ਆਸਟ੍ਰੇਲੀਆ ਵਿਚ ਲੁੱਟਿਆ ਪੰਜਾਬੀ ਪਰਵਾਰ
ਆਸਟ੍ਰੇਲੀਆ ਦੇ ਗੋਲਡ ਕੋਸਟ ਇਲਾਕੇ ਵਿਚ ਲੁਟੇਰੇ ਪੰਜਾਬੀ ਪਰਵਾਰ ਦੀਆਂ 5 ਮਹਿੰਗੀਆਂ ਗੱਡੀਆਂ ਲੈ ਗਏ

By : Upjit Singh
ਬ੍ਰਿਸਬੇਨ : ਆਸਟ੍ਰੇਲੀਆ ਦੇ ਗੋਲਡ ਕੋਸਟ ਇਲਾਕੇ ਵਿਚ ਲੁਟੇਰੇ ਪੰਜਾਬੀ ਪਰਵਾਰ ਦੀਆਂ 5 ਮਹਿੰਗੀਆਂ ਗੱਡੀਆਂ ਲੈ ਗਏ। ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰਿਆਂ ਵੱਲੋਂ ਲੁੱਟੀਆਂ ਗੱਡੀਆਂ ਦੀ ਕੀਮਤ ਇਕ ਮਿਲੀਅਨ ਆਸਟ੍ਰੇਲੀਅਨ ਡਾਲਰ ਦੱਸੀ ਜਾ ਰਹੀ ਹੈ। ਆਸਟ੍ਰੇਲੀਆ ਦੇ ਕ੍ਰਾਈਮ ਰਿਕਾਰਡਸ ਮੁਤਾਬਕ ਮੁਲਕ ਦੇ ਇਤਿਹਾਸ ਵਿਚ ਇਹ ਸਭ ਤੋਂ ਵੱਡੀ ਲੁੱਟ ਮੰਨੀ ਜਾ ਰਹੀ ਹੈ। ਦੱਸ ਦੇਈਏ ਕਿ ਜਲੰਧਰ ਸ਼ਹਿਰ ਨਾਲ ਸਬੰਧਤ ਅਰੁਣ ਅਗਰਵਾਲ ਦਾ ਪਰਵਾਰ ਆਸਟ੍ਰੇਲੀਆ ਵਿਚ ਰਹਿੰਦਾ ਹੈ ਅਤੇ ਵਾਰਦਾਤ ਮਗਰੋਂ ਹਰ ਕੋਈ ਬੇਹੱਦ ਡਰਿਆ ਹੋਇਆ ਹੈ।
4 ਕਰੋੜ ਰੁ. ਮੁੱਲ ਦੀਆਂ 5 ਗੱਡੀਆਂ ਲੈ ਗਏ ਲੁਟੇਰੇ
ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜ ਜਣੇ ਦੱਸੇ ਗਏ ਅਤੇ ਪੁਲਿਸ ਨੇ ਇਨ੍ਹਾਂ ਵਿਚੋਂ 2 ਨਾਬਾਲਗ ਚੋਰਾਂ ਨੂੰ ਗ੍ਰਿਫ਼ਤਾਰ ਕਰਦਿਆਂ ਗੱਡੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ। ਲੁੱਟ ਦੀ ਵਾਰਦਾਤ ਦਾ ਸ਼ਿਕਾਰ ਬਣੇ ਸੌਰਭ ਅਤੇ ਪ੍ਰਗਿਆ ਨੇ ਦੱਸਿਆ ਕਿ ਉਨ੍ਹਾਂ ਦਾ ਨਵਜੰਮਿਆ ਬੱਚਾ ਸੌਂ ਰਿਹਾ ਸੀ ਜਦੋਂ ਘਰ ਵਿਚ ਲੁਟੇਰੇ ਦਾਖਲ ਹੋਏ। ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਰਿਕਾਰਡ ਹੋ ਗਈ। ਲੁਟੇਰੇ ਪਹਿਲੀ ਵਾਰ 2 ਗੱਡੀਆਂ ਲੈ ਗਏ ਅਤੇ ਵਾਪਸੀ ਕਰਦਿਆਂ ਤਿੰਨ ਸਾਥੀਆਂ ਨੇ ਨਾਲ ਲਿਆਏ ਅਤੇ ਤਿੰਨ ਹੋਰ ਗੱਡੀਆਂ ਲੈ ਗਏ। ਵਾਰਦਾਤ ਮਗਰੋਂ ਪਰਵਾਰ ਐਨਾ ਡਰਿਆ ਹੋਇਆ ਕਿ ਰਾਤ ਵੇਲੇ ਨੀਂਦ ਨਹੀਂ ਆਉਂਦੀ ਅਤੇ ਇਹੋ ਡਰ ਸਤਾਉਂਦਾ ਹੈ ਕਿ ਕਿਤੇ ਲੁਟੇਰੇ ਮੁੜ ਨਾ ਆ ਜਾਣ।


