Begin typing your search above and press return to search.

ਅਮਰੀਕਾ ਦਾਖਲ ਨਹੀਂ ਹੋ ਸਕਣਗੇ 36 ਮੁਲਕਾਂ ਦੇ ਲੋਕ

ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ 19 ਮੁਲਕਾਂ ਦੇ ਨਾਗਰਿਕਾਂ ਉਤੇ ਆਵਾਜਾਈ ਪਾਬੰਦੀਆਂ ਲਾਗੂ ਕਰਨ ਮਗਰੋਂ 36 ਹੋਰਨਾਂ ਦੀ ਸ਼ਨਾਖਤ ਕੀਤੀ ਗਈ ਹੈ

ਅਮਰੀਕਾ ਦਾਖਲ ਨਹੀਂ ਹੋ ਸਕਣਗੇ 36 ਮੁਲਕਾਂ ਦੇ ਲੋਕ
X

Upjit SinghBy : Upjit Singh

  |  17 Jun 2025 5:57 PM IST

  • whatsapp
  • Telegram

ਵਾਸ਼ਿੰਗਟਨ : ਦੁਨੀਆਂ ਦੇ 36 ਹੋਰ ਮੁਲਕਾਂ ਦੇ ਲੋਕ ਅਮਰੀਕਾ ਦਾਖਲ ਨਹੀਂ ਹੋ ਸਕਣਗੇ। ਜੀ ਹਾਂ, ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ 19 ਮੁਲਕਾਂ ਦੇ ਨਾਗਰਿਕਾਂ ਉਤੇ ਆਵਾਜਾਈ ਪਾਬੰਦੀਆਂ ਲਾਗੂ ਕਰਨ ਮਗਰੋਂ 36 ਹੋਰਨਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਦੇ ਨਾਗਰਿਕ ਅਮਰੀਕਾ ਦਾ ਜਹਾਜ਼ ਨਹੀਂ ਚੜ੍ਹ ਸਕਣਗੇ। ਟਰੰਪ ਨੇ ਦਾਅਵਾ ਕੀਤਾ ਕਿ ਵੀਜ਼ਾ ਮਿਆਦ ਲੰਘਣ ਦੇ ਬਾਵਜੂਦ ਅਮਰੀਕਾ ਛੱਡ ਕੇ ਨਾ ਜਾਣ ਵਾਲੇ ਵਿਦੇਸ਼ੀ ਨਾਗਰਿਕ ਇਕ ਮਗਰੋਂ ਇਕ ਅਤਿਵਾਦੀ ਹਮਲੇ ਕਰ ਰਹੇ ਹਨ ਅਤੇ ਸਾਰਾ ਕਸੂਰ ਜੋਅ ਬਾਇਡਨ ਦਾ ਬਣਦਾ ਹੈ ਜਿਨ੍ਹਾਂ ਵੱਲੋਂ ਲੱਖਾਂ ਦੀ ਗਿਣਤੀ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੁਲਕ ਵਿਚ ਦਾਖਲਾ ਦਿਤਾ ਗਿਆ।

19 ਮੁਲਕਾਂ ’ਤੇ ਪਹਿਲਾਂ ਪਾਬੰਦੀਆਂ ਲਾ ਚੁੱਕੇ ਨੇ ਟਰੰਪ

ਟਰੰਪ ਸਰਕਾਰ ਵੱਲੋਂ ਇਨ੍ਹਾਂ 36 ਮੁਲਕਾਂ ਨੂੰ ਆਪਣਾ ਅਕਸ ਸੁਧਾਰਨ ਵਾਸਤੇ 60 ਦਿਨ ਦਾ ਸਮਾਂ ਵੀ ਦਿਤਾ ਗਿਆ ਹੈ ਅਤੇ ਜੇ ਇਸ ਦੌਰਾਨ ਹਾਲਾਤ ਵਿਚ ਤਬਦੀਲੀ ਮਹਿਸੂਸ ਹੋਈ ਤਾਂ ਪਾਬੰਦੀਆਂ ਦਾ ਘੇਰਾ ਹਟਾਇਆ ਜਾ ਸਕਦਾ ਹੈ। ਨਵੀਆਂ ਆਵਾਜਾਈ ਪਾਬੰਦੀਆਂ ਦੇ ਘੇਰੇ ਵਿਚ ਆਏ ਮੁਲਕਾਂ ਵਿਚ ਡੌਮੀਨਿਕਾ, ਇਥੀਓਪੀਆ, ਮਿਸਰ, ਘਾਨਾ, ਕਿਰਗਿਸਤਾਨ, ਕੰਬੋਡੀਆ, ਅੰਗੋਲਾ, ਐਂਟੀਗੁਆ ਐਂਡ ਬਾਰਮੂਡਾ, ਕੈਮਰੂਨ, ਸੀਰੀਆ, ਸਾਊਥ ਸੂਡਾਨ, ਤਨਜ਼ਾਨੀਆ, ਯੁਗਾਂਡਾ, ਲਾਇਬੇਰੀਆ, ਡੈਮੋਕ੍ਰੈਟਿਕ ਰਿਪਬਲਿਕ ਆਫ਼ ਕਾਂਗੋ, ਜ਼ਾਂਬੀਆ ਅਤੇ ਜ਼ਿੰਬਾਬਵੇ ਸ਼ਾਮਲ ਹਨ। ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਸਬੰਧਤ ਮੁਲਕਾਂ ਨੂੰ ਸਕ੍ਰੀਨਿੰਗ ਚਿੰਤਾਵਾਂ ਦੂਰ ਕਰਨ ਲਈ ਠੋਸ ਕਾਰਵਾਈ ਕਰਨ ਦਾ ਸੱਦਾ ਦਿਤਾ ਗਿਆ ਹੈ। ਟਰੰਪ ਸਰਕਾਰ ਵੱਲੋਂ ਉਨ੍ਹਾਂ ਮੁਲਕਾਂ ਨੂੰ ਤਰਜੀਹੀ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਹੈ ਜਿਥੇ ਕੇਂਦਰ ਸਰਕਾਰਾਂ ਨਦਾਰਦ ਹਨ ਅਤੇ ਵੱਡੇ ਪੱਧਰ ’ਤੇ ਹਿੰਸਾ ਦਾ ਮਾਹੌਲ ਹੈ। ਇਥੇ ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਟਰੰਪ ਸਰਕਾਰ ਨੇ ਉਨ੍ਹਾਂ ਮੁਲਕਾ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਵੱਲੋਂ ਅਮਰੀਕਾ ਤੋਂ ਡਿਪੋਰਟ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪ੍ਰਵਾਨ ਕਰਨ ਤੋਂ ਨਾਂਹ ਕੀਤੀ ਗਈ ਜਿਨ੍ਹਾਂ ਵਿਚ ਅਫ਼ਗਾਨਿਸਤਾਨ, ਈਰਾਨ, ਲੀਬੀਆ, ਮਿਆਂਮਾਰ, ਸੂਡਾਨ, ਸੋਮਾਲੀਆ ਅਤੇ ਯਮਨ ਸ਼ਾਮਲ ਸਨ।

ਮੁਲਕਾਂ ਨੂੰ ਆਪਣਾ ਅਕਸ ਸੁਧਾਰਨ ਲਈ 60 ਦਿਨ ਦਾ ਸਮਾਂ ਦਿਤਾ

ਅਮਰੀਕਾ ਦੀ ਸਖਤੀ ਮਗਰੋਂ ਅਲ ਸਲਵਾਡੋਰ, ਪਨਾਮਾ ਅਤੇ ਕੌਸਟਾ ਰੀਕਾ ਨੇ ਗੈਰ ਮੁਲਕਾਂ ਨਾਲ ਸਬੰਧਤ ਪ੍ਰਵਾਸੀਆਂ ਨੂੰ ਆਪਣੀ ਧਰਤੀ ’ਤੇ ਰੱਖਿਆ ਜਦਕਿ ਕੋਸੋਵੋ ਵੱਲੋਂ ਹਾਲ ਹੀ ਵਿਚ ਗੈਰ ਮੁਲਕੀ ਪ੍ਰਵਾਸੀਆਂ ਨੂੰ ਆਪਣੀ ਧਰਤੀ ’ਤੇ ਰੱਖਣ ਦੀ ਸਹਿਮਤੀ ਦਿਤੀ ਗਈ ਹੈ। ਡੌਨਲਡ ਟਰੰਪ ਨੇ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਕਿ ਉਨ੍ਹਾਂ ਮੁਲਕਾਂ ਦੇ ਲੋਕਾਂ ਵਾਸਤੇ ਅਮਰੀਕਾ ਦੇ ਦਰਵਾਜ਼ੇ ਬੰਦ ਹਨ ਜੋ ਸਾਡੀਆਂ ਨੀਤੀਆਂ ਮੁਤਾਬਕ ਅੱਗੇ ਵਧਣ ਨੂੰ ਤਿਆਰ ਨਹੀਂ। ਉਧਰ ਵਾਈਟ ਹਾਊਸ ਦੇ ਡਿਪਟੀ ਪ੍ਰੈਸ ਸਕੱਤਰ ਐਬੀਗੇਲ ਜੈਕਸਨ ਸੋਸ਼ਲ ਮੀਡੀਆ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਟਰੰਪ ਆਪਣਾ ਵਾਅਦਾ ਨਿਭਾਅ ਰਹੇ ਹਨ ਜਿਸ ਤਹਿਤ ਖਤਰਨਾਕ ਵਿਦੇਸ਼ੀ ਨਾਗਰਿਕਾਂ ਤੋਂ ਅਮਰੀਕਾ ਵਾਸੀਆਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ। ਵੱਡੀ ਗਿਣਤੀ ਵਿਚ ਮੁਲਕਾਂ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹ ਸੁਰੱਖਿਆ ਮਾਪਦੰਡਾਂ ਅਤੇ ਹੋਰ ਤਰਜੀਹਾਂ ਵੱਲ ਧਿਆਨ ਦੇਣਾ ਨਹੀਂ ਚਾਹੁੰਦੇ। ਆਵਾਜਾਈ ਪਾਬੰਦੀਆਂ ਦੇ ਘੇਰੇ ਵਿਚ ਆਉਣ ਵਾਲੇ ਮੁਲਕਾਂ ਦੀ ਸੂਚੀ ਹੋਰ ਵੀ ਲੰਮੀ ਹੋ ਸਕਦੀ ਹੈ ਜੇ ਰਾਸ਼ਟਰਪਤੀ ਕੌਮੀ ਸੁਰੱਖਿਆ ਵਾਸਤੇ ਖਤਰਾ ਮਹਿਸੂਸ ਕਰਦੇ ਹਨ।

Next Story
ਤਾਜ਼ਾ ਖਬਰਾਂ
Share it