ਅਮਰੀਕਾ ਡਿਪੋਰਟ ਕਰ ਰਿਹਾ ਪੰਜਾਬੀ ਟਰੱਕ ਡਰਾਈਵਰ
ਅਮਰੀਕਾ ਵਿਚ ਇੰਮੀਗ੍ਰੇਸ਼ਨ ਵਾਲਿਆਂ ਦੇ ਅੜਿੱਕੇ ਚੜ੍ਹ ਰਹੇ ਪੰਜਾਬੀ ਟਰੱਕ ਡਰਾਈਵਰਾਂ ਦੀ ਲਿਸਟ ਵਿਚ ਸੁਖਦੀਪ ਸਿੰਘ ਦਾ ਨਾਂ ਵੀ ਜੁੜ ਗਿਆ ਜਿਸ ਨੂੰ ਇੰਡਿਆਨਾ ਸੂਬੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ

By : Upjit Singh
ਇੰਡਿਆਨਾਪੌਲਿਸ : ਅਮਰੀਕਾ ਵਿਚ ਇੰਮੀਗ੍ਰੇਸ਼ਨ ਵਾਲਿਆਂ ਦੇ ਅੜਿੱਕੇ ਚੜ੍ਹ ਰਹੇ ਪੰਜਾਬੀ ਟਰੱਕ ਡਰਾਈਵਰਾਂ ਦੀ ਲਿਸਟ ਵਿਚ ਸੁਖਦੀਪ ਸਿੰਘ ਦਾ ਨਾਂ ਵੀ ਜੁੜ ਗਿਆ ਜਿਸ ਨੂੰ ਇੰਡਿਆਨਾ ਸੂਬੇ ਵਿਚ ਵਾਪਰੇ ਜਾਨਲੇਵਾ ਹਾਦਸੇ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬਗੈਰ ਮੁਕੱਦਮੇ ਤੋਂ ਸਿੱਧਾ ਡਿਪੋਰਟ ਕੀਤਾ ਜਾ ਰਿਹਾ ਹੈ। ਜੀ ਹਾਂ, ਸੁਖਦੀਪ ਸਿੰਘ ਨੂੰ ਮਈ 2025 ਵਿਚ ਹੀ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਹਾਸਲ ਹੋਇਆ ਅਤੇ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਵੱਡਾ ਹਾਦਸਾ ਵਾਪਰ ਗਿਆ। ਹੈਂਡਰਿਕਸ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਨੇ ਦੱਸਿਆ ਕਿ ਸੁਖਦੀਪ ਸਿੰਘ ਨੂੰ ਇੰਮੀਗ੍ਰੇਸ਼ਨ ਐਂਡ ਕਸਮਟਜ਼ ਐਨਫ਼ੋਰਸਮੈਂਟ ਵਾਲਿਆਂ ਦੇ ਸਪੁਰਦ ਕੀਤਾ ਜਾ ਰਿਹਾ ਹੈ। ਸੁਖਦੀਪ ਸਿੰਘ 2018 ਵਿਚ ਡੌਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਅਤੇ ਪੈਰੋਲ ’ਤੇ ਰਿਹਾਅ ਕਰ ਦਿਤਾ ਗਿਆ। ਉਸ ਵੇਲੇ ਸੁਖਦੀਪ ਸਿੰਘ ਦੀ ਉਮਰ 18 ਸਾਲ ਤੋਂ ਘੱਟ ਸੀ ਜਿਸ ਦੇ ਮੱਦੇਨਜ਼ਰ ਇੰਮੀਗ੍ਰੇਸ਼ਨ ਅਦਾਲਤ ਨੇ ਨਰਮੀ ਵਰਤੀ। ਡਰਾਈਵਿੰਗ ਲਾਇਸੰਸ ਵਿਚ ਸੁਖਦੀਪ ਸਿੰਘ ਦੀ ਡੇਟ ਆਫ਼ ਬਰਥ 16 ਨਵੰਬਰ 2001 ਲਿਖੀ ਹੋਈ ਹੈ ਅਤੇ ਇਸ ਹਿਸਾਬ ਨਾਲ ਉਸ ਦੀ ਉਮਰ 25 ਸਾਲ ਵੀ ਨਹੀਂ ਬਣਦੀ।
ਸੁਖਦੀਪ ਸਿੰਘ ਦੇ ਟਰੱਕ ਨੇ ਦਰੜੀਆਂ ਕਈ ਗੱਡੀਆਂ
ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਨੇ ਸੁਖਦੀਪ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਗੈਰਕਾਨੂੰਨੀ ਕਾਨੂੰਨੀ ਪ੍ਰਵਾਸੀ ਅਮਰੀਕਾ ਦੀਆਂ ਸੜਕਾਂ ’ਤੇ ਖ਼ਤਰਨਾਕ ਹਾਲਾਤ ਪੈਦਾ ਕਰ ਰਹੇ ਹਨ ਜਿਨ੍ਹਾਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਇਥੋਂ ਤੱਕ ਕਿ ਅੰਗਰੇਜ਼ੀ ਬਿਲਕੁਲ ਨਹੀਂ ਆਉਂਦੀ। ਉਧਰ ਹੈਂਡਰਿਕਸ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਨੇ ਦੱਸਿਆ ਕਿ ਹਾਦਸਾ ਇੰਡਿਆਨਾਪੌਲਿਸ ਦੇ ਪੱਛਮ ਵੱਲ ਯੂ.ਐਸ. 36 ਅਤੇ ਕਾਊਂਟੀ ਰੋਡ 525 ਈਸਟ ’ਤੇ ਵਾਪਰਿਆ। ਪੁਲਿਸ ਮੁਤਾਬਕ ਸੁਖਦੀਪ ਸਿੰਘ ਦਾ ਟਰੱਕ ਏਵੌਨ ਅਤੇ ਡੈਨਵਿਲ ਦੇ ਵਿਚਕਾਰ ਪੈਂਦੇ ਇਲਾਕੇ ਵਿਚ ਪੂਰਬ ਵੱਲ ਜਾ ਰਿਹਾ ਸੀ ਪਰ ਲਾਲ ਬੱਤੀ ’ਤੇ ਰੁਕਣ ਵਿਚ ਅਸਫ਼ਲ ਰਿਹਾ ਅਤੇ ਸਾਹਮਣੇ ਤੋਂ ਆ ਰਹੇ ਸ਼ੈਵਰਲੇ ਪਿਕਅੱਪ ਟਰੱਕ ਨੂੰ ਟੱਕਰ ਮਾਰ ਦਿਤੀ। ਟੈਲੀਵਿਜ਼ਨ ਫੁਟੇਜ ਵਿਚ ਪੁਲਿਸ ਅਫ਼ਸਰਾਂ ਵੱਲੋਂ ਸੁਖਦੀਪ ਸਿੰਘ ਨੂੰ ਹਥਕੜੀਆਂ ਲਾ ਕੇ ਲਿਜਾਂਦੇ ਦੇਖਿਆ ਜਾ ਸਕਦਾ ਹੈ। ਸੁਖਦੀਪ ਸਿੰਘ ਵੱਲੋਂ ਹਾਦਸੇ ਦੌਰਾਨ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਵਰਤੋਂ ਕੀਤੇ ਹੋਣ ਬਾਰੇ ਫ਼ਿਲਹਾਲ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਇੰਡਿਆਨਾ ਸੂਬੇ ਵਿਚ ਹੀ ਇਕ ਪ੍ਰਵਾਸੀ ਟਰੱਕ ਡਰਾਈਵਰ ਨੇ ਅੰਨ੍ਹੇਵਾਹ ਡਰਾਈਵਿੰਗ ਕਰਦਿਆਂ ਇਕ ਵੈਨ ਨੂੰ ਦਰੜ ਦਿਤਾ ਅਤੇ ਚਾਰ ਜਣਿਆਂ ਦੀ ਮੌਤ ਹੋ ਗਈ। ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਮੁਤਾਬਕ ਕਿਰਗਿਸਤਾਨ ਦੇ ਨਾਗਰਿਕ ਬੇਸ਼ਕੇਵ ਨੇ ਚਾਰ ਮਾਸੂਮ ਅਮੈਰਿਕਨਜ਼ ਦਾ ਕਤਲ ਕਰ ਦਿਤਾ। ਬੇਸ਼ਕੇਵ, ਬਾਇਡਨ ਸਰਕਾਰ ਵੇਲੇ ਸੀ.ਬੀ.ਪੀ. ਵੰਨ ਐਪ ਦੀ ਵਰਤੋਂ ਕਰਦਿਆਂ ਅਮਰੀਕਾ ਦਾਖਲ ਹੋਇਆ ਅਤੇ ਪੈਨਸਿਲਵੇਨੀਆ ਦੇ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ ਵੱਲੋਂ ਇਸ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਜਾਰੀ ਕੀਤਾ ਗਿਆ। ਹਰਜਿੰਦਰ ਸਿੰਘ ਅਤੇ ਜਸ਼ਨਪ੍ਰੀਤ ਨਾਲ ਸਬੰਧਤ ਹਾਦਸਿਆਂ ਤੋਂ ਬਾਅਦ ਕਿਸੇ ਨੌਨ ਡੌਮੀਸਾਈਲ ਡਰਾਈਵਰ ਨਾਲ ਸਬੰਧਤ ਇਹ ਪਹਿਲਾ ਵੱਡਾ ਹਾਦਸਾ ਦੱਸਿਆ ਗਿਆ।
ਸਿਰਫ਼ 10 ਮਹੀਨੇ ਪਹਿਲਾਂ ਮਿਲਿਆ ਸੀ ਲਾਇਸੰਸ
ਅਮਰੀਕਾ ਦੀਆਂ ਸੜਕਾਂ ’ਤੇ ਹਾਦਸੇ ਸਿਰਫ਼ ਇੰਮੀਗ੍ਰੇਸ਼ਨ ਪੱਖੋਂ ਕੱਚੇ ਡਰਾਈਵਰਾਂ ਨਾਲ ਹੀ ਨਹੀਂ ਵਾਪਰ ਰਹੇ। ਬੀਤੇ ਦਿਨੀਂ ਕੈਂਟਕੀ ਸੂਬੇ ਵਿਚ ਇਕ ਹੋਰ ਯੂ-ਟਰਨ ਸਾਹਮਣੇ ਆਇਆ ਜਿਥੇ ਦੋ ਟਰੱਕ ਆਪਸ ਵਿਚ ਭਿੜ ਗਏ ਅਤੇ ਅੱਗ ਦੇ ਭਾਂਬੜ ਬਲ ਉਠੇ। ਖੁਸ਼ਕਿਸਮਤੀ ਨਾਲ ਦੋਵੇਂ ਡਰਾਈਵਰ ਆਪੋ ਆਪਣੇ ਟਰੱਕਾਂ ਵਿਚੋਂ ਬਾਹਰ ਨਿਕਲਣ ਵਿਚ ਸਫ਼ਲ ਰਹੇ ਪਰ ਐਨਾ ਵੱਡਾ ਹਾਦਸਾ ਹੋਣ ਤੋਂ ਬਾਅਦ ਵੀ ਕੋਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਨਹੀਂ ਹੋ ਰਹੀ ਜਿਸ ਦਾ ਸਿਰਫ਼ ਇਕੋ ਕਾਰਨ ਉਭਰ ਕੇ ਸਾਹਮਣੇ ਆਇਆ ਹੈ ਕਿ ਦੋਵੇਂ ਟਰੱਕ ਡਰਾਈਵਰ ਇੰਮੀਗ੍ਰੇਸ਼ਨ ਸਟੇਟਸ ਪੱਖੋਂ ਅਮਰੀਕਾ ਵਿਚ ਪੱਕੇ ਹਨ। ਦੂਜੇ ਪਾਸੇ ਇਕ ਹੋਰ ਵੱਡੇ ਸੜਕ ਹਾਦਸੇ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਗਈ ਜਦੋਂ ਇਕ ਟਰੱਕ ਵਿਚ ਧਮਾਕੇ ਮਗਰੋਂ 50 ਕਾਰਾਂ ਨੁਕਸਾਨੀਆਂ ਗਈਆਂ। ਹਾਦਸਾ ਚਿਲੀ ਦੇ ਸੈਂਟੀਆਗੋ ਵਿਖੇ ਵਾਪਰਿਆ। ਗੈਸਕੋ ਕੰਪਨੀ ਦਾ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਅਤੇ ਅਚਨਚੇਤ ਹੋਏ ਧਮਾਕੇ ਤੋਂ ਗੱਡੀਆਂ ਬਚ ਨਾ ਸਕੀਆਂ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਫਲਾਈ ਓਵਰ ਤੋਂ ਅੱਗ ਦੀਆਂ ਲਾਟਾਂ ਉਠ ਰਹੀਆਂ ਹਨ। ਫਾਇਰ ਫਾਈਟਰਜ਼ ਨੂੰ ਅੱਗ ਬੁਝਾਉਣ ਵਿਚ ਕਈ ਘੰਟੇ ਲੱਗੇ ਅਤੇ ਵੱਡੀ ਗਿਣਤੀ ਵਿਚ ਗੱਡੀਆਂ ਦਾ ਨੁਕਸਾਨ ਹੋਇਆ। ਕੁਝ ਲੋਕ ਆਪਣੀਆਂ ਗੱਡੀਆਂ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਜਾਣ ਵਿਚ ਸਫ਼ਲ ਰਹੇ।


