ਅਮਰੀਕਾ ਦੇ ਪਹਾੜ ਤੋਂ ਡਿੱਗਿਆ ਪੰਜਾਬੀ ਟਰੱਕ ਡਰਾਈਵਰ
ਅਮਰੀਕਾ ਵਿਚ ਵਾਪਰੇ ਹੌਲਨਾਕ ਹਾਦਸੇ ਦੌਰਾਨ ਨੌਜਵਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਤ ਹੋ ਗਈ ਜਿਸ ਦੀ ਸ਼ਨਾਖ਼ਤ 23 ਸਾਲ ਦੇ ਸੁਖਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ

By : Upjit Singh
ਨਿਊ ਯਾਰਕ : ਅਮਰੀਕਾ ਵਿਚ ਵਾਪਰੇ ਹੌਲਨਾਕ ਹਾਦਸੇ ਦੌਰਾਨ ਨੌਜਵਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਤ ਹੋ ਗਈ ਜਿਸ ਦੀ ਸ਼ਨਾਖ਼ਤ 23 ਸਾਲ ਦੇ ਸੁਖਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ। ਨਿਊ ਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਹਾਦਸਾ ਕੋਲੋਰਾਡੋ ਸੂਬੇ ਦੇ ਪਹਾੜੀ ਇਲਾਕੇ ਵਿਚ ਵਾਪਰਿਆ ਅਤੇ ਪਹਾੜ ਤੋਂ ਹੇਠਾਂ ਡਿੱਗੇ ਟਰੱਕ ਦੇ ਪਰਖੱਚੇ ਉਡ ਗਏ ਜਿਸ ਵਿਚ ਕੋਲਡ ਡ੍ਰਿੰਕਸ ਲੱਦੇ ਹੋਏ ਸਨ। ਦੋ ਭੈਣਾਂ ਦੇ ਇਕਲੌਤੇ ਭਰਾ ਨਾਲ ਵਾਪਰੇ ਹਾਦਸੇ ਦੀ ਖਬਰ ਪੰਜਾਬ ਰਹਿੰਦੇ ਮਾਪਿਆਂ ਤੱਕ ਪੁੱਜੀ ਤਾਂ ਦੁੱਖਾਂ ਦਾ ਪਹਾੜ ਟੁੱਟ ਪਿਆ। ਕੋਲੋਰਾਡੋ ਸਟੇਟ ਪੈਟਰੋਲ ਨੇ ਦੱਸਿਆ ਕਿ ਸੈਨ ਹਵਾਨ ਮਾਊਂਟੇਨਜ਼ ਵਿਚ ਇਕ ਸੈਮੀ ਟਰੱਕ ਬੇਕਾਬੂ ਹੋ ਕੇ ਪਹਾੜੀ ਦੀ ਢਲਾਣ ’ਤੇ ਖਿੱਲਰ ਗਿਆ ਜਦਕਿ ਇਸ ਡਰਾਈਵਰ ਬੁੜਕ ਕੇ ਬਾਹਰ ਜਾ ਡਿੱਗਾ।
ਸੁਖਪ੍ਰੀਤ ਸਿੰਘ ਨੇ ਮੌਕੇ ’ਤੇ ਹੀ ਤੋੜਿਆ ਦਮ
ਦੱਸਿਆ ਜਾ ਰਿਹਾ ਹੈ ਕਿ ਬੇਕਾਬੂ ਹੋਣ ਤੋਂ ਪਹਿਲਾਂ ਟਰੱਕ ਦੀ ਟੱਕਰ ਸੱਜੇ ਪਾਸੇ ਬੈਰੀਅਰ ਵੌਲ ਨਾਲ ਹੋਈ ਅਤੇ ਇਸ ਮਗਰੋਂ ਹੇਠਾਂ ਵੱਲ ਚਲਾ ਗਿਆ। ਮੌਕੇ ’ਤੇ ਮਲਬੇ ਦੇ ਢੇਰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਖ਼ਤਰਨਾਕ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਡਰਾਈਵਰ ਟਰੱਕ ਰੈਂਪ ਵਿਚ ਦਾਖਲ ਨਾ ਹੋ ਸਕਿਆ ਜੋ ਯੂ.ਐਸ. ਹਾਈਵੇਅ 160 ਤੋਂ ਡੇਢ ਮੀਲ ਦੂਰ ਹੈ। ਦੂਜੇ ਪਾਸੇ ਹਾਦਸੇ ਨੂੰ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਟਰੱਕ ਦੀਆਂ ਬਰੇਕਾਂ ਵਿਚੋਂ ਧੂੰਆਂ ਨਿਕਲ ਰਿਹਾ ਸੀ ਜਦੋਂ ਇਹ ਪਹਾੜੀ ਤੋਂ ਹੇਠਾਂ ਵੱਲ ਗਿਆ। ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਵੁਲਫ਼ ਕ੍ਰੀਕ ਪਾਸ ਆਪਣੇ ਤਿੱਖੇ ਅਤੇ ਖ਼ਤਰਨਾਕ ਮੋੜਾਂ ਲਈ ਜਾਣਿਆ ਜਾਂਦਾ ਹੈ ਜਿਥੇ ਹਰ ਟਰੱਕ ਡਰਾਈਵਰ ਵਾਸਤੇ ਲਾਜ਼ਮੀ ਹੈ ਕਿ ਢਲਾਣ ਵੱਲ ਜਾਂਦਿਆਂ ਟਰੱਕ ਦੀ ਰਫ਼ਤਾਰ 25 ਮੀਲ ਪ੍ਰਤੀ ਘੰਟਾ ਤੋਂ ਵੱਧ ਨਾ ਹੋਵੇ। ਕੋਲੋਰਾਡੋ ਦੇ ਟ੍ਰਾਂਸਪੋਰਟੇਸ਼ਨ ਵਿਭਾਗ ਮੁਤਾਬਕ 2015 ਤੋਂ 2019 ਦਰਮਿਆਨ ਇਸ ਇਲਾਕੇ ਵਿਚ 47 ਟਰੱਕ ਹਾਦਸੇ ਵਾਪਰੇ ਅਤੇ ਤਿੰਨ ਜਣਿਆਂ ਦੀ ਜਾਨ ਗਈ। ਇਸੇ ਦੌਰਾਨ ਇੰਡਿਆਨਾ ਦੇ ਗਰੀਨਵੁੱਡ ਨਾਲ ਸਬੰਧਤ ਆਰ. ਸਿੰਘ ਵੱਲੋਂ ਸੁਖਪ੍ਰੀਤ ਸਿੰਘ ਦੀ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ ਅਤੇ ਵਾਧੂ ਇਕੱਤਰ ਹੋਣ ਵਾਲੀ ਰਕਮ ਸੁਖਪ੍ਰੀਤ ਸਿੰਘ ਦੇ ਪਰਵਾਰ ਨੂੰ ਦਿਤੀ ਜਾਵੇਗੀ।


