਨਾਲ ਸਬੰਧਤ ਡਰਾਈਵਰ ਸ਼ਾਮਲ ਹੋ ਚੁੱਕੇ ਹਨ। ਇਥੇ ਦਸਣਾ ਬਣਦਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਬੇਹੱਦ ਸਰਗਰਮ ਰਹੇ ਡਾ. ਸਵੈਮਾਣ ਸਿੰਘ ਵੀ ਹਰਜਿੰਦਰ ਸਿੰਘ ਦੇ ਹੱਕ ਵਿਚ ਨਿੱਤਰ ਚੁੱਕੇ ਹਨ। ਸੋਸ਼ਲ ਮੀਡੀਆ ਰਾਹੀਂ ਇਕ ਵੀਡੀਓ ਅਪਲੋਡ ਕਰਦਿਆਂ ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਹਰਜਿੰਦਰ ਸਿੰਘ ਤੋਂ ਗਲਤੀ ਹੋਈ ਪਰ ਹੁਣ ਉਸ ਨੂੰ ਮਦਦ ਦੀ ਜ਼ਰੂਰਤ ਹੈ। ਡਾ. ਸਵੈਮਾਣ ਸਿੰਘ ਵੱਲੋਂ ਪਰਵਾਰ ਦੀ ਹਰ ਪੱਖੋਂ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੈ।

Next Story
ਤਾਜ਼ਾ ਖਬਰਾਂ
Share it