ਆਇਰਲੈਂਡ ਵਿਚ ਪੰਜਾਬੀ ਟੈਕਸੀ ਡਰਾਈਵਰ ’ਤੇ ਨਸਲੀ ਹਮਲਾ
ਮੁਸਾਫ਼ਰ ਬਣ ਕੇ ਟੈਕਸੀ ਵਿਚ ਬੈਠੇ ਦੋ ਜਣਿਆਂ ਨੇ ਲਖਵੀਰ ਸਿੰਘ ਨੂੰ ਜਾਨੋ ਮਾਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ

By : Upjit Singh
ਡਬਲਿਨ : ਮੁਸਾਫ਼ਰ ਬਣ ਕੇ ਟੈਕਸੀ ਵਿਚ ਬੈਠੇ ਦੋ ਜਣਿਆਂ ਨੇ ਲਖਵੀਰ ਸਿੰਘ ਨੂੰ ਜਾਨੋ ਮਾਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਲਖਵੀਰ ਸਿੰਘ ਆਪਣੀ ਜਾਨ ਬਚਾਉਣ ਲਈ ਲੋਕਾਂ ਦੇ ਦਰਵਾਜ਼ੇ ਖੜਕਾਉਂਦਾ ਰਿਹਾ ਪਰ ਕੋਈ ਮਦਦ ਵਾਸਤੇ ਨਾ ਆਇਆ ਅਤੇ ਆਖਰਕਾਰ ਹਮਲਾਵਰ ਉਸ ਨੂੰ ਲਹੂ-ਲੁਹਾਣ ਹਾਲਤ ਵਿਚ ਛੱਡ ਕੇ ਚਲੇ ਗਏ। 23 ਸਾਲ ਤੋਂ ਆਇਰਲੈਂਡ ਵਿਚ ਰਹਿ ਰਹੇ ਲਖਵੀਰ ਸਿੰਘ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ 20-21 ਸਾਲ ਦੇ ਦੋ ਨੌਜਵਾਨ ਉਸ ਦੀ ਟੈਕਸੀ ਵਿਚ ਬੈਠੇ ਅਤੇ ਪੌਪਿਨਟ੍ਰੀ ਇਲਾਕੇ ਵੱਲ ਚੱਲਣ ਲਈ ਆਖਿਆ।
ਹਮਲਾਵਰਾਂ ਨੇ ਸਿਰ ਵਿਚ ਬੋਤਲਾਂ ਮਾਰ ਕੇ ਕੀਤਾ ਲਹੂ-ਲੁਹਾਣ
ਮੰਜ਼ਿਲ ’ਤੇ ਪੁੱਜਣ ਮਗਰੋਂ ਦੋਵੇਂ ਜਣੇ ਟੈਕਸੀ ਵਿਚੋਂ ਉਤਰੇ ਅਤੇ ਡਰਾਈਵਰ ਸੀਟ ਵਾਲਾ ਦਰਵਾਜ਼ਾ ਖੋਲ੍ਹ ਕੇ ਲਖਵੀਰ ਸਿੰਘ ਨੂੰ ਬਾਹਰ ਖਿੱਚ ਲਿਆ। ਇਸੇ ਦੌਰਾਨ ਇਕ ਹਮਲਾਵਰ ਨੇ ਬੋਤਲ ਨਾਲ ਲਖਵੀਰ ਸਿੰਘ ਦੇ ਸਿਰ ’ਤੇ ਵਾਰ ਕਰ ਦਿਤਾ। ਦੋਵੇਂ ਜਣੇ ਲਖਵੀਰ ਸਿੰਘ ਨੂੰ ਆਪਣੇ ਮੁਲਕ ਵਾਪਸ ਜਾਣ ਵਾਸਤੇ ਆਖ ਰਹੇ ਸਨ ਅਤੇ ਇਹੋ ਸ਼ਬਦ ਦੁਹਰਾਉਂਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਬੁਰੀ ਤਰ੍ਹਾਂ ਜ਼ਖਮੀ ਲਖਵੀਰ ਸਿੰਘ ਨੇ ਕਿਸੇ ਤਰੀਕੇ 999 ’ਤੇ ਕਾਲ ਕੀਤੀ ਅਤੇ ਕੁਝ ਦੇਰ ਬਾਅਦ ਪੈਰਮੈਡਿਕਸ ਮੌਕੇ ’ਤੇ ਪੁੱਜ ਗਏ। ਦੋ ਬੱਚਿਆਂ ਦੇ ਪਿਤਾ ਲਖਵੀਰ ਸਿੰਘ ਨੂੰ ਬਿਊਮੌਂਟ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਪਰਵਾਰਕ ਮੈਂਬਰ ਵੀ ਉਥੇ ਪੁੱਜ ਗਏ। ਆਇਰਲੈਂਡ ਪੁਲਿਸ ਵੱਲੋਂ ਡਬਲਿਨ ਦੇ ਪੌਪਿਨਟ੍ਰੀ ਇਲਾਕੇ ਵਿਚ ਵਾਪਰੀ ਵਾਰਦਾਤ ਦੀ ਪੜਤਾਲ ਕੀਤੀ ਜਾ ਰਹੀ ਹੈ।
ਭਾਰਤੀਆਂ ਉਤੇ ਹਮਲਿਆਂ ਵਿਚ ਲਗਾਤਾਰ ਹੋ ਰਿਹਾ ਵਾਧਾ
ਇਥੇ ਦਸਣਾ ਬਣਦਾ ਹੈ ਕਿ ਲਖਵੀਰ ਸਿੰਘ ਪਿਛਲੇ 10 ਸਾਲ ਤੋਂ ਡਬਲਿਨ ਵਿਚ ਟੈਕਸੀ ਚਲਾ ਰਿਹਾ ਹੈ ਪਰ ਕਦੇ ਵੀ ਅਜਿਹੀ ਘਟਨਾ ਨਹੀਂ ਵਾਪਰੀ। ਅਚਨਚੇਤ ਹੋਏ ਹਮਲੇ ਮਗਰੋਂ ਲਖਵੀਰ ਸਿੰਘ ਅਤੇ ਉਸ ਦਾ ਪਰਵਾਰ ਘਬਰਾਇਆ ਹੋਇਆ ਹੈ। ਫਿਲਹਾਲ ਲਖਵੀਰ ਸਿੰਘ ਟੈਕਸੀ ਨਹੀਂ ਚਲਾ ਰਿਹਾ ਪਰ ਭਾਰਤ ਵਾਪਸੀ ਕਰਨੀ ਵੀ ਸੰਭਵ ਨਹੀਂ। ਉਧਰ ਭਾਰਤੀ ਅੰਬੈਸੀ ਵੱਲੋਂ ਆਪਣੇ ਨਾਗਰਿਕਾਂ ਨੂੰ ਦੇਰ ਰਾਤ ਸੁੰਨੇ ਇਲਾਕਿਆਂ ਵੱਲ ਨਾ ਜਾਣ ਦਾ ਸੁਝਾਅ ਦਿਤਾ ਗਿਆ ਹੈ। ਅੰਬੈਸੀ ਨੇ ਕਿਹਾ ਕਿ ਆਇਰਲੈਂਡ ਵਿਚ ਭਾਰਤੀਆਂ ਉਤੇ ਨਸਲੀ ਹਮਲਿਆਂ ਵਿਚ ਵਾਧਾ ਹੋਇਆ ਹੈ ਅਤੇ ਇਸ ਬਾਰੇ ਸਥਾਨਕ ਪੁਲਿਸ ਪ੍ਰਸ਼ਾਸਨ ਲਗਾਤਾਰ ਸੰਪਰਕ ਵਿਚ ਹੈ। ਅੰਬੈਸੀ ਵੱਲੋਂ ਇਕ ਐਮਰਜੰਸੀ ਨੰਬਰ 08994 23734 ਜਾਰੀ ਕਰਦਿਆਂ ਹੰਗਾਮੀ ਹਾਲਾਤ ਵਿਚ ਇਸ ਰਾਹੀਂ ਸੰਪਰਕ ਕਰਨ ਵਾਸਤੇ ਆਖਿਆ ਗਿਆ ਹੈ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਭਾਰਤੀ ਵਿਗਿਆਨੀ ਸੰਤੋਸ਼ ਯਾਦਵ ਨੂੰ ਵੀ ਡਬਲਿਨ ਵਿਖੇ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਰਾਤ ਦਾ ਖਾਣਾ ਖਾ ਕੇ ਸੈਰ ਕਰਨ ਨਿਕਲਿਆ। ਸੰਤੋਸ਼ ਯਾਦਵ ਦੇ ਮਾਮਲੇ ਵਿਚ ਆਇਰਿਸ਼ ਅਧਿਕਾਰੀਆਂ ਨੇ ਕਿਹਾ ਕਿ ਉਹ ਨਵਾਂ ਨਵਾਂ ਮੁਲਕ ਵਿਚ ਆਇਆ ਸੀ ਪਰ ਲਖਵੀਰ ਸਿੰਘ ਦੇ ਮਾਮਲੇ ਵਿਚ ਇਹ ਦਲੀਲ ਨਹੀਂ ਦਿਤੀ ਜਾ ਸਕਦੀ ਜੋ 23 ਸਾਲ ਤੋਂ ਆਇਰਲੈਂਡ ਵਿਚ ਰਹਿ ਰਿਹਾ ਹੈ।


