America ’ਚ ਪੰਜਾਬੀ truck driver ਦੀ ਦਰਦਨਾਕ ਮੌ.ਤ
ਟਰੰਪ ਦੇ ਇੰਮੀਗ੍ਰੇਸ਼ਨ ਛਾਪਿਆਂ ਤੋਂ ਘਬਰਾਏ ਪੰਜਾਬੀ ਸਿਰਫ਼ ਅਮਰੀਕਾ ਤੋਂ ਸੈਲਫ਼ ਡਿਪੋਰਟ ਨਹੀਂ ਹੋ ਰਹੇ ਸਗੋਂ ਦੁਨੀਆਂ ਤੋਂ ਹੀ ਡਿਪੋਰਟ ਹੋ ਰਹੇ ਹਨ

By : Upjit Singh
ਟੈਕਸਸ : ਟਰੰਪ ਦੇ ਇੰਮੀਗ੍ਰੇਸ਼ਨ ਛਾਪਿਆਂ ਤੋਂ ਘਬਰਾਏ ਪੰਜਾਬੀ ਸਿਰਫ਼ ਅਮਰੀਕਾ ਤੋਂ ਸੈਲਫ਼ ਡਿਪੋਰਟ ਨਹੀਂ ਹੋ ਰਹੇ ਸਗੋਂ ਦੁਨੀਆਂ ਤੋਂ ਹੀ ਡਿਪੋਰਟ ਹੋ ਰਹੇ ਹਨ। ਜੀ ਹਾਂ, ਪੰਜਾਬੀ ਟਰੱਕ ਡਰਾਈਵਰ ਗੁਰਵਿੰਦਰ ਪਾਲ ਸਿੰਘ ਅਤੇ ਅੱਠ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਅਮਰੀਕਾ ਪੁੱਜੇ ਸ਼ਸ਼ੀਕਾਂਤ ਦੀ ਕਹਾਣੀ ਸੁਣ ਕੇ ਦਿਲ ਕੰਬ ਜਾਂਦਾ ਹੈ। ਦੂਜੇ ਪਾਸੇ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਦੀ ਗੋਲੀ ਨਾਲ ਮਰਨ ਵਾਲੇ ਯੂ.ਐਸ. ਸਿਟੀਜ਼ਨਜ਼ ਦੀ ਗਿਣਤੀ ਵਧਦੀ ਜਾ ਰਹੀ ਹੈ। ਸ਼ੁਰੂਆਤ ਕੈਲੇਫੋਰਨੀਆ ਦੇ ਬੇਕਰਜ਼ਫ਼ੀਲਡ ਵਿਖੇ ਰਹਿ ਰਹੇ ਗੁਰਵਿੰਦਰ ਪਾਲ ਸਿੰਘ ਤੋਂ ਕਰਦੇ ਹਾਂ ਜੋ ਟਰੱਕ ਲੈ ਕੇ ਮਜ਼ੂਰੀ ਸੂਬੇ ਦੀ ਕੂਪਰ ਕਾਊਂਟੀ ਵਿਚੋਂ ਲੰਘ ਰਿਹਾ ਸੀ ਜਦੋਂ ਇੰਟਰਸਟੇਟ 70 ’ਤੇ ਅਣਦੱਸੇ ਕਾਰਨਾਂ ਕਰ ਕੇ ਟਰੱਕ ਪਲਟ ਗਿਆ। ਮਜ਼ੂਰੀ ਸਟੇਟ ਹਾਈਵੇਅ ਪੈਟਰੋਲ ਨੇ ਦੱਸਿਆ ਕਿ 32 ਸਾਲਾ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਕੈਲੇਫੋਰਨੀਆ ਦੇ ਮਨਦੀਪ ਸਿੰਘ ਵੱਲੋਂ ਸਥਾਪਤ ਗੋਫੰਡਮੀ ਪੇਜ ਮੁਤਾਬਕ ਗੁਰਵਿੰਦਰ ਪਾਲ ਸਿੰਘ 2023 ਵਿਚ ਅਮਰੀਕਾ ਆਇਆ ਅਤੇ ਟ੍ਰੇਨਿੰਗ ਮੁਕੰਮਲ ਕਰਨ ਮਗਰੋਂ ਟਰੱਕ ਚਲਾਉਣ ਲੱਗਾ।
8 ਸਾਲ ਬਾਅਦ ਸ਼ਸ਼ੀਕਾਂਤ ਦੇ ਵੀ ਨਿਕਲੇ ਸਾਹ
ਗੁਰਵਿੰਦਰ ਆਪਣੇ ਘਰ ਵਿਚ ਕਮਾਉਣ ਵਾਲਾ ਇਕੋ ਇਕ ਮੈਂਬਰ ਸੀ ਅਤੇ ਪ੍ਰਮਾਤਮਾ ਨੇ ਬਜ਼ੁਰਗ ਮਾਪਿਆਂ ਦਾ ਸਹਾਰਾ ਵੀ ਖੋਹ ਲਿਆ। ਗੁਰਵਿੰਦਰ ਪਾਲ ਸਿੰਘ ਦੀ ਦੇਹ ਇੰਡੀਆ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂਕਿ ਮਾਪੇ ਆਪਣੇ ਪੁੱਤ ਦਾ ਚਿਹਰਾ ਆਖਰੀ ਵਾਰ ਦੇਖ ਸਕਣ। ਉਧਰ, ਸ਼ਸ਼ੀਕਾਂਤ ਰੈੱਡੀ ਦਾ ਜ਼ਿਕਰ ਕੀਤਾ ਜਾਵੇ ਤਾਂ ਅੱਠ ਸਾਲ ਸੰਘਰਸ਼ ਕਰਨ ਤੋਂ ਬਾਅਦ ਵੀ ਉਹ ਐਚ-1ਬੀ ਵੀਜ਼ਾ ਲਾਟਰੀ ਵਿਚ ਸ਼ਾਮਲ ਨਾ ਹੋ ਸਕਿਆ। ਲਗਾਤਾਰ ਅਸਫ਼ਲਤਾ ਨੇ ਸ਼ਸ਼ੀਕਾਂਤ ਨੂੰ ਤਣਾਅ ਦਾ ਸ਼ਿਕਾਰ ਬਣਾ ਦਿਤਾ ਜੋ ਭਾਰਤ ਰਹਿੰਦੇ ਆਪਣੇ ਮਾਪਿਆਂ ਕੋਲ ਜਾਣ ਲਈ ਕਾਹਲਾ ਪੈਣ ਲੱਗਾ ਪਰ ਇਕ ਵਾਰ ਵਾਪਸੀ ਕਰਨ ’ਤੇ ਅਮਰੀਕਾ ਆਉਣਾ ਸੰਭਵ ਨਹੀਂ ਸੀ। ਮਾਸਟਰਜ਼ ਡਿਗਰੀ ਹੋਣ ਦੇ ਬਾਵਜੂਦ ਅਜਿਹੀ ਕੋਈ ਨੌਕਰੀ ਨਾ ਮਿਲ ਸਕੀ ਜੋ ਐਚ-1ਬੀ ਵੀਜ਼ਾ ਦਾ ਆਧਾਰ ਬਣ ਸਕੇ। ਸ਼ਸ਼ੀਕਾਂਤ ਨੇ ਹਿੰਮਤ ਨਾ ਹਾਰੀ ਅਤੇ ਲੰਮੀਆਂ ਸ਼ਿਫ਼ਟਾਂ ਵਿਚ ਕੰਮ ਕਰਨ ਲੱਗਾ। 16 ਫ਼ਰਵਰੀ ਨੂੰ ਅਚਨਚੇਤ ਛਾਤੀ ਵਿਚ ਦਰਦ ਦੀ ਸ਼ਿਕਾਇਤ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਦੋ ਦਿਨ ਬਾਅਦ ਉਸ ਦੀ ਮੌਤ ਹੋ ਗਈ। ਖੁਸ਼ਹਾਲ ਭਵਿੱਖ ਲਈ ਅਮਰੀਕਾ ਪੁੱਜੇ ਸ਼ਸ਼ੀਕਾਂਤ ਨੂੰ ਹੁਣ ਤਾਬੂਤ ਵਿਚ ਬੰਦ ਕਰ ਕੇ ਇੰਡੀਆ ਭੇਜਿਆ ਜਾ ਰਿਹਾ ਹੈ ਅਤੇ ਲਾਚਾਰ ਮਾਪੇ ਕਿਸੇ ਨੂੰ ਆਪਣਾ ਦੁਖੜਾ ਨਹੀਂ ਸੁਣਾ ਸਕਦੇ। ਦੂਜੇ ਪਾਸੇ, ਇੰਮੀਗ੍ਰੇਸ਼ਨ ਵਾਲਿਆਂ ਦੀ ਗੋਲੀ ਨਾਲ ਅਮੈਰਿਕਨ ਨਾਗਰਿਕ ਦੇ ਮਾਰੇ ਜਾਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਮਿਨੀਆਪੌਲਿਸ ਵਿਖੇ ਰੈਨੀ ਨਿਕੋਲ ਗੁੱਡ ਅਤੇ ਐਲਕਸ ਪ੍ਰਿਟੀ ਦੀਆਂ ਮੌਤਾਂ ਨੇ ਅਮਰੀਕਾ ਨੂੰ ਝੰਜੋੜ ਕੇ ਰੱਖ ਦਿਤਾ ਅਤੇ ਹੁਣ ਟੈਕਸਸ ਦੇ ਸਾਊਥ ਪਾਡਰੇ ਆਇਲੈਂਡ ਵਿਖੇ 23 ਸਾਲਾ ਰੂਬਨ ਰੇਅ ਮਾਰਟੀਨੇਜ਼ ਨੂੰ ਆਈਸ ਵਾਲਿਆਂ ਨੇ ਕਥਿਤ ਤੌਰ ’ਤੇ ਗੋਲੀ ਮਾਰ ਦਿਤੀ। 15 ਮਾਰਚ 2025 ਨੂੰ ਵਾਪਰੀ ਘਟਨਾ ਬਾਰੇ ਅਮੈਰਿਕਨ ਓਵਰਸਾਈਟ ਜਾਂਚ ਰਿਪੋਰਟ ਸਾਹਮਣੇ ਆ ਗਈ ਹੈ ਜਿਸ ਵਿਚ ਰੂਬਨ ਦੀ ਮੌਤ ਦਾ ਦੋਸ਼ ਆਈਸ ਦੇ ਸਿਰ ਮੜ੍ਹਿਆ ਗਿਆ ਹੈ। ਇਸ ਦੇ ਉਲਟ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦਾ ਕਹਿਣਾ ਹੈ ਕਿ ਆਈਸ ਦੇ ਅਫ਼ਸਰਾਂ ਨੇ ਇਕ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਨੀਲੇ ਰੰਗ ਵਾਲੀ ਗੱਡੀ ਵਿਚ ਸਵਾਰ ਸ਼ਖਸ ਨੇ ਸਪੀਡ ਵਧਾ ਦਿਤੀ ਅਤੇ ਐਚ.ਐਸ.ਆਈ. ਏਜੰਟ ਵੱਲ ਵਧਣ ਲੱਗਾ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਅਫ਼ਸਰਾਂ ਨੇ ਗੋਲੀ ਚਲਾ ਦਿਤਾ ਅਤੇ ਡਰਾਈਵਰ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਡੀ.ਐਚ.ਐਸ. ਮੁਤਾਬਕ ਤੇਜ਼ ਰਫ਼ਤਾਰ ਕਾਰ ਨੇ ਇਕ ਏਜੰਟ ਨੂੰ ਟੱਕਰ ਮਾਰੀ ਅਤੇ ਉਸ ਦੇ ਗੋਡੇ ਦਾ ਅਪ੍ਰੇਸ਼ਨ ਕਰਨਾ ਪਿਆ।
ਇੰਮੀਗ੍ਰੇਸ਼ਨ ਵਾਲਿਆਂ ਨੇ ਇਕ ਹੋਰ ਯੂ.ਐਸ. ਸਿਟੀਜ਼ਨ ਮਾ.ਰਿਆ
ਇਸ ਦੇ ਉਲਟ ਮਾਰਟੀਨੇਜ਼ ਦੀ ਮਾਂ ਰੇਚਲ ਰੇਜ਼ ਨੇ ਡੀ.ਐਚ.ਐਸ. ਦੇ ਦਾਅਵਿਆਂ ਨੂੰ ਥੋਥੇ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਬੇਟਾ ਇਕ ਮਿਹਨਤੀ ਇਨਸਾਨ ਸੀ ਅਤੇ ਕਦੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਰੇਚਲ ਨੇ ਦੱਸਿਆ ਕਿ ਰੂਬਨ ਹਰ ਹਦਾਇਤ ਦੀ ਪਾਲਣਾ ਕਰ ਰਿਹਾ ਸੀ ਪਰ ਇਸ ਦੇ ਬਾਵਜੂਦ ਗੋਲੀ ਮਾਰ ਦਿਤੀ ਗਈ ਅਤੇ ਡੀ.ਐਚ.ਐਸ. ਵਾਲੇ ਬੇਬੁਨਿਆਦ ਦੋਸ਼ ਵੱਖਰੇ ਤੌਰ ’ਤੇ ਲਾ ਰਹੇ ਹਨ। ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਵਿਚ ਚਸ਼ਮਦੀਦ ਗਵਾਹਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਆਈਸ ਦੇ ਅੰਦਰੂਨੀ ਰਿਪੋਰਟ ਨੂੰ ਝੂਠਾ ਸਾਬਤ ਕਰਦੇ ਹਨ। ਰੂਬਨ ਦੇ ਪਰਵਾਰ ਨੇ ਅਮਰੀਕਾ ਵਾਲਿਆਂ ਦੇ ਨਾਂ ਦਰਦ ਭਰਿਆ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਸਾਡਾ ਮੁਲਕ ਵੰਡੇ ਸੰਕਟ ਵਿਚ ਘਿਰ ਚੁੱਕਾ ਹੈ ਅਤੇ ਸੰਤਾਪ ਇਥੇ ਵਸਦੇ ਪਰਵਾਰਾਂ ਨੂੰ ਹੰਢਾਉਣਾ ਪੈ ਰਿਹਾ ਹੈ।


