Begin typing your search above and press return to search.

ਪੰਜ ਵਿਆਹ ਕਰਵਾਉਣ ਵਾਲਾ ਪਾਕਿ ਪੀਐਮ, ਜਾਣੋ, ਸ਼ਹਿਬਾਜ਼ ਸ਼ਰੀਫ਼ ਦੇ ਵਿਆਹਾਂ ਵਾਲੇ ਕਿੱਸੇ

ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਆਪਣੇ ਪੰਜ ਵਿਆਹਾਂ ਨੂੰ ਲੈ ਕੇ ਵੀ ਕਾਫ਼ੀ ਚਰਚਾ ਵਿਚ ਰਹਿ ਚੁੱਕੇ ਨੇ। ਹੱਦ ਤਾਂ ਉਦੋਂ ਹੋ ਗਈ ਸੀ ਜਦੋਂ ਉਨ੍ਹਾਂ ਨੇ ਆਪਣੀ ਇਕ ਘਰਵਾਲੀ ਦੇ ਲਈ ਫਲਾਈਓਵਰ ਬਣਵਾ ਦਿੱਤਾ ਤਾਂ ਜੋ ਉਹ ਜਲਦੀ ਘਰ ਪਹੁੰਚ ਸਕੇ।

ਪੰਜ ਵਿਆਹ ਕਰਵਾਉਣ ਵਾਲਾ ਪਾਕਿ ਪੀਐਮ, ਜਾਣੋ, ਸ਼ਹਿਬਾਜ਼ ਸ਼ਰੀਫ਼ ਦੇ ਵਿਆਹਾਂ ਵਾਲੇ ਕਿੱਸੇ
X

Makhan shahBy : Makhan shah

  |  19 May 2025 8:33 PM IST

  • whatsapp
  • Telegram

ਇਸਲਾਮਾਬਾਦ : ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਭਾਵੇਂ ਚਲਾਕ ਰਾਜਨੇਤਾ ਮੰਨਿਆ ਜਾਂਦੈ ਪਰ ਭਾਰਤ-ਪਾਕਿਸਤਾਨ ਤਣਾਅ ਦੌਰਾਨ ਉਨ੍ਹਾਂ ਦੀ ਕੋਈ ਚਲਾਕੀ ਕੰਮ ਨਹੀਂ ਆ ਸਕੀ, ਬਲਕਿ ਭਾਰਤੀ ਫ਼ੌਜ ਨੇ ਪਾਕਿ ਨੂੰ ਅਜਿਹਾ ਮੂੰਹਤੋੜ ਜਵਾਬ ਦਿੱਤਾ ਕਿ ਸਹਿਬਾਜ਼ ਸ਼ਰੀਫ਼ ਦੁਨੀਆ ਭਰ ਵਿਚ ਮਜ਼ਾਕ ਦਾ ਪਾਤਰ ਬਣ ਗਏ। ਉਂਝ ਉਹ ਆਪਣੇ ਪੰਜ ਵਿਆਹਾਂ ਨੂੰ ਲੈ ਕੇ ਵੀ ਕਾਫ਼ੀ ਚਰਚਾ ਵਿਚ ਰਹਿ ਚੁੱਕੇ ਨੇ। ਹੱਦ ਤਾਂ ਉਦੋਂ ਹੋ ਗਈ ਸੀ ਜਦੋਂ ਉਨ੍ਹਾਂ ਨੇ ਆਪਣੀ ਇਕ ਘਰਵਾਲੀ ਦੇ ਲਈ ਫਲਾਈਓਵਰ ਬਣਵਾ ਦਿੱਤਾ ਤਾਂ ਜੋ ਉਹ ਜਲਦੀ ਘਰ ਪਹੁੰਚ ਸਕੇ। ਸੋ ਆਓ ਤੁਹਾਨੂੰ ਪਾਕਿਸਤਾਨੀ ਪੀਐਮ ਸਹਿਬਾਜ਼ ਸ਼ਰੀਫ਼ ਦੇ ਪੰਜ ਵਿਆਹਾਂ ਬਾਰੇ ਦੱਸਦੇ ਆਂ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਹਿਬਾਜ਼ ਸ਼ਰੀਫ਼ ਕਾਫ਼ੀ ਲੰਬੇ ਸਮੇਂ ਤੋਂ ਰਾਜਨੀਤੀ ਵਿਚ ਚੱਲ ਰਹੇ ਨੇ ਅਤੇ ਕਈ ਪੀਐਮ ਤੋਂ ਇਲਾਵਾ ਕਈ ਅਹੁਦਿਆਂ ’ਤੇ ਕੰਮ ਕਰ ਚੁੱਕੇ ਨੇ। ਸਹਿਬਾਜ਼ ਸ਼ਰੀਫ਼ ਨੇ ਪੰਜ ਵਿਆਹ ਕਰਵਾਏ, ਜਿਨ੍ਹਾਂ ਨੂੰ ਲੈ ਕੇ ਉਹ ਕਾਫ਼ੀ ਚਰਚਾ ਵਿਚ ਵੀ ਰਹੇ। ਭਾਵੇਂ ਕਿ ਰਾਜਨੀਤੀ ਵਿਚ ਉਹ ਆਪਣੇ ਵੱਡੇ ਭਰਾ ਨਵਾਜ਼ ਸ਼ਰੀਫ਼ ਨੂੰ ਆਪਣਾ ਗੁਰੂ ਮੰਨਦੇ ਨੇ ਪਰ ਵਿਆਹਾਂ ਦੇ ਮਾਮਲੇ ਵਿਚ ਉਨ੍ਹਾਂ ਨੇ ਆਪਣੇ ਵੱਡੇ ਭਰਾ ਤੱਕ ਨਾਲ ਪੰਗਾ ਲੈ ਲਿਆ ਸੀ। ਕਾਰਗਿਲ ਯੁੱਧ ਤੋਂ ਬਾਅਦ ਪ੍ਰਵੇਜ਼ ਮੁਸ਼ੱਰਫ਼ ਨੇ ਸ਼ਹਿਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਵੱਡੇ ਭਰਾ ਦੇ ਲਈ ਇਸ ਤੋਂ ਇਨਕਾਰ ਕਰ ਦਿੱਤਾ ਸੀ।


ਸ਼ਹਿਬਾਜ਼ ਸ਼ਰੀਫ਼ ਦਾ ਪਹਿਲਾ ਵਿਆਹ ਸੰਨ 1973 ਵਿਚ ਉਨ੍ਹਾਂ ਦੀ ਚਚੇਰੀ ਭੈਣ ਨੁਸਰਤ ਬੱਟ ਦੇ ਨਾਲ ਹੋਇਆ ਸੀ ਜਦੋਂ ਉਹ 22 ਸਾਲਾਂ ਦੇ ਸਨ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਚਾਰ ਬੱਚੇ ਪੈਦਾ ਹੋਏ, ਜਿਨ੍ਹਾਂ ਵਿਚ ਦੋ ਬੇਟੇ ਅਤੇ ਜੁੜਵਾਂ ਬੇਟੀਆਂ ਸ਼ਾਮਲ ਨੇ, ਪਰ ਮੌਜੂਦਾ ਸਮੇਂ ਨੁਸਰਤ ਹੁਣ ਸ਼ਹਿਬਾਜ਼ ਤੋਂ ਵੱਖਰੀ ਰਹਿੰਦੀ ਐ। ਕਿਹਾ ਜਾਂਦਾ ਏ ਕਿ ਸੰਨ 1993 ਵਿਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਦੋ ਸਾਲ ਪਹਿਲਾਂ ਜਦੋਂ ਸ਼ਹਿਬਾਜ਼ ਨੂੰ ਵਿੱਤੀ ਬੇਨਿਯਮੀਆਂ ਅਤੇ ਮਨੀ ਲਾਂਡ੍ਰਿੰਗ ਦੇ ਇਕ ਮਾਮਲੇ ਵਿਚ ਫਸਾਇਆ ਗਿਆ ਸੀ ਤਾਂ ਨੁਸਰਤ ਦਾ ਨਾਮ ਵੀ ਇਸ ਕੇਸ ਵਿਚ ਸ਼ਾਮਲ ਸੀ, ਜਿਸ ਕਰਕੇ ਉਸ ਨੂੰ ਵੀ ਅਦਾਲਤ ਵਿਚ ਪੇਸ਼ ਹੋਣਾ ਪਿਆ ਸੀ।


ਇਸੇ ਤਰ੍ਹਾਂ ਸ਼ਹਿਬਾਜ਼ ਸ਼ਰੀਫ਼ ਦਾ ਦੂਜਾ ਵਿਆਹ ਸਾਲ 1993 ਵਿਚ ਪਾਕਿਸਤਾਨੀ ਮਾਡਲ ਆਲੀਆ ਹਨੀ ਦੇ ਨਾਲ ਹੋਇਆ ਸੀ ਜੋ ਉਨ੍ਹਾਂ ਦੇ ਪਿਤਾ ਮਿਆਂ ਸ਼ਰੀਫ਼ ਨੂੰ ਪਸੰਦ ਨਹੀਂ ਆਈ ਸੀ। ਉਸ ਸਮੇਂ ਸ਼ਹਿਬਾਜ਼ ਸ਼ਰੀਫ਼ 43 ਸਾਲ ਦੇ ਸੀ ਅਤੇ ਆਲੀਆ ਇਕ ਉਭਰਦੀ ਹੋਈ ਨੌਜਵਾਨ ਅਤੇ ਖ਼ੂਬਸੂਰਤ ਮਾਡਲ ਸੀ। ਉਨ੍ਹਾਂ ਵਿਚਾਲੇ ਪਹਿਲਾਂ ਕਾਫ਼ੀ ਸਮੇਂ ਤੱਕ ਰੋਮਾਂਸ ਚਲਦਾ ਰਿਹਾ ਸੀ ਪਰ ਬਾਅਦ ਵਿਚ ਦੋਵਾਂ ਨੇ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ। ਇਕ ਰਿਪੋਰਟ ਅਨੁਸਾਰ ਲਾਹੌਰ ਵਿਚ ‘ਹਨੀ ਬ੍ਰਿਜ’ ਦੇ ਨਾਂਅ ਨਾਲ ਜਾਣਿਆ ਜਾਣ ਵਾਲਾ ਇਕ ਪੁਲ਼ ਆਲੀਆ ਦੇ ਨਾਂਅ ’ਤੇ ਬਣਿਆ ਹੋਇਐ। ਸ਼ਹਿਬਾਜ਼ ਸ਼ਰੀਫ਼ ਨੇ ਇਸ ਦਾ ਨਿਰਮਾਣ ਉਦੋਂ ਕਰਵਾਇਆ ਸੀ, ਜਦੋਂ ਉਹ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਨ। ਇਹ ਪੁਲ਼ ਉਨ੍ਹਾਂ ਨੇ ਇਸ ਕਰਕੇ ਬਣਵਾਇਆ ਸੀ ਤਾਂ ਜੋ ਉਨ੍ਹਾਂ ਦੀ ਦੂਜੀ ਪਤਨੀ ਆਲੀਆ ਨੂੰ ਕੰਮ ਤੋਂ ਘਰ ਪਰਤਣ ਵਿਚ ਦੇਰੀ ਨਾ ਹੋਵੇ, ਪਰ ਸਾਲ 1999 ਵਿਚ ਫ਼ੌਜੀ ਤਖ਼ਤਾਪਲਟ ਹੋਣ ਤੋਂ ਬਾਅਦ ਸ਼ਹਿਬਾਜ਼ ਸ਼ਰੀਫ਼ ਆਲੀਆ ਦੇ ਨਾਲ ਸਾਊਦੀ ਅਰਬ ਚਲੇ ਗਏ, ਜਿੱਥੇ ਬਾਅਦ ਵਿਚ ਆਲੀਆ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ ਸੀ।


ਸ਼ਹਿਬਾਜ਼ ਸ਼ਰੀਫ਼ ਨੇ ਤੀਜਾ ਵਿਆਹ ਵੀ ਸਾਲ 1993 ਵਿਚ ਹੀ ਕਥਿਤ ਤੌਰ ’ਤੇ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਦੇ ਡਾਇਰੈਕਟਰ ਤਾਰਿਕ ਖੋਸਾ ਦੀ ਭੈਣ ਨਰਗਿਸ ਖੋਸਾ ਦੇ ਨਾਲ ਕਰਵਾਇਆ ਸੀ ਪਰ ਸ਼ਰੀਫ਼ ਪਰਿਵਾਰ ਨੇ ਇਸ ਵਿਆਹ ਨੂੰ ਵੀ ਅਸਵੀਕਾਰ ਕਰ ਦਿੱਤਾ ਸੀ, ਕੁੱਝ ਚਿਰਾਂ ਬਾਅਦ ਵਿਆਹ ਨੂੰ ਗੁਪਤ ਤਰੀਕੇ ਨਾਲ ਤੋੜ ਦਿੱਤਾ ਗਿਆ।


ਹੁਣ ਗੱਲ ਕਰਦੇ ਆਂ ਸ਼ਹਿਬਾਜ਼ ਸ਼ਰੀਫ ਦੇ ਚੌਥੇ ਵਿਆਹ ਦੀ,, ਉਨ੍ਹਾਂ ਦਾ ਚੌਥਾ ਵਿਆਹ ਸਾਲ 2003 ਵਿਚ ਤਹਿਮੀਨਾ ਦੁਰਾਨੀ ਦੇ ਨਾਲ ਹੋਇਆ। ਇਹ ਵਿਆਹ ਵੀ ਕਾਫ਼ੀ ਗੁਪਤ ਤਰੀਕੇ ਨਾਲ ਹੋਇਆ ਸੀ, ਜਿਸ ਨੇ ਕਈ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ। ਆਪਣੀ ਕਿਤਾਬ ‘ਮਾਈ ਫਿਊਡਲ ਲਾਰਡ’ ਦੇ ਲਈ ਮਸ਼ਹੂਰ ਰਹੀ ਲੇਖਿਕਾ ਤਹਿਮੀਨਾ ਦਾ ਅਤੀਤ ਕਾਫ਼ੀ ਉਥਲ ਪੁਥਲ ਭਰਿਆ ਸੀ ਕਿਉਂਕਿ ਸ਼ਹਿਬਾਜ਼ ਨਾਲ ਵਿਆਹ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਦੋ ਵਾਰ ਵਿਆਹ ਹੋ ਚੁੱਕੇ ਸੀ। ਪਹਿਲਾਂ ਵਿਆਹ ਨੂੰ ਇੰਨਾ ਜ਼ਿਆਦਾ ਗੁਪਤ ਰੱਖਿਆ ਗਿਆ ਸੀ ਕਿ ਪਾਰਟੀ ਆਗੂਆਂ ਨੂੰ ਤਾਂ ਛੱਡੋ, ਸ਼ਹਿਬਾਜ਼ ਦੇ ਪਰਿਵਾਰ ਤੱਕ ਨੂੰ ਇਸ ਦੀ ਸੂਹ ਨਹੀਂ ਸੀ ਲੱਗ ਸਕੀ।


ਬਾਅਦ ਵਿਚ ਜਦੋਂ ਦੁਬਈ ਵਿਚ ਉਨ੍ਹਾਂ ਨੇ ਇਕ ਸ਼ਾਨਦਾਰ ਸਮਾਰੋਹ ਕੀਤਾ ਤਾਂ ਪਾਰਟੀ ਦੇ ਸੀਨੀਅਰ ਮੈਂਬਰ ਵੀ ਦੰਗ ਰਹਿ ਗਏ ਸੀ। ਤਹਿਮੀਨਾ ਦੁਰਰਾਨੀ ਨਾਲ ਵਿਆਹ ਦਾ ਨਵਾਜ਼ ਸ਼ਰੀਫ਼ ਨੇ ਕਾਫ਼ੀ ਵਿਰੋਧ ਕੀਤਾ ਸੀ। ਮਾਮਲਾ ਇੱਥੋਂ ਤੱਕ ਵਧ ਗਿਆ ਸੀ ਕਿ ਕਥਿਤ ਤੌਰ ’ਤੇ ਸ਼ਰੀਫ਼ ਪਰਿਵਾਰ ਨੇ ਤਹਿਮੀਨਾ ਨੂੰ ਪਰਿਵਾਰਕ ਸਮਾਗਮਾਂ ਜਾਂ ਜਨਤਕ ਪ੍ਰੋਗਰਾਮਾਂ ਵਿਚ ਭਾਗ ਲੈਣ ਤੋਂ ਵੀ ਰੋਕ ਦਿੱਤਾ ਸੀ। ਕਿਹਾ ਜਾਂਦੈ ਕਿ ਉਨ੍ਹਾਂ ਨੇ ਤਹਿਮੀਨਾ ਨੂੰ ਲਾਹੌਰ ਵਿਚ ਪਰਿਵਾਰ ਦੇ ਘਰ ਤੱਕ ਹੀ ਸੀਮਤ ਰਹਿਣ ਦੇ ਨਿਰਦੇਸ਼ ਦਿੱਤੇ ਸੀ। ਇਸ ਤੋਂ ਬਾਅਦ ਤਹਿਮੀਨਾ ਕਈ ਥਾਵਾਂ ’ਤੇ ਨਵਾਜ਼ ਸ਼ਰੀਫ਼ ਦੀ ਜਨਤਕ ਤੌਰ ’ਤੇ ਆਲੋਚਨਾ ਕਰਨ ਤੋਂ ਪਿੱਛੇ ਨਹੀਂ ਹਟੀ। ਜਾਣਕਾਰੀ ਅਨੁਸਾਰ ਤਹਿਮੀਨਾ ਦੇ ਨਾਲ ਵੀ ਸ਼ਹਿਬਾਜ਼ ਦਾ ਰਿਸ਼ਤਾ ਕਰੀਬ 8 ਸਾਲ ਤੱਕ ਹੀ ਚੱਲ ਸਕਿਆ।


ਸ਼ਹਿਬਾਜ਼ ਸ਼ਰੀਫ਼ ਦੇ ਵਿਆਹਾਂ ਦਾ ਸਿਲਸਿਲਾ ਇੱਥੇ ਹੀ ਖ਼ਤਮ ਨਹੀਂ ਹੋਇਆ, ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2012 ਵਿਚ ਕੁਲਸੂਮ ਨਾਂਅ ਦੀ ਇਕ ਔਰਤ ਦੇ ਨਾਲ ਪੰਜਵਾਂ ਵਿਆਹ ਕਰਵਾਇਆ ਜੋ ਇਕ ਸਰਕਾਰੀ ਮਹਿਕਮੇ ਵਿਚ ਅਧਿਕਾਰੀ ਸੀ,, ਪਰ ਇਹ ਵਿਆਹ ਵੀ ਜ਼ਿਆਦਾ ਸਮਾਂ ਨਹੀਂ ਟਿਕ ਸਕਿਆ, ਜਲਦ ਹੀ ਦੋਵਾਂ ਦਾ ਤਲਾਕ ਹੋ ਗਿਆ। ਮੌਜੂਦਾ ਸਮੇਂ ਵੀ ਪਾਕਿਸਤਾਨ ਵਿਚ ਸ਼ਹਿਬਾਜ਼ ਸ਼ਰੀਫ ਦੇ ਕਥਿਤ ਰਿਸ਼ਤਿਆਂ ਬਾਰੇ ਅਫ਼ਵਾਹਾਂ ਅਤੇ ਚਰਚਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਜਿਨ੍ਹਾਂ ਕਾਰਨ ਸ਼ਰੀਫ਼ ਪਰਿਵਾਰ ਦੇ ਅੰਦਰ ਕਈ ਵਾਰ ਕਲੇਸ਼ ਵੀ ਛਿੜ ਚੁੱਕਿਆ ਏ।

ਸੋ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it