ਕੈਲੇਫੋਰਨੀਆ ਤੋਂ ਫਲੋਰੀਡਾ ਲਿਆਂਦਾ ਪੰਜਾਬੀ ਟਰੱਕ ਡਰਾਈਵਰ
ਕੈਲੇਫੋਰਨੀਆ ਵਿਚ ਗ੍ਰਿਫ਼ਤਾਰ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਫਲੋਰੀਡਾ ਰਵਾਨਾ ਕਰ ਦਿਤਾ ਗਿਆ ਹੈ ਅਤੇ ਉਸ ਨੂੰ ਲਿਜਾਣ ਲਈ ਲੈਫ਼ਟੀਨੈਂਟ ਗਵਰਨਰ ਜੇਅ ਕੌਲਿਨਜ਼ ਖੁਦ ਸਟੌਕਟਨ ਪੁੱਜੇ

By : Upjit Singh
ਫਲੋਰੀਡਾ : ਕੈਲੇਫੋਰਨੀਆ ਵਿਚ ਗ੍ਰਿਫ਼ਤਾਰ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਫਲੋਰੀਡਾ ਰਵਾਨਾ ਕਰ ਦਿਤਾ ਗਿਆ ਹੈ ਅਤੇ ਉਸ ਨੂੰ ਲਿਜਾਣ ਲਈ ਲੈਫ਼ਟੀਨੈਂਟ ਗਵਰਨਰ ਜੇਅ ਕੌਲਿਨਜ਼ ਖੁਦ ਸਟੌਕਟਨ ਪੁੱਜੇ। ਹਰਜਿੰਦਰ ਸਿੰਘ ਨੂੰ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਫਲੋਰੀਡਾ ਲਿਜਾਇਆ ਗਿਆ ਅਤੇ ਪੂਰੇ ਘਟਨਾਕ੍ਰਮ ਦੀ ਵੀਡੀਓ ਲੈਫਟੀਨੈਂਟ ਗਵਰਨਰ ਜੇਅ ਕੌਲਿਨਜ਼ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਗਈ। ਕੌਲਿਨਜ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਹਰਜਿੰਦਰ ਸਿੰਘ ਨੇ ਸੋਚਿਆ ਕਿ ਉਹ ਫ਼ਰਾਰ ਹੋ ਸਕਦਾ ਹੈ ਪਰ ਅਮਰੀਕਾ ਵਿਚ ਅਜਿਹਾ ਬਿਲਕੁਲ ਵੀ ਸੰਭਵ ਨਹੀਂ।
ਹਰਜਿੰਦਰ ਸਿੰਘ ਨੂੰ ਲੈਣ ਲੈਫ਼ਟੀਨੈਂਟ ਗਵਰਨਰ ਪੁੱਜਾ
ਸਾਡੇ ਸੂਬੇ ਦੇ ਤਿੰਨ ਬੇਕਸੂਰ ਲੋਕਾਂ ਦੀ ਜਾਨ ਲੈਣ ਵਾਲੇ ਨੂੰ ਕੈਲੇਫੋਰਨੀਆ ਤੋਂ ਲਿਆਉਣ ਵਾਲੀ ਟੀਮ ਵਿਚ ਮੈਂ ਖੁਦ ਸ਼ਾਮਲ ਹੋਣ ਦਾ ਫੈਸਲਾ ਲਿਆ।’’ ਉਨ੍ਹਾਂ ਅੱਗੇ ਕਿਹਾ ਕਿ ਹਰਜਿੰਦਰ ਸਿੰਘ ਨੂੰ ਇਸ ਮੁਲਕ ਵਿਚ ਨਹੀਂ ਹੋਣਾ ਚਾਹੀਦਾ ਸੀ ਅਤੇ ਕੈਲੇਫੋਰਨੀਆ ਵਿਚ ਉਸ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੰਸ ਵੀ ਨਹੀਂ ਸੀ ਮਿਲਣਾ ਚਾਹੀਦਾ। ਇਥੇ ਦਸਣਾ ਬਣਦਾ ਹੈ ਕਿ 12 ਅਗਸਤ ਨੂੰ ਫਲੋਰੀਡਾ ਦੇ ਫੋਰਟ ਪੀਅਰਸ ਸ਼ਹਿਰ ਨੇੜੇ ਹਾਈਵੇਅ ’ਤੇ ਯੂ-ਟਰਨ ਲੈਂਦਿਆਂ ਵਾਪਰੇ ਹੌਲਨਾਕ ਹਾਦਸੇ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਫਲੋਰੀਡਾ ਹਾਈਵੇਅ ਪੈਟਰੋਲ ਵੱਲੋਂ ਹਰਜਿੰਦਰ ਸਿੰਘ ਵਿਰੁੱਧ ਗੱਡੀ ਰਾਹੀਂ ਕਤਲ ਦੇ ਤਿੰਨ ਦੋਸ਼ ਆਇਦ ਕੀਤੇ ਗਏ। ਹਾਦਸੇ ਮਗਰੋਂ ਹਰਜਿੰਦਰ ਸਿੰਘ ਆਪਣੇ ਸਾਥੀ ਨਾਲ ਸਟੌਕਟਨ ਆ ਗਿਆ ਅਤੇ ਯੂ.ਐਸ. ਮਾਰਸ਼ਲਜ਼ ਨੇ ਉਸ ਨੂੰ ਗ੍ਰਿਫ਼ਤਾਰ ਕਰਦਿਆਂ ਸੈਨ ਵੌਕਿਨ ਕਾਊਂਟੀ ਦੀ ਅਦਾਲਤ ਵਿਚ ਪੇਸ਼ ਕੀਤਾ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਤਸਵੀਰਾਂ
ਅਦਾਲਤ ਨੇ ਹਰਜਿੰਦਰ ਸਿੰਘ ਵਾਸਤੇ ਸਰਕਾਰੀ ਵਕੀਲ ਨਿਯੁਕਤ ਕੀਤਾ ਅਤੇ ਦਲੀਲਾਂ ਸੁਣਨ ਮਗਰੋਂ ਫਲੋਰੀਡਾ ਸਰਕਾਰ ਦੇ ਸਪੁਰਦ ਕੀਤੇ ਜਾਣ ਦੀ ਪ੍ਰਵਾਨਗੀ ਦੇ ਦਿਤੀ। ਹਰਜਿੰਦਰ ਸਿੰਘ ਨੂੰ ਇਸ ਮਾਮਲੇ ਵਿਚ 45 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਅਤੇ ਇਸ ਮਗਰੋਂ ਡਿਪੋਰਟ ਕਰ ਦਿਤਾ ਜਾਵੇਗਾ ਪਰ ਦੂਜੇ ਪਾਸੇ ਡੈਨਵਰ ਸ਼ਹਿਰ ਨੇੜੇ 2019 ਵਿਚ ਵਾਪਰੇ ਦਰਦਨਾਕ ਹਾਦਸੇ ਮਿਸਾਲ ਪੇਸ਼ ਕਰਦਿਆਂ ਹਰਜਿੰਦਰ ਸਿੰਘ ਨੂੰ ਸਜ਼ਾ ਵਿਚ ਨਰਮੀ ਦੀ ਅਪੀਲ ਕੀਤੀ ਜਾ ਰਹੀ ਹੈ।ਕੋਲੋਰਾਡੋ ਸੂਬੇ ਵਿਚ 6 ਸਾਲ ਪਹਿਲਾਂ ਵਾਪਰੇ ਹਾਦਸੇ ਵਿਚ ਚਾਰ ਜਣਿਆਂ ਦੀ ਜਾਨ ਗਈ ਅਤੇ ਦੋਸ਼ੀ ਡਰਾਈਵਰ ਨੂੰ 110 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਪਰ ਉਸ ਦੇ ਹੱਕ ਵਿਚ ਅਜਿਹੀ ਲੋਕ ਮੁਹਿੰਮ ਉਠੀ ਕੇ ਅਦਾਲਤ ਨੇ ਉਸ ਦੀ ਸਜ਼ਾ ਘਟਾ ਕੇ ਸਿਰਫ਼ 10 ਸਾਲ ਕਰ ਦਿਤੀ ਅਤੇ ਹੁਣ ਉਹ ਦਸੰਬਰ 2026 ਵਿਚ ਪੈਰੋਲ ਦਾ ਹੱਕਦਾਰ ਹੋ ਜਾਵੇਗਾ।


