ਕੈਲੇਫੋਰਨੀਆ ’ਚ ਘਰਾਂ ਉਤੇ ਡਿੱਗਿਆ ਹਵਾਈ ਜਹਾਜ਼, 2 ਹਲਾਕ
ਅਮਰੀਕਾ ਵਿਚ ਇਕ ਛੋਟਾ ਹਵਾਈ ਜਹਾਜ਼ ਘਰਾਂ ਉਤੇ ਕਰੈਸ਼ ਹੋਣ ਕਾਰਨ ਅੱਗ ਲੱਗ ਗਈ ਅਤੇ ਘੱਟੋ ਘੱਟ ਦੋ ਜਣਿਆਂ ਦੇ ਮਾਰੇ ਜਾਣ ਦੀ ਰਿਪੋਰਟ ਹੈ।

By : Upjit Singh
ਲਾਸ ਐਂਜਲਸ : ਅਮਰੀਕਾ ਵਿਚ ਇਕ ਛੋਟਾ ਹਵਾਈ ਜਹਾਜ਼ ਘਰਾਂ ਉਤੇ ਕਰੈਸ਼ ਹੋਣ ਕਾਰਨ ਅੱਗ ਲੱਗ ਗਈ ਅਤੇ ਘੱਟੋ ਘੱਟ ਦੋ ਜਣਿਆਂ ਦੇ ਮਾਰੇ ਜਾਣ ਦੀ ਰਿਪੋਰਟ ਹੈ। ਕੈਲੇਫੋਰਨੀਆ ਦੀ ਸਿਮੀ ਵੈਲੀ ਵਿਚ ਵਾਪਰੇ ਹਾਦਸੇ ਮਗਰੋਂ ਇਲਾਕੇ ਦੇ ਲੋਕ ਕੰਬ ਗਏ ਅਤੇ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਕੇ ਮੈਦਾਨਾਂ ਵੱਲ ਦੌੜੇ। ਲੌਸ ਐਂਜਲਸ ਤੋਂ 80 ਕਿਲੋਮੀਟਰ ਉਤਰ-ਪੱਛਮ ਵੱਲ ਵਾਪਰੇ ਹਾਦਸੇ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਿਸ ਨੇ ਘੇਰਾਬੰਦੀ ਕਰ ਦਿਤੀ ਅਤੇ ਫਾਇਰ ਫਾਈਟਰਜ਼ ਨੇ ਰਾਹਤ ਕਾਰਜ ਆਰੰਭ ਦਿਤੇ। ਵੈਂਚੁਰਾ ਕਾਊਂਟੀ ਦੇ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਹਾਦਸੇ ਵੇਲੇ ਘਰਾਂ ਵਿਚ ਕਈ ਲੋਕ ਮੌਜੂਦ ਸਨ ਪਰ ਉਨ੍ਹਾਂ ਦੀ ਜਾਨ ਬਚ ਗਈ। ਮਰਨ ਵਾਲੇ ਦੋ ਜਣੇ ਜਹਾਜ਼ ਵਿਚ ਸਵਾਰ ਸਨ ਅਤੇ ਉਨ੍ਹਾਂ ਦਾ ਪਾਲਤੂ ਕੁੱਤਾ ਵੀ ਹਾਦਸੇ ਦੀ ਭੇਟ ਚੜ੍ਹ ਗਿਆ।
2 ਘਰਾਂ ਨੂੰ ਲੱਗੀ ਅੱਗ, ਫਾਇਰ ਫਾਈਟਰਜ਼ ਨੇ ਸੁਰੱਖਿਅਤ ਕੱਢੇ ਲੋਕ
ਮੁਢਲੇ ਤੌਰ ’ਤੇ ਇਕ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਪਰ ਬਾਅਦ ਵਿਚ ਸਿਮੀ ਵੈਲੀ ਪੁਲਿਸ ਨੇ ਦੋ ਜਣਿਆਂ ਦੀ ਮੌਤ ਬਾਰੇ ਤਸਦੀਕ ਕਰ ਦਿਤੀ। ਜਹਾਜ਼ ਕਰੈਸ਼ ਹੋਣ ਮਗਰੋਂ ਲੱਗੀ ਅੱਗ ਲਗਾਤਾਰ ਫੈਲਦੀ ਜਾ ਰਹੀ ਸੀ ਅਤੇ ਇਸ ਨੂੰ ਬੁਝਾਉਣ ਲਈ 40 ਫਾਇਰ ਫਾਇਟਰਜ਼ ਨੂੰ ਕਰੜੀ ਮੁਸ਼ੱਕਤ ਕਰਨੀ ਪਈ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਬੋਰਡ ਦੇ ਬੁਲਾਰੇ ਪੀਟਰ ਨਡਸਨ ਨੇ ਕਿਹਾ ਕਿ ਜਹਾਜ਼ ਦਾ ਸਾਰਾ ਮਲਬਾ ਇਕੱਠਾ ਕਰ ਕੇ ਲਿਆਂਦਾ ਜਾ ਰਿਹਾ ਹੈ ਅਤੇ ਇਸ ਮਗਰੋਂ ਹੋਰ ਕਈ ਜਾਣਕਾਰੀਆਂ ਇਕੱਤਰ ਕੀਤੀਆਂ ਜਾਣਗੀਆਂ ਜਿਨ੍ਹਾਂ ਵਿਚ ਜਹਾਜ਼ ਦੇ ਰੱਖ ਰਖਾਅ ਦਾ ਰਿਕਾਰਡ, ਪਾਇਲਟ ਨੂੰ ਜਹਾਜ਼ ਚਲਾਉਣ ਦਾ ਤਜਰਬਾ ਅਤੇ ਏਅਰ ਟ੍ਰੈਫਿਕ ਕੰਟਰੋਲ ਨਾਲ ਆਖਰੀ ਮੌਕੇ ’ਤੇ ਹੋਈ ਗੱਲਬਾਤ ਦੇ ਵੇਰਵੇ ਸ਼ਾਮਲ ਹਨ। ਅਮਰੀਕਾ ਦੇ ਰਿਹਾਇਸ਼ੀ ਇਲਾਕਿਆਂ ਵਿਚ ਜਹਾਜ਼ ਕਰੈਸ਼ ਹੋਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਹਾਦਸੇ ਦੇ ਕਾਰਨਾਂ ਦੀ ਪੜਤਾਲ ਕਰ ਰਿਹੈ ਸੇਫ਼ਟੀ ਬੋਰਡ
ਜਨਵਰੀ ਵਿਚ ਕੈਲੇਫੋਰਨੀਆ ਦੇ ਇਕ ਵੇਅਰ ਹਾਊਸ ਉਤੇ ਜਹਾਜ਼ ਡਿੱਗਣ ਕਾਰਨ ਦੋ ਜਣਿਆਂ ਦੀ ਜਾਨ ਗਈ ਜਦਕਿ 19 ਹੋਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਫਰਵਰੀ ਮਹੀਨੇ ਦੌਰਾਨ ਫਿਲਾਡੈਲਫੀਆ ਦੇ ਉਤਰ-ਪੱਛਮੀ ਇਲਾਕੇ ਵਿਚ ਇਕ ਏਅਰ ਐਂਬੂਲੈਂਸ ਕਰੈਸ਼ ਹੋਣ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 7 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਲੀਅਰਜੈਟ 55 ਕਿਸਮ ਦਾ ਜਹਾਜ਼ ਕਰੈਸ਼ ਹੋਣ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਜਿਨ੍ਹਾਂ ਵਿਚ ਦੇਖਿਆ ਜਾ ਸਕਦੀ ਸੀ ਕਿ ਜਹਾਜ਼ ਨੂੰ ਅਸਮਾਨ ਵਿਚ ਹੀ ਅੱਗ ਲੱਗ ਗਈ ਅਤੇ ਇਹ ਬੇਕਾਬੂ ਹੋ ਕੇ ਘਰਾਂ ਉਤੇ ਜਾ ਡਿੱਗਾ।


