Begin typing your search above and press return to search.

ਅਮਰੀਕਾ ’ਚ ਭਾਰਤੀ ਵਿਦਿਆਰਥਣ ਦੀ ਮੌਤ ਦਾ ਜ਼ਿੰਮੇਵਾਰ ਪੁਲਿਸ ਅਫ਼ਸਰ ਬਰਖਾਸਤ

ਅਮਰੀਕਾ ਵਿਚ ਭਾਰਤੀ ਵਿਦਿਆਰਥਣ ਨੂੰ ਗੱਡੀ ਹੇਠ ਦਰੜ ਕੇ ਮਾਰਨ ਵਾਲੇ ਸਿਐਟਲ ਪੁਲਿਸ ਦੇ ਅਫ਼ਸਰ ਨੂੰ ਬਰਖਾਸਤ ਕਰ ਦਿਤਾ ਗਿਆ ਹੈ।

ਅਮਰੀਕਾ ’ਚ ਭਾਰਤੀ ਵਿਦਿਆਰਥਣ ਦੀ ਮੌਤ ਦਾ ਜ਼ਿੰਮੇਵਾਰ ਪੁਲਿਸ ਅਫ਼ਸਰ ਬਰਖਾਸਤ
X

Upjit SinghBy : Upjit Singh

  |  7 Jan 2025 6:24 PM IST

  • whatsapp
  • Telegram

ਸਿਐਟਲ : ਅਮਰੀਕਾ ਵਿਚ ਭਾਰਤੀ ਵਿਦਿਆਰਥਣ ਨੂੰ ਗੱਡੀ ਹੇਠ ਦਰੜ ਕੇ ਮਾਰਨ ਵਾਲੇ ਸਿਐਟਲ ਪੁਲਿਸ ਦੇ ਅਫ਼ਸਰ ਨੂੰ ਬਰਖਾਸਤ ਕਰ ਦਿਤਾ ਗਿਆ ਹੈ। 23 ਜਨਵਰੀ 2023 ਨੂੰ ਵਾਪਰੀ ਘਟਨਾ ਦੌਰਾਨ ਕੈਵਿਨ ਡੇਵ ਆਪਣੀ ਪੁਲਿਸ ਕਰੂਜ਼ਰ ਵਿਚ 119 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਐਮਰਜੰਸੀ ਲਾਈਟਾਂ ਵੀ ਨਹੀਂ ਸਨ ਚੱਲ ਰਹੀਆਂ। ਸਿਐਟਲ ਪੁਲਿਸ ਦੇ ਜਵਾਬਦੇਹੀ ਦਫ਼ਤਰ ਦੀ ਪੜਤਾਲ ਮੁਤਾਬਕ ਕੈਵਿਨ ਡੇਵ ਨੇ ਚਾਰ ਵਿਭਾਗੀ ਨੀਤੀਆਂ ਦੀ ਉਲੰਘਣਾ ਕੀਤੀ।

ਸਿਐਟਲ ਪੁਲਿਸ ਵੱਲੋਂ 2 ਸਾਲ ਮਗਰੋਂ ਕੀਤੀ ਗਈ ਕਾਰਵਾਈ

ਸਿਐਟਲ ਪੁਲਿਸ ਦੀ ਕਾਰਜਕਾਰੀ ਮੁਖੀ ਸੂ ਰਾਹਰ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਉਸ ਰਾਤ ਪੁਲਿਸ ਅਫਸਰ ਦਾ ਇਰਾਦਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਨਹੀਂ ਸੀ ਜਦੋਂ ਉਹ ਓਵਰਡੋਜ਼ ਦੇ ਇਕ ਸੰਭਾਵਤ ਪੀੜਤ ਵੱਲ ਜਾ ਰਿਹਾ ਸੀ। ਪਰ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਂਦਿਆਂ ਸਾਹਮਣੇ ਆਏ ਹੌਲਨਾਕ ਨਤੀਜੇ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।’’ ਇਥੇ ਦਸਣਾ ਬਣਦਾ ਹੈ ਕਿ ਸਿਐਟਲ ਦੇ ਨਾਲ ਲਗਦੇ ਸਾਊਥ ਲੇਕ ਯੂਨੀਅਨ ਕਸਬੇ ਵਿਚ ਰਹਿੰਦੀ ਜਾਹਨਵੀ ਪੈਦਲ ਜਾ ਰਹੀ ਸੀ ਜਦੋਂ ਪੁਲਿਸ ਕਰੂਜ਼ਰ ਨੇ ਉਸ ਨੂੰ ਟੱਕਰ ਮਾਰੀ। ਜਾਹਨਵੀ ਕੰਦੁਲਾ 2021 ਵਿਚ ਅਮਰੀਕਾ ਪੁੱਜੀ ਸੀ ਅਤੇ ਕੁਝ ਸਮਾਂ ਟੈਕਸਸ ਵਿਖੇ ਆਪਣੇ ਇਕ ਰਿਸ਼ਤੇਦਾਰ ਕੋਲ ਰਹਿਣ ਮਗਰੋਂ ਨੌਰਥ ਈਸਟ੍ਰਨ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ। ਜਾਹਨਵੀ ਦੇ ਪਿਤਾ ਪਹਿਲਾਂ ਹੀ ਇਸ ਦੁਨੀਆਂ ਵਿਚ ਨਹੀਂ ਅਤੇ ਮਾਂ ਨੇ ਕਰਜ਼ਾ ਲੈ ਕੇ ਉਸ ਨੂੰ ਅਮਰੀਕਾ ਪੜ੍ਹਨ ਭੇਜਿਆ। ਜਾਹਨਵੀ ਪੜ੍ਹਾਈ ਪੂਰੀ ਕਰਨ ਮਗਰੋਂ ਆਪਣੀ ਮਾਂ ਦਾ ਬੋਝ ਹਲਕਾ ਕਰਨਾ ਚਾਹੁੰਦੀ ਸੀ ਪਰ ਸਭ ਕੁਝ ਖੇਰੂੰ ਖੇਰੂੰ ਹੋ ਗਿਆ। ਜਾਹਨਵੀ ਮਾਮਲੇ ਵਿਚ ਕੈਵਿਨ ਡੇਵ ਦੀ ਬਰਖਾਸਤਗੀ ਤੋਂ ਪਹਿਲਾਂ ਉਸ ਪੁਲਿਸ ਅਫ਼ਸਰ ਨੂੰ ਵੀ ਬਰਖਾਸਤ ਕੀਤਾ ਜਾ ਚੁੱਕਾ ਹੈ ਜੋ ਜਾਹਨਵੀ ਦੀ ਮੌਤ ਦੀ ਖਬਰ ਸੁਣ ਕੇ ਤਾੜੀ ਮਾਰ ਕੇ ਹੱਸਿਆ।

ਜਨਵਰੀ 2023 ਵਿਚ ਹੋਈ ਸੀ ਜਾਹਨਵੀ ਕੰਦੁਲਾ ਦੀ ਮੌਤ

ਸਿਐਟਲ ਪੁਲਿਸ ਦੀ ਕਾਰਜਕਾਰੀ ਮੁਖੀ ਸੂ ਰਾਹਰ ਨੇ ਇਕ ਵਿਭਾਗੀ ਈਮੇਲ ਵਿਚ ਟਿੱਪਣੀ ਕੀਤੀ ਕਿ ਡੈਨੀਅਲ ਔਡਰਰ ਦੇ ਸ਼ਬਦਾਂ ਨਾਲ ਜਾਹਨਵੀ ਦੇ ਪਰਵਾਰ ਨੂੰ ਡੂੰਘੀ ਸੱਟ ਵੱਜੀ ਅਤੇ ਇਹ ਘਟਨਾ ਪੂਰੇ ਪੁਲਿਸ ਮਹਿਕਮੇ ਲਈ ਨਮੋਸ਼ੀ ਦਾ ਕਾਰਨ ਬਣੀ। ਸੂ ਨੇ ਕਿਹਾ ਕਿ ਪੁਲਿਸ ਮਹਿਕਮੇ ਦੀ ਮੁਖੀ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੇ ਵਿਸ਼ਵਾਸ ਨੂੰ ਖੋਰਾ ਨਾ ਲੱਗੇ ਜਿਸ ਦੇ ਮੱਦੇਨਜ਼ਰ ਔਡਰਰ ਨੂੰ ਬਰਖਾਸਤ ਕਰ ਦਿਤਾ ਗਿਆ। ਦੱਸ ਦੇਈਏ ਕਿ ਬੌਡੀ ਕੈਮਰੇ ਵਿਚ ਰਿਕਾਰਡ ਵੀਡੀਓ ਕਲਿੱਪ ਵਿਚ ਪੁਲਿਸ ਅਫਸਰ ਡੈਨੀਅਲ ਔਡਰਰ ਨੂੰ ਇਹ ਕਹਿੰਦਿਆਂ ਸਾਫ ਸੁਣਿਆ ਜਾ ਸਕਦਾ ਹੈ ਕਿ ਮਰਨ ਵਾਲੀ ਕੁੜੀ ਦੀ ਕੋਈ ਅਹਿਮੀਅਤ ਨਹੀਂ ਸੀ। ਇਤਰਾਜ਼ਯੋਗ ਟਿੱਪਣੀ ਕਰਨ ਵਾਲਾ ਡੈਨੀਅਲ ਔਡਰਰ ਉਸ ਵੇਲੇ ਸਿਐਟਲ ਦੇ ਪੁਲਿਸ ਅਫਸਰਾਂ ਦੀ ਜਥੇਬੰਦੀ ਦਾ ਮੀਤ ਪ੍ਰਧਾਨ ਸੀ ਅਤੇ ਉਹ ਫੋਨ ’ਤੇ ਜਥੇਬੰਦੀ ਦੇ ਪ੍ਰਧਾਨ ਮਾਈਕ ਸੋਲਨ ਨਾਲ ਗੱਲ ਕਰ ਰਿਹਾ ਸੀ। ਫੋਨ ’ਤੇ ਗੱਲ ਕਰਦਿਆਂ ਉਹ ਕਹਿੰਦਾ ਹੈ ਕਿ 11 ਹਜ਼ਾਰ ਡਾਲਰ ਦਾ ਚੈਕ ਤਿਆਰ ਕਰੋ, ਕੁੜੀ ਦੀ ਉਮਰ ਤਕਰੀਬਨ 26 ਸਾਲ ਸੀ। ਔਡਰਰ ਇਹ ਵੀ ਕਹਿੰਦਾ ਹੈ ਕਿ ਹਾਦਸੇ ਲਈ ਜ਼ਿੰਮੇਵਾਰ ਪੁਲਿਸ ਅਫਸਰ 50 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਇਕ ਤਜਰਬੇਕਾਰ ਡਰਾਈਵਰ ਵਾਸਤੇ ਇਹ ਕੋਈ ਜ਼ਿਆਦਾ ਰਫ਼ਤਾਰ ਨਹੀਂ। ਦੂਜੇ ਪਾਸੇ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਜਾਹਨਵੀ ਕੰਦੁਲਾ ਨੂੰ ਟੱਕਰ ਮਾਰਨ ਵਾਲਾ ਪੁਲਿਸ ਅਫਸਰ 25 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਹੱਦ ਵਾਲੇ ਇਲਾਕੇ ਵਿਚ 74 ਮੀਲ ਪ੍ਰਤੀ ਘੰਟਾ ਦੀ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ। ਸਿਐਟਲ ਪੁਲਿਸ ਨੇ ਉਸ ਵੇਲੇ ਕਿਹਾ ਸੀ ਕਿ ਪਾਰਦਰਸ਼ਤਾ ਕਾਇਮ ਰੱਖਣ ਲਈ ਬੌਡੀ ਕੈਮਰੇ ਦੀ ਵੀਡੀਓ ਜਨਤਕ ਕੀਤੀ ਜਾ ਰਹੀ ਹੈ ਅਤੇ ਇਸ ਬਾਰੇ ਫਿਲਹਾਲ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾ ਸਕਦੀ।

Next Story
ਤਾਜ਼ਾ ਖਬਰਾਂ
Share it