Begin typing your search above and press return to search.

ਅਮਰੀਕਾ ’ਚੋਂ ਸੈਂਕੜੇ ਪੰਜਾਬੀਆਂ ਨੂੰ ਕੱਢਣ ਦੀ ਤਿਆਰੀ

ਅਮਰੀਕਾ ਵਿਚ ਅਸਾਇਲਮ ਹਾਸਲ ਕਰ ਚੁੱਕੇ ਸੈਂਕੜੇ ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ਵੱਜ ਗਈ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਤਾਕਤਾਂ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੂੰ ਮਿਲ ਚੁੱਕੀਆਂ ਹਨ

ਅਮਰੀਕਾ ’ਚੋਂ ਸੈਂਕੜੇ ਪੰਜਾਬੀਆਂ ਨੂੰ ਕੱਢਣ ਦੀ ਤਿਆਰੀ
X

Upjit SinghBy : Upjit Singh

  |  19 Feb 2026 7:18 PM IST

  • whatsapp
  • Telegram

ਵਾਸ਼ਿੰਗਟਨ : ਅਮਰੀਕਾ ਵਿਚ ਅਸਾਇਲਮ ਹਾਸਲ ਕਰ ਚੁੱਕੇ ਸੈਂਕੜੇ ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ਵੱਜ ਗਈ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਤਾਕਤਾਂ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੂੰ ਮਿਲ ਚੁੱਕੀਆਂ ਹਨ। ਜੀ ਹਾਂ, ਟਰੰਪ ਸਰਕਾਰ ਦੇ ਹੈਰਾਨਕੁੰਨ ਹੁਕਮਾਂ ਤਹਿਤ ਉਨ੍ਹਾਂ ਲੋਕਾਂ ਨੂੰ ਹੁਣ ਆਈਸ ਵਾਲੇ ਗ੍ਰਿਫ਼ਤਾਰ ਕਰ ਸਕਦੇ ਹਨ ਜਿਨ੍ਹਾਂ ਨੇ ਰਫ਼ਿਊਜੀ ਦਾ ਦਰਜਾ ਮਿਲਣ ਤੋਂ ਇਕ ਸਾਲ ਬਾਅਦ ਵੀ ਗਰੀਨ ਕਾਰਡ ਹਾਸਲ ਨਹੀਂ ਕੀਤਾ। ਸਿਰਫ਼ ਇਥੇ ਹੀ ਬੱਸ ਨਹੀਂ, ਜਿਹੜੇ ਲੋਕ ਆਈਸ ਵੱਲੋਂ ਕੀਤੀ ਜਾ ਰਹੀ ਗ੍ਰਿਫ਼ਤਾਰੀ ਦਾ ਵਿਰੋਧ ਕਰਨਗੇ, ਉਨ੍ਹਾਂ ਨੂੰ ਮਿਲਿਆ ਰਫ਼ਿਊਜੀ ਦਾ ਦਰਜਾ ਰੱਦ ਕਰ ਦਿਤਾ ਜਾਵੇਗਾ ਅਤੇ ਸਿੱਧੇ ਤੌਰ ’ਤੇ ਡਿਪੋਰਟ ਕਰ ਦਿਤੇ ਜਾਣਗੇ। ਇਸ ਤੋਂ ਵੀ ਵੱਡਾ ਖ਼ਤਰਾ ਉਨ੍ਹਾਂ ਭਾਰਤੀ ਨਾਗਰਿਕਾਂ ਖਾਸ ਤੌਰ ’ਤੇ ਪੰਜਾਬੀਆਂ ਵਾਸਤੇ ਦੱਸਿਆ ਜਾ ਰਿਹਾ ਹੈ ਜੋ ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਕਿਉਂਕ ਤਾਜ਼ਾ ਹੁਕਮ ਸਿਰਫ਼ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ’ਤੇ ਲਾਗੂ ਹੋਣਗੇ ਅਤੇ ਡੌਂਕੀ ਲਾ ਕੇ ਬਾਰਡਰ ਪਾਰ ਕਰਨ ਵਾਲਿਆਂ ਦੀ ਸ਼ਾਮਤ ਆ ਸਕਦੀ ਹੈ, ਚਾਹੇ ਉਨ੍ਹਾਂ ਦੇ ਅਸਾਇਲਮ ਕਲੇਮ ਨੂੰ ਪ੍ਰਵਾਨਗੀ ਮਿਲ ਚੁੱਕੀ ਹੋਵੇ।

ਟਰੰਪ ਸਰਕਾਰ ਵੱਲੋਂ ਆਈਸ ਨੂੰ ਨਵੀਆਂ ਤਾਕਤਾਂ

ਇਕ ਮੀਡੀਆ ਰਿਪੋਰਟ ਮੁਤਾਬਕ ਆਈਸ ਦੇ ਕਾਰਜਕਾਰੀ ਡਾਇਰੈਕਟਰ ਟੌਡ ਲੀਔਨਜ਼ ਅਤੇ ਸਿਟੀਜ਼ਨਸ਼ਿਪ ਤੇ ਇੰਮੀਗ੍ਰੇਸ਼ਨ ਸੇਵਾਵਾਂ ਦੇ ਡਾਇਰੈਕਟਰ ਜੋਸਫ਼ ਐਡਲੋਅ ਨੂੰ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਗਰੀਨ ਕਾਰਡ ਹਾਸਲ ਨਾ ਕਰਨ ਵਾਲੇ ਰਫ਼ਿਊਜੀਆਂ ਦੀ ਮੁੜ ਸਕ੍ਰੀਨਿੰਗ ਕੀਤੀ ਜਾਵੇ। ਉਧਰ ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਮੁੜ ਸਕ੍ਰੀਨਿੰਗ ਦੌਰਾਨ ਅਸਾਇਲਮ ਕਲੇਮਜ਼ ਨੂੰ ਮਿਲੀਆਂ ਪ੍ਰਵਾਨਗੀਆਂ ਰੱਦ ਕੀਤੀਆਂ ਜਾ ਸਕਦੀਆਂ ਹਨ ਅਤੇ ਡੀਪੋਰਟੇਸ਼ਨ ਵਾਲੇ ਜਹਾਜ਼ ਭਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੇ ਹੁਕਮਾਂ ਵਿਚ ਅੱਗੇ ਲਿਖਿਆ ਗਿਆ ਹੈ ਕਿ ਜਦੋਂ ਤੱਕ ਜਾਂਚ-ਪੜਤਾਲ ਦੀ ਪ੍ਰਕਿਰਿਆ ਮੁਕੰਮਲ ਨਹੀਂ ਹੋ ਜਾਂਦੀ, ਸਬੰਧਤ ਲੋਕਾਂ ਨੂੰ ਹਿਰਾਸਤ ਵਿਚ ਹੀ ਰੱਖਿਆ ਜਾਵੇ। ਟਰੰਪ ਸਰਕਾਰ ਨੇ ਦਲੀਲ ਦਿਤੀ ਹੈ ਕਿ ਕੌਮੀ ਸੁਰੱਖਿਆ ਅਤੇ ਅਮਰੀਕਾ ਦੇ ਲੋਕਾਂ ਦੀ ਹਿਫ਼ਾਜ਼ਤ ਯਕੀਨੀ ਬਣਾਉਂਦਿਆਂ ਇੰਮੀਗ੍ਰੇਸ਼ਨ ਦੇ ਮੁੱਦੇ ’ਤੇ ਸਖ਼ਤ ਫੈਸਲੇ ਲਏ ਜਾ ਰਹੇ ਹਨ। ਚੇਤੇ ਰਹੇ ਕਿ ਟਰੰਪ ਸਰਕਾਰ ਨੇ ਜੋਅ ਬਾਇਡਨ ਦੇ ਕਾਰਜਕਾਲ ਵੇਲੇ ਪ੍ਰਵਾਨ ਕੀਤੇ ਰਫ਼ਿਊਜੀਆਂ ਦੀ ਡੂੰਘਾਈ ਨਾਲ ਘੋਖ ਕਰਨ ਦੇ ਹੁਕਮ, ਪਿਛਲੇ ਸਾਲ ਨਵੰਬਰ ਵਿਚ ਦਿਤੇ ਸਨ ਪਰ ਯੂ.ਐਸ. ਮੀਡੀਆ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀਆਂ ਚਿੱਠੀਆਂ ਦਾ ਵਿਵਾਦ ਵੀ ਭਖਿਆ ਰਿਹਾ।

ਅਸਾਇਲਮ ਦੀ ਪ੍ਰਵਾਨਗੀ ਵਾਲੇ ਵੀ ਹੋਣਗੇ ਗ੍ਰਿਫ਼ਤਾਰ

ਰਿਪੋਰਟ ਮੁਤਾਬਕ 50 ਹਜ਼ਾਰ ਤੋਂ ਵੱਧ ਪੰਜਾਬੀਆਂ ਨੇ ਅਜਿਹੀਆਂ ਚਿੱਠੀਆਂ ਦੀ ਵਰਤੋਂ ਕੀਤੀ ਅਤੇ ਸਿਮਰਨਜੀਤ ਸਿੰਘ ਮਾਨ ਕਬੂਲ ਕਰ ਚੁੱਕੇ ਹਨ ਕਿ ਉਨ੍ਹਾਂ ਵੱਲੋਂ 35-35 ਹਜ਼ਾਰ ਰੁਪਏ ਲੈ ਕੇ ਚਿੱਠੀਆਂ ਜਾਰੀ ਕੀਤੀਆਂ ਗਈਆਂ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ 2022 ਵਿਚ ਕਿਹਾ ਸੀ ਕਿ ਵਿਦੇਸ਼ਾਂ ਵਿਚ ਵਸਣ ਦੇ ਇੱਛਕ ਨੌਜਵਾਨਾਂ ਨੂੰ ਚਿੱਠੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਪਰ ਇਹ ਮੁਫ਼ਤ ਨਹੀਂ ਕਿਉਂਕਿ ਨੌਜਵਾਨਾਂ ਵੱਲੋਂ ਵਿਦੇਸ਼ ਜਾਣ ਲਈ 30-30 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਅਮਰੀਕਾ ਵਿਚ ਸਰਗਰਮ ਇਕ ਜਥੇਬੰਦੀ ਵੱਲੋਂ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਵੀ ਖਾਲਿਸਤਾਨ ਹਮਾਇਤੀ ਸਾਬਤ ਕਰਨ ਦੇ ਯਤਨ ਆਰੰਭ ਹੋ ਚੁੱਕੇ ਹਨ ਤਾਂਕਿ ਸਜ਼ਾ ਭੁਗਤਣ ਤੋਂ ਬਾਅਦ ਉਸ ਨੂੰ ਇੰਡੀਆ ਡਿਪੋਰਟ ਨਾ ਕੀਤਾ ਜਾਵੇ। ਅਮਰੀਕਾ ਦੇ ਇੰਮੀਗ੍ਰੇਸ਼ਨ ਕਾਨੂੰਨ ਮੁਤਾਬਕ ਉਹ ਪ੍ਰਵਾਸੀ ਅਸਾਇਲਮ ਦਾ ਦਾਅਵਾ ਕਰ ਸਕਦੇ ਹਨ ਜਿਨ੍ਹਾਂ ਨੂੰ ਆਪਣੇ ਮੁਲਕ ਪਰਤਣ ’ਤੇ ਵੱਡਾ ਖਤਰਾ ਨਜ਼ਰ ਆਉਂਦਾ ਹੋਵੇ। ਅਸਾਇਲਮ ਕਲੇਮ ਬਾਰੇ ਅੰਤਮ ਫੈਸਲਾ ਆਉਣ ਤੱਕ ਪ੍ਰਵਾਸੀਆਂ ਨੂੰ ਪੈਰੋਲ ਮਿਲ ਜਾਂਦੀ ਹੈ ਅਤੇ ਨਾਲੋ-ਨਾਲ ਇੰਮੀਗ੍ਰੇਸ਼ਨ ਅਦਾਲਤ ਵਿਚ ਮਾਮਲੇ ’ਤੇ ਸੁਣਵਾਈ ਸ਼ੁਰੂ ਹੋ ਜਾਂਦੀ ਹੈ।

Next Story
ਤਾਜ਼ਾ ਖਬਰਾਂ
Share it