ਪੰਜਾਬੀ ਪਰਵਾਰ ਨੂੰ ਮਿਲੀ ਰੂਸ ਦੀ ਪੀ.ਆਰ.
ਰੂਸੀ ਫੌਜ ਵੱਲੋਂ ਲੜਦਿਆਂ ਯੂਕਰੇਨੀ ਇਲਾਕੇ ਵਿਚ ਜਾਨ ਗਵਾਉਣ ਵਾਲੇ ਤੇਜਪਾਲ ਸਿੰਘ ਦੇ ਪੰਜ ਪਰਵਾਰਕ ਮੈਂਬਰਾਂ ਨੂੰ ਰੂਸ ਦੀ ਪੀ.ਆਰ. ਦਿਤੀ ਗਈ ਹੈ।
By : Upjit Singh
ਅੰਮ੍ਰਿਤਸਰ : ਰੂਸੀ ਫੌਜ ਵੱਲੋਂ ਲੜਦਿਆਂ ਯੂਕਰੇਨੀ ਇਲਾਕੇ ਵਿਚ ਜਾਨ ਗਵਾਉਣ ਵਾਲੇ ਤੇਜਪਾਲ ਸਿੰਘ ਦੇ ਪੰਜ ਪਰਵਾਰਕ ਮੈਂਬਰਾਂ ਨੂੰ ਰੂਸ ਦੀ ਪੀ.ਆਰ. ਦਿਤੀ ਗਈ ਹੈ। ਅੰਮ੍ਰਿਤਸਰ ਨਾਲ ਸਬੰਧਤ ਤੇਜਪਾਲ ਸਿੰਘ ਦੀ ਵਿਧਵਾ ਪਰਮਿੰਦਰ ਕੌਰ ਨੇ ਦੱਸਿਆ ਕਿ ਰੂਸ ਸਰਕਾਰ ਵੱਲੋਂ ਉਨ੍ਹਾਂ ਦੇ ਬੱਚਿਆਂ ਨੂੰ 20-20 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਦੇਣਾ ਵੀ ਸ਼ੁਰੂ ਕਰ ਦਿਤਾ ਗਿਆ ਹੈ।
ਰੂਸੀ ਫੌਜ ਵੱਲੋਂ ਲੜਦਿਆਂ ਗਈ ਸੀ ਤੇਜਪਾਲ ਸਿੰਘ ਦੀ ਜਾਨ
ਮਾਸਕੋ ਤੋਂ ਤਿੰਨ ਮਹੀਨੇ ਬਾਅਦ ਪਰਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਪੀ.ਆਰ. ਮਿਲ ਚੁੱਕੀ ਹੈ ਅਤੇ ਜਦੋਂ ਬੱਚੇ ਤੇ ਸੱਸ-ਸਹੁਰਾ ਰੂਸ ਪਹੁੰਚਣਗੇ ਤਾਂ ਉਨ੍ਹਾਂ ਨੂੰ ਪੀ.ਆਰ. ਦੇ ਦਿਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਪੈਨਸ਼ਨ ਵੀ ਲੱਗ ਜਾਵੇਗੀ। ਸੱਤ ਸਾਲ ਦੇ ਅਰਮਾਨਦੀਪ ਸਿੰਘ ਅਤੇ ਚਾਰ ਸਾਲ ਦੀ ਗੁਰਨਾਜ਼ਦੀਪ ਕੌਰ ਨੂੰ ਰੂਸ ਵਿਚ ਮੁਫ਼ਤ ਸਿੱਖਿਆ ਵੀ ਮਿਲੇਗੀ। ਪਰਮਿੰਦਰ ਕੌਰ ਮੁਤਾਬਕ ਇਸ ਵੇਲੇ ਰੂਸ ਵਿਚ ਬਹੁਤ ਜ਼ਿਆਦਾ ਠੰਢ ਹੈ ਜਿਸ ਨੂੰ ਵੇਖਦਿਆਂ ਪਰਵਾਰ ਮਈ ਵਿਚ ਰੂਸ ਜਾਣ ਦੀ ਯੋਜਨਾ ਬਣਾ ਰਿਹਾ ਹੈ ਪਰ ਉਹ ਫਰਵਰੀ ਵਿਚ ਮਾਸਕੋ ਜਾਣਗੇ ਤਾਂਕਿ ਰਹਿੰਦੀ ਕਾਗਜ਼ੀ ਕਾਰਵਾਈ ਮੁਕੰਮਲ ਕੀਤੀ ਜਾ ਸਕੇ। ਇਥੇ ਦਸਣਾ ਬਣਦਾ ਹੈ ਕਿ ਪਰਮਿੰਦਰ ਕੌਰ ਟੂਰਿਸਟ ਵੀਜ਼ਾ ਤੇ ਰੂਸ ਗਈ ਅਤੇ ਇਕ ਭਾਰਤੀ ਪਰਵਾਰ ਕੋਲ ਰਹੀ। ਗੋਆ ਨਾਲ ਸਬੰਧਤ ਪਰਵਾਰ ਨੇ ਪਰਮਿੰਦਰ ਕੌਰ ਦੀ ਹਰ ਸੰਭਵ ਮਦਦ ਕੀਤੀ ਅਤੇ ਰੂਸੀ ਫੌਜ ਦੇ ਭਰਤੀ ਦਫਤਰਾਂ ਵਿਚ ਦਸਤਾਵੇਜ਼ ਮੁਕੰਮਲ ਕਰਵਾਏ। ਦੂਜੇ ਪਾਸੇ ਪਰਮਿੰਦਰ ਕੌਰ ਨੇ ਮਾਸਕੋ ਸਥਿਤ ਭਾਰਤੀ ਅੰਬੈਸੀ ਦੀ ਨਿਖੇਧੀ ਕੀਤੀ ਜਿਸ ਵੱਲੋਂ ਉਸ ਦੇ ਪਤੀ ਨੂੰ ਰੂਸ-ਯੂਕਰੇਨ ਜੰਗ ਦੌਰਾਨ ਮਰਿਆ ਨਹੀਂ ਐਲਾਨਿਆ ਜਾ ਰਿਹਾ।
ਬੱਚਿਆਂ ਨੂੰ ਹਰ ਮਹੀਨੇ ਭੱਤਾ ਅਤੇ ਮਾਪਿਆਂ ਨੂੰ ਪੈਨਸ਼ਨ ਦੀ ਸਹੂਲਤ ਵੀ
ਪਰਮਿੰਦਰ ਕੌਰ ਮੁਤਾਬਕ ਹੁਣ ਵੀ ਤੇਜਪਾਲ ਦਾ ਨਾਂ ਲਾਪਤਾ ਲੋਕਾਂ ਦੀ ਸੂਚੀ ਵਿਚ ਹੈ। ਪਰਮਿੰਦਰ ਕੌਰ ਨੇ ਭਾਰਤੀ ਅੰਬੈਸੀ ਦੀ ਤਿੰਨ ਗੇੜੇ ਲਾਏ ਪਰ ਕਿਸੇ ਸੀਨੀਅਰ ਅਫਸਰ ਨਾਲ ਮੁਲਾਕਾਤ ਦਾ ਸਿਰਫ ਇਕ ਮੌਕਾ ਦਿਤਾ ਗਿਆ। ਰੂਸ ਵਿਚ ਠਹਿਰਾਅ ਦੌਰਾਨ ਅੰਬੈਸੀ ਵੱਲੋਂ ਪਰਮਿੰਦਰ ਕੌਰ ਨਾਲ ਸੰਪਰਕ ਕਰਨ ਦਾ ਕੋਈ ਯਤਨ ਵੀ ਨਾ ਕੀਤਾ ਗਿਆ। ਦੱਸ ਦੇਈਏ ਕਿ ਤੇਜਪਾਲ ਸਿੰਘ ਨਾਲ ਪਰਵਾਰ ਦੀ ਆਖਰੀ ਗੱਲਬਾਤ 3 ਮਾਰਚ ਨੂੰ ਹੋਈ ਅਤੇ ਇਸ ਮਗਰੋਂ ਕਦੇ ਕੋਈ ਸੰਪਰਕ ਨਾ ਹੋ ਸਕਿਆ। 12 ਮਾਰਚ ਨੂੰ ਤੇਜਪਾਲ ਸਿੰਘ ਜੰਗ ਦੌਰਾਨ ਮਾਰਿਆ ਗਿਆ ਪਰ ਇਸ ਬਾਰੇ ਕਈ ਮਹੀਨੇ ਬਾਅਦ ਹੀ ਪਰਵਾਰ ਨੂੰ ਪਤਾ ਲੱਗ ਸਕਿਆ।