California ਵਿਚ ਹਵਾਈ ਜਹਾਜ਼ ਦੀ emergency ਲੈਂਡਿੰਗ
ਅਮਰੀਕਾ ਦੀ ਯੂਨਾਈਟਡ ਏਅਰਲਾਈਨਜ਼ ਦੇ ਬੋਇੰਗ 787 ਵਿਚ ਸਵਾਰ 268 ਮੁਸਾਫ਼ਰ ਅਤੇ 12 ਕਰੂ ਮੈਂਬਰ ਵਾਲ-ਵਾਲ ਬਚ ਗਏ ਜਦੋਂ ਹਵਾਈ ਜਹਾਜ਼ ਦੇ ਇਕ ਇੰਜਣ ਵਿਚ ਅੱਗ ਲੱਗਣ ਮਗਰੋਂ ਹੰਗਾਮੀ ਹਾਲਾਤ ਵਿਚ ਲੌਸ ਐਂਜਲਸ ਏਅਰਪੋਰਟ ’ਤੇ ਉਤਾਰਿਆ ਗਿਆ

By : Upjit Singh
ਲੌਸ ਐਂਜਲਸ : ਅਮਰੀਕਾ ਦੀ ਯੂਨਾਈਟਡ ਏਅਰਲਾਈਨਜ਼ ਦੇ ਬੋਇੰਗ 787 ਵਿਚ ਸਵਾਰ 268 ਮੁਸਾਫ਼ਰ ਅਤੇ 12 ਕਰੂ ਮੈਂਬਰ ਵਾਲ-ਵਾਲ ਬਚ ਗਏ ਜਦੋਂ ਹਵਾਈ ਜਹਾਜ਼ ਦੇ ਇਕ ਇੰਜਣ ਵਿਚ ਅੱਗ ਲੱਗਣ ਮਗਰੋਂ ਹੰਗਾਮੀ ਹਾਲਾਤ ਵਿਚ ਲੌਸ ਐਂਜਲਸ ਏਅਰਪੋਰਟ ’ਤੇ ਉਤਾਰਿਆ ਗਿਆ। ਮੀਡੀਆ ਰਿਪੋਰਟ ਮੁਤਾਬਕ ਫਲਾਈਟ 2127 ਨਿਊ ਜਰਸੀ ਵੱਲ ਰਵਾਨਾ ਹੋਈ ਪਰ ਕੁਝ ਹੀ ਸਮੇਂ ਬਾਅਦ ਇੰਜਣ ਵਿਚੋਂ ਧੂੰਆਂ ਨਿਕਲਣ ਲੱਗਾ। ਹਾਲਾਤ ਦੇ ਨਜ਼ਾਕਤ ਨੂੰ ਵੇਖਦਿਆਂ ਲੌਸ ਐਂਜਲਸ ਫਾਇਰ ਡਿਪਾਰਟਮੈਂਟ ਨੂੰ ਅਗਾਊਂ ਤੌਰ ’ਤੇ ਇਤਲਾਹ ਦੇ ਦਿਤੀ ਗਈ ਅਤੇ ਹਵਾਈ ਜਹਾਜ਼ ਦੇ ਲੈਂਡ ਕਰਦਿਆਂ ਹੀ ਮੁਸਾਫ਼ਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਯਤਨ ਸ਼ੁਰੂ ਹੋ ਗਏ।
ਬੋਇੰਗ 787 ਦੇ ਇੰਜਣ ਨੂੰ ਲੱਗੀ ਅੱਗ
ਫਾਇਰ ਟਰੱਕਸ ਨੇ ਜਹਾਜ਼ ਦੇ ਆਲੇ ਦੁਆਲੇ ਘੇਰਾ ਪਾ ਲਿਆ ਅਤੇ ਜਲਦ ਹੀ ਧੂੰਆਂ ਕਾਬੂ ਹੇਠ ਆਉਣ ਦੀ ਰਿਪੋਰਟ ਆ ਗਈ। ਸਿਰਫ਼ ਇਕ ਮੁਸਾਫ਼ਰ ਦੀ ਉਂਗਲ ’ਤੇ ਮਾਮੂਲੀ ਸੱਟ ਵੱਜੀ ਅਤੇ ਬਾਕੀ ਸਾਰੇ ਮੁਸਾਫ਼ਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਣ ਵਿਚ ਸਫ਼ਲਤਾ ਮਿਲੀ। ਯੂਨਾਈਟਡ ਏਅਰਲਾਈਨਜ਼ ਵੱਲੋਂ ਜਾਰੀ ਬਿਆਨ ਮੁਤਾਬਕ ਮੁਸਾਫ਼ਰਾਂ ਨੂੰ ਸਲਾਈਡਜ਼ ਰਾਹੀਂ ਉਤਾਰਿਆ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੇ ਬਦਲਵੇਂ ਪ੍ਰਬੰਧ ਕੀਤੇ ਗਏ।
268 ਮੁਸਾਫ਼ਰ ਅਤੇ 12 ਕਰੂ ਮੈਂਬਰ ਵਾਲ-ਵਾਲ ਬਚੇ
ਇਥੇ ਦਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਯੂਨਾਈਟਡ ਏਅਰਲਾਈਨਜ਼ ਦੀ ਫਲਾਈਟ ਟੇਕ ਔਫ਼ ਕਰਦਿਆਂ ਇਕ ਪਹੀਆ ਖੁਲ੍ਹਣ ਦੀ ਵੀਡੀਓ ਸਾਹਮਣੇ ਆਈ ਪਰ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾ ਲਿਆ ਗਿਆ।


