ਅਮਰੀਕਾ ਵਿਚ ਪੰਜਾਬੀ ਟੈਕਸੀ ਡਰਾਈਵਰ ਗ੍ਰਿਫ਼ਤਾਰ
ਅਮਰੀਕਾ ਵਿਚ ਪੰਜਾਬੀ ਟੈਕਸੀ ਡਰਾਈਵਰ ਨੂੰ 21 ਸਾਲ ਦੀ ਮੁਟਿਆਰ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ

By : Upjit Singh
ਕੈਲੇਫੋਰਨੀਆ : ਅਮਰੀਕਾ ਵਿਚ ਪੰਜਾਬੀ ਟੈਕਸੀ ਡਰਾਈਵਰ ਨੂੰ 21 ਸਾਲ ਦੀ ਮੁਟਿਆਰ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਲੇਫੋਰਨੀਆ ਦੀ ਵੈਂਚੁਰਾ ਕਾਊਂਟੀ ਵਿਚ ਵਾਪਰੇ ਘਟਨਾਕ੍ਰਮ ਬਾਰੇ ਸ਼ੈਰਿਫ਼ ਦਫ਼ਤਰ ਨੇ ਦੱਸਿਆ ਕਿ ਨਵੰਬਰ ਵਿਚ ਇਕ ਰਾਈਡ ਸ਼ੇਅਰ ਡਰਾਈਵਰ ਨੇ ਥਾਊਜ਼ੈਂਡ ਓਕਸ ਇਲਾਕੇ ਤੋਂ ਇਕ ਸ਼ਰਾਬੀ ਮਹਿਲਾ ਮੁਸਾਫ਼ਰ ਨੂੰ ਆਪਣੀ ਗੱਡੀ ਵਿਚ ਬਿਠਾਇਆ ਅਤੇ ਕੈਮਾਰਿਲੋ ਵੱਲ ਰਵਾਨਾ ਹੋ ਗਿਆ। ਮੰਜ਼ਿਲ ’ਤੇ ਪੁੱਜਣ ਮਗਰੋਂ ਔਰਤ ਬਿਲਕੁਲ ਬੇਸੁਧ ਹੋ ਚੁੱਕੀ ਸੀ ਅਤੇ ਟੈਕਸੀ ਵਿਚੋਂ ਬਾਹਰ ਨਾ ਨਿਕਲ ਸੀ। ਇਸੇ ਦੌਰਾਨ 35 ਸਾਲ ਦਾ ਸਿਮਰਨਜੀਤ ਸਿੰਘ ਸੇਖੋਂ ਆਪਣੀ ਟੈਕਸੀ ਵਿਚ ਬੇਹੋਸ਼ ਔਰਤ ਨੂੰ ਕੈਮਾਰਿਲੋ ਦੇ ਕਿਸੇ ਹੋਰ ਇਲਾਕੇ ਵਿਚ ਲੈ ਲਿਆ ਗਿਆ ਅਤੇ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ।
35 ਸਾਲ ਦੇ ਸਿਮਰਨਜੀਤ ਸੇਖੋਂ ’ਤੇ ਲੱਗੇ ਜਬਰ-ਜਨਾਹ ਦੇ ਦੋਸ਼
ਪੁਲਿਸ ਨੇ ਅੱਗੇ ਕਿਹਾ ਕਿ ਪੀੜਤ ਕੁੜੀ ਨੇ ਐਨਾ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਕਿ ਆਪਣੇ ਆਪ ਨੂੰ ਸੰਭਾਲਣ ਦੇ ਸਮਰੱਥ ਨਹੀਂ ਸੀ ਜਿਸ ਦਾ ਫਾਇਦਾ ਟੈਕਸੀ ਡਰਾਈਵਰ ਨੇ ਉਠਾਇਆ। ਮਾਮਲੇ ਦੀ ਪੜਤਾਲ ਕਰਦਿਆਂ ਵੈਂਚੁਰਾ ਕਾਊਂਟੀ ਦੀ ਪੁਲਿਸ ਡਰਾਈਵਰ ਦੀ ਸ਼ਨਾਖ਼ਤ ਕਰਨ ਵਿਚ ਸਫ਼ਲ ਰਹੀ ਅਤੇ ਬੀਤੇ ਸੋਮਵਾਰ ਨੂੰ ਸਿਮਰਨਜੀਤ ਸਿੰਘ ਸੇਖੋਂ ਨੂੰ ਗ੍ਰਿਫ਼ਤਾਰ ਕਰ ਲਿਆ। ਫ਼ਿਲਹਾਲ ਸਿਮਰਨਜੀਤ ਸੇਖੋਂ ਨੂੰ ਪ੍ਰੀ-ਟ੍ਰਾਇਲ ਡਿਟੈਨਸ਼ਨ ਸੈਂਟਰ ਵਿਚ ਰੱਖਿਆ ਗਿਆ ਹੈ ਅਤੇ ਜ਼ਮਾਨਤ ਵਾਸਤੇ 5 ਲੱਖ ਡਾਲਰ ਦੇ ਬੌਂਡ ਦੀ ਸ਼ਰਤ ਰੱਖੀ ਗਈ ਹੈ। ਪੁਲਿਸ ਵੱਲੋਂ ਰਾਈਡਸ਼ੇਅਰ ਕੰਪਨੀ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਅਤੇ ਮਾਮਲੇ ਦੀ ਪੜਤਾਲ ਹੁਣ ਵੀ ਜਾਰੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਡਿਟੈਕਟਿਵ ਮਿਚਲ ਪੀਟਰਸਨ ਨਾਲ 805 384 4745 ’ਤੇ ਸੰਪਰਕ ਕੀਤਾ ਜਾਵੇ।


