ਅਮਰੀਕਾ ਵਿਚ 19 ਮੁਲਕਾਂ ਦੇ ਲੋਕ ਨਹੀਂ ਬਣ ਸਕਣਗੇ ਨਾਗਰਿਕ
ਅਮਰੀਕਾ ਵਿਚ 19 ਮੁਲਕਾਂ ਨਾਲ ਸਬੰਧਤ ਪ੍ਰਵਾਸੀਆਂ ਦੇ ਨਾਗਰਿਕ ਵਜੋਂ ਸਹੁੰ ਚੁੱਕਣ ’ਤੇ ਮੁਕੰਮਲ ਰੋਕ ਲਾ ਦਿਤੀ ਗਈ ਹੈ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਤਾਜ਼ਾ ਹੁਕਮਾਂ ਮਗਰੋਂ 15 ਲੱਖ ਤੋਂ ਵੱਧ ਅਸਾਇਲਮ ਅਰਜ਼ੀਆਂ ਪ੍ਰਭਾਵਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ

By : Upjit Singh
ਵਾਸ਼ਿੰਗਟਨ : ਅਮਰੀਕਾ ਵਿਚ 19 ਮੁਲਕਾਂ ਨਾਲ ਸਬੰਧਤ ਪ੍ਰਵਾਸੀਆਂ ਦੇ ਨਾਗਰਿਕ ਵਜੋਂ ਸਹੁੰ ਚੁੱਕਣ ’ਤੇ ਮੁਕੰਮਲ ਰੋਕ ਲਾ ਦਿਤੀ ਗਈ ਹੈ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਤਾਜ਼ਾ ਹੁਕਮਾਂ ਮਗਰੋਂ 15 ਲੱਖ ਤੋਂ ਵੱਧ ਅਸਾਇਲਮ ਅਰਜ਼ੀਆਂ ਪ੍ਰਭਾਵਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਮੰਗਲਵਾਰ ਰਾਤ ਜਾਰੀ ਕੀਤੇ ਗਏ ਪੌਲਿਸੀ ਮੈਮੋਰੈਂਡਮ ਮੁਤਾਬਕ ਡੌਨਲਡ ਟਰੰਪ 30 ਤੋਂ ਵੱਧ ਮੁਲਕਾਂ ਉਤੇ ਆਵਾਜਾਈ ਬੰਦਿਸ਼ਾਂ ਲਾਗੂ ਕਰਨ ਬਾਰੇ ਵੀ ਵਿਚਾਰ ਕਰ ਰਹੇ ਹਨ। ‘ਦਾ ਨਿਊ ਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਟਰੰਪ ਸਰਕਾਰ ਨੇ ਤੈਅ ਕਰ ਲਿਆ ਹੈ ਕਿ ਅਫ਼ਗਾਨਿਸਤਾਨ, ਮਿਆਂਮਾਰ, ਰਿਪਬਲਿਕ ਆਫ਼ ਕਾਂਗੋ, ਈਰਾਨ, ਹੈਤੀ, ਲੀਬੀਆ, ਸੋਮਾਲੀਆ, ਸੁਡਾਨ ਅਤੇ ਯਮਨ ਵਰਗੇ ਮੁਲਕਾਂ ਨਾਲ ਸਬੰਧਤ ਕੋਈ ਪ੍ਰਵਾਸੀ ਸਿਟੀਜ਼ਨਸ਼ਿਪ ਦੀ ਸਹੁੰ ਨਹੀਂ ਚੁੱਕ ਸਕੇਗਾ।
ਟਰੰਪ ਸਰਕਾਰ ਨੇ ਸਿਟੀਜ਼ਨਸ਼ਿਪ ਸਮਾਗਮਾਂ ’ਤੇ ਲਾਈ ਰੋਕ
ਅਫ਼ਗਾਨਿਸਤਾਨ ਦੇ ਨਾਗਰਿਕ ਵੱਲੋਂ ਕੀਤੀ ਗੋਲੀਬਾਰੀ ਮਗਰੋਂ ਰਾਸ਼ਟਰਪਤੀ ਡੌਨਲਡ ਟਰੰਪ ਇਕ ਮਗਰੋਂ ਇਕ ਸਖ਼ਤ ਇੰਮੀਗ੍ਰੇਸ਼ਨ ਫੈਸਲੇ ਸੁਣਾ ਰਹੇ ਹਨ। ਉਧਰ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੌਮ ਨੇ ਇਕ ਕਦਮ ਹੋਰ ਅੱਗੇ ਵਧਾਉਂਦਿਆਂ ਕਿਹਾ ਕਿ ਸਾਡੇ ਦਾਦੇ-ਪੜਦਾਦਿਆਂ ਨੇ ਆਪਣੇ ਖੂਨ ਨਾਲ ਮੁਲਕ ਨੂੰ ਸਿੰਜਿਆ ਪਰ ਹੁਣ ਵਿਦੇਸ਼ਾਂ ਤੋਂ ਆ ਰਹੇ ਧਾੜਵੀ ਸਾਡੀ ਆਜ਼ਾਦੀ ਖੋਹਣਾ ਚਾਹੁੰਦੇ ਹਨ। ਟਰੰਪ ਸਰਕਾਰ ਅਜਿਹੇ ਇਰਾਦੇ ਕਦੇ ਵੀ ਸਫ਼ਲ ਨਹੀਂ ਹੋਣ ਦੇਵੇਗੀ। ਇੰਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਸਰਕਾਰ ਦੀ ਤਾਜ਼ਾ ਕਾਰਵਾਈ ਮਗਰੋਂ 50 ਹਜ਼ਾਰ ਉਹ ਲੋਕ ਵੀ ਪ੍ਰਭਾਵਤ ਹੋਣਗੇ ਜਿਨ੍ਹਾਂ ਨੂੰ ਬਾਇਡਨ ਸਰਕਾਰ ਵੇਲੇ ਪਨਾਹ ਦਿਤੀ ਗਈ।


