ਅਮਰੀਕਾ ਦੇ ਹਾਈਵੇਅ ’ਤੇ ਕਰੈਸ਼ ਹੋਇਆ ਹਵਾਈ ਜਹਾਜ਼
ਅਮਰੀਕਾ ਦੇ ਇਕ ਹਾਈਵੇਅ ’ਤੇ ਜਹਾਜ਼ ਲੈਂਡ ਕਰਨ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੌਰਾਨ ਜਹਾਜ਼ ਇਕ ਕਾਰ ਦੀ ਛੱਤ ਨਾਲ ਟਕਰਾਉਂਦਾ ਹੈ

By : Upjit Singh
ਫ਼ਲੋਰੀਡਾ : ਅਮਰੀਕਾ ਦੇ ਇਕ ਹਾਈਵੇਅ ’ਤੇ ਜਹਾਜ਼ ਲੈਂਡ ਕਰਨ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੌਰਾਨ ਜਹਾਜ਼ ਇਕ ਕਾਰ ਦੀ ਛੱਤ ਨਾਲ ਟਕਰਾਉਂਦਾ ਹੈ ਅਤੇ ਫਿਰ ਸੜਕ ਦੇ ਇਕ ਪਾਸੇ ਕਰੈਸ਼ ਹੋ ਜਾਂਦਾ ਹੈ। ਘਟਨਾ ਫਲੋਰੀਡਾ ਵਿਚ ਇੰਟਰਸਟੇਟ 95 ’ਤੇ ਵਾਪਰੀ ਜਦੋਂ ਬੀਚਕ੍ਰਾਫ਼ਟ 55 ਕਿਸਮ ਦਾ ਜਹਾਜ਼ ਇਕ ਭੀੜ-ਭਾੜ ਵਾਲੀ ਸੜਕ ’ਤੇ ਲੈਂਡ ਕਰਦਾ ਹੈ। ਡੈਸ਼ਕੈਮ ਦੀ ਰਿਕਾਰਡਿੰਗ ਵਿਚ ਦੇਖਿਆ ਜਾ ਸਕਦਾ ਹੈ ਕਿ ਪਾਇਲਟ ਐਮਰਜੰਸੀ ਲੈਂਡਿੰਗ ਕਰਵਾਉਣ ਦਾ ਯਤਨ ਕਰਦਿਆਂ ਇਕ ਕਾਰ ਦੀ ਛੱਤ ਵਿਚ ਵੱਜਦਾ ਹੈ।
ਕਾਰ ਦੀ ਛੱਤ ਨਾਲ ਵੱਜੀ ਟੱਕਰ, ਡੈਸ਼ਕੈਮ ਵਿਚ ਰਿਕਾਰਡ ਹੋਈ ਘਟਨਾ
ਕਾਰ ਵਿਚ ਸਵਾਰ ਜੇਮਜ਼ ਕੌਫ਼ੀ ਅਤੇ ਉਸ ਦਾ ਬੇਟਾ ਹਾਦਸਾਗ੍ਰਸਤ ਕਾਰ ਦੇ ਪਿੱਛੇ ਵਾਲੀ ਗੱਡੀ ਵਿਚ ਸਨ ਜਿਨ੍ਹਾਂ ਦੀਆਂ ਅੱਖਾਂ ਸਾਹਮਣੇ ਸਭ ਕੁਝ ਵਾਪਰਿਆ। ਜੇਮਜ਼ ਨੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਹਾਜ਼ ਦੇ ਪਾਇਲਟ ਅਤੇ ਗੱਡੀ ਦੀ ਮਹਿਲਾ ਡਰਾਈਵਰ ਨੂੰ ਮਾਮੂਲੀ ਸੱਟਾਂ ਵੱਜੀਆਂ। ਜਹਾਜ਼ ਨੂੰ ਹਾਈਵੇਅ ਤੋਂ ਹਟਾਉਣ ਵਾਲੀ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਆਈ-95 ਤੋਂ ਹਵਾਈ ਜਹਾਜ਼ ਹਟਾਉਣ ਦਾ ਮੌਕਾ ਮਿਲਿਆ ਹੈ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਵੱਲੋਂ ਜਹਾਜ਼ ਕਰੈਸ਼ ਹੋਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਜਦਕਿ ਫਲੋਰੀਡਾ ਹਾਈਵੇਅ ਪੈਟਰੋਲ ਦੇ ਅਫ਼ਸਰ ਵੀ ਮੌਕੇ ’ਤੇ ਪੁੱਜੇ ਹੋਏ ਸਨ।


