ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ
ਅਮਰੀਕਾ ਵਿਚ ਇਕ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ।

By : Upjit Singh
ਨਿਊ ਯਾਰਕ : ਅਮਰੀਕਾ ਵਿਚ ਇਕ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਕਸਬੇ ਨਾਲ ਸਬੰਧਤ ਜਗਜੀਵਨ ਸਿੰਘ ਆਪਣਾ ਟਰੱਕ ਲੈ ਕੇ ਡੈਨਵਰ ਸ਼ਹਿਰ ਵੱਲ ਜਾ ਰਿਹਾ ਸੀ ਜਦੋਂ ਰਾਹ ਵਿਚ ਕੈਨਸਸ ਸੂਬੇ ਦੇ ਸਲੀਨਾ ਸ਼ਹਿਰ ਨੇੜੇ ਇੰਟਰਸਟੇਟ 70 ’ਤੇ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਕੈਨਸਸ ਹਾਈਵੇਅ ਪੈਟਰੌਲ ਦੇ ਅਫ਼ਸਰਾਂ ਨੇ ਦੱਸਿਆ ਕਿ ਸੈਮੀਟ੍ਰੇਲਰ ਪੱਛਮ ਵੱਲ ਜਾ ਰਿਹਾ ਸੀ ਜਦੋਂ ਅਣਦੱਸੇ ਕਾਰਨਾਂ ਕਰ ਕੇ ਟਰੱਕ ਬੇਕਾਬੂ ਹੋ ਗਿਆ।
ਕੈਨਸਸ ਸੂਬੇ ਵਿਚ ਟਰੱਕ ਬੇਕਾਬੂ ਹੋ ਕੇ ਪਲਟਿਆ
ਉਨ੍ਹਾਂ ਅੱਗੇ ਕਿਹਾ ਕਿ ਨਿਊ ਯਾਰਕ ਦੇ ਫਲੋਰਾ ਪਾਰਕ ਨਾਲ ਸਬੰਧਤ 27 ਸਾਲ ਦੇ ਜਗਜੀਵਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਗਜੀਵਨ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਵੱਲੋਂ ਉਸ ਦੀ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਦੂਜੇ ਪਾਸੇ ਇਟਲੀ ਵਿਚ ਇਕ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। ਸਮਰਾਲਾ ਕਸਬੇ ਨੇੜਲੇ ਪਿੰਡ ਹੈਡੋਂ ਬੇਟ ਨਾਲ ਸਬੰਧਤ 25 ਸਾਲ ਦਾ ਸੁਖਵਿੰਦਰ ਸਿੰਘ ਇਟਲੀ ਦੇ ਬਰੇਸ਼ੀਆ ਸ਼ਹਿਰ ਨੇੜਲੇ ਇਕ ਕਸਬੇ ਵਿਚ ਰਹਿ ਰਿਹਾ ਸੀ ਅਤੇ ਆਪਣੇ ਦੋਸਤਾਂ ਨਾਲ ਨਹਿਰ ਵਿਚ ਨਹਾਉਂਦਿਆਂ ਡੁੱਬ ਗਿਆ। ਬਰੇਸ਼ੀ ਸ਼ਹਿਰ ਵਿਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਸੁਖਵਿੰਦਰ ਸਿੰਘ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।


