ਪਾਕਿਸਤਾਨ ਵਿਚ ਪਾਲਤੂ ਸ਼ੇਰ ਦਾ ਕਹਿਰ, ਮਾਲਕ ਗ੍ਰਿਫ਼ਤਾਰ
ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਚ ਇਕ ਪਾਲਤੂ ਸ਼ੇਰ ਦੇ ਮਾਲਕ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਜਦੋਂ ਕੰਧ ਟੱਪ ਕੇ ਘਰੋਂ ਬਾਹਰ ਆਏ ਸ਼ੇਰ ਨੇ ਇਕ ਔਰਤ ਅਤੇ ਉਸ ਦੇ ਬੱਚਿਆਂ ’ਤੇ ਹਮਲਾ ਕਰ ਦਿਤਾ।

By : Upjit Singh
ਲਾਹੌਰ : ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਚ ਇਕ ਪਾਲਤੂ ਸ਼ੇਰ ਦੇ ਮਾਲਕ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਜਦੋਂ ਕੰਧ ਟੱਪ ਕੇ ਘਰੋਂ ਬਾਹਰ ਆਏ ਸ਼ੇਰ ਨੇ ਇਕ ਔਰਤ ਅਤੇ ਉਸ ਦੇ ਬੱਚਿਆਂ ’ਤੇ ਹਮਲਾ ਕਰ ਦਿਤਾ। ਸ਼ੇਰ ਦੇ ਕੰਧ ਟੱਪਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਅਤੇ ਜੋ ਪਿੰਜਰੇ ਵਿਚੋਂ ਬਾਹਰ ਨਿਕਲ ਕੇ ਗਲੀ ਵਿਚ ਪੁੱਜ ਗਿਆ। ਲਾਹੌਰ ਪੁਲਿਸ ਨੇ ਸ਼ੇਰ ਦੇ ਮਾਲਕ ਵਿਰੁੱਧ ਬਗੈਰ ਲਾਇਸੰਸ ਤੋਂ ਜਾਨਵਰ ਰੱਖਣ ਅਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਆਇਦ ਕੀਤੇ ਹਨ। ਪੁਲਿਸ ਮੁਤਾਬਕ ਸ਼ੇਰ ਦੇ ਹਮਲੇ ਦੌਰਾਨ ਔਰਤ ਅਤੇ ਉਸ ਦੇ ਬੱਚਿਆਂ ਦੇ ਚਿਹਰੇ ਅਤੇ ਹੱਥ ਜ਼ਖਮੀ ਹੋ ਗਏ।
ਪਿੰਜਰੇ ਵਿਚੋਂ ਬਾਹਰ ਨਿਕਲ ਕੇ ਔਰਤ ਉਤੇ ਕੀਤਾ ਹਮਲਾ
ਪੁਲਿਸ ਦਾ ਕਹਿਣਾ ਹੈ ਕਿ ਸ਼ੇਰ ਦਾ ਮਾਲਕ ਮੌਕੇ ’ਤੇ ਮੌਜੂਦ ਸੀ ਪਰ ਉਸ ਨੇ ਆਪਣੇ ਪਾਲਤੂ ਜਾਨਵਰ ਨੂੰ ਰੋਕਣ ਦਾ ਯਤਨ ਨਾ ਕੀਤਾ ਅਤੇ ਤਮਾਸ਼ਾ ਦੇਖਦਾ ਰਿਹਾ। ਕੁਝ ਦੇਰ ਮਗਰੋਂ ਸ਼ੇਰ ਖੁਦ ਹੀ ਆਪਣੇ ਮਾਲਕ ਦੇ ਫਾਰਮ ਹਾਊਸ ਪਰਤ ਗਿਆ ਪਰ ਇਸ ਮਗਰੋਂ ਪੁਲਿਸ ਅਤੇ ਵਾਇਲਡ ਲਾਈਫ਼ ਵਾਲਿਆਂ ਨੇ ਸ਼ੇਰ ਨੂੰ ਫੜ ਕੇ ਜ਼ੂ ਵਿਚ ਪਹੁੰਚਾ ਦਿਤਾ। ਦੱਸ ਦੇਈਏ ਕਿ ਲਾਹੌਰ ਵਿਖੇ ਜੰਗਲੀ ਜਾਨਵਰਾਂ ਨਾਲ ਸਬੰਧਤ ਕਾਨੂੰਨ ਵਿਚ ਸੋਧ ਕੀਤੀ ਗਈ ਹੈ ਜਿਸ ਮੁਤਾਬਕ ਦੋਸ਼ੀ ਕਰਾਰ ਦਿਤੇ ਜਾਣ ’ਤੇ 7 ਸਾਲ ਤੱਕ ਦੀ ਕੈਦ ਅਤੇ 50 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਪਾਕਿਸਤਾਨ ਵਿਚ ਕੁਝ ਅਮੀਰ ਲੋਕ ਸ਼ੇਰ ਜਾਂ ਤੇਂਦੂਏ ਵਰਗੇ ਖਤਰਨਾਕ ਜਾਨਵਰ ਰੱਖਣ ਨੂੰ ਆਪਣਾ ਸਟੇਟਸ ਸਿੰਬਲ ਮੰਨਦੇ ਹਨ।
ਮਾਲਕ ਨੂੰ ਹੋ ਸਕਦੀ ਹੈ 7 ਸਾਲ ਦੀ ਕੈਦ
ਅਜਿਹੇ ਜਾਨਵਰ ਰੱਖਣ ਵਾਸਤੇ ਕਾਨੂੰਨੀ ਪਰਮਿਟ ਕਾਫ਼ੀ ਮਹਿੰਗਾ ਹੈ ਅਤੇ ਜਾਨਵਰ ਰੱਖਣ ਵਾਸਤੇ ਬਿਹਤਰ ਪ੍ਰਬੰਧ ਵੀ ਕਰਨੇ ਹੁੰਦੇ ਹਨ ਪਰ ਜ਼ਿਆਦਾਤਰ ਲੋਕ ਕਾਨੂੰਨ ਦੀ ਪਾਲਣਾ ਨਹੀਂ ਕਰਦੇ। ਲਾਹੌਰ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇਥੇ ਸ਼ੇਰ ਦਾ ਹਮਲਾ ਪਹਿਲੀ ਵਾਰ ਨਹੀਂ ਹੋਇਆ। ਪਿਛਲੇ ਸਮੇਂ ਦੌਰਾਨ 5 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦਕਿ 13 ਸ਼ੇਰ ਜ਼ੂ ਵਿਚ ਪਹੁੰਚਾਏ ਜਾ ਚੁੱਕੇ ਹਨ।


