ਅਮਰੀਕਾ ਦੇ ਖੇਤਾਂ ’ਚ ਕੰਮ ਕਰਦੇ ਪ੍ਰਵਾਸੀ ਮੁੜ ਚੁੱਕਣ ਦੇ ਹੁਕਮ
ਅਮਰੀਕਾ ਦੇ ਖੇਤਾਂ, ਰੈਸਟੋਰੈਂਟਾਂ ਅਤੇ ਹੋਟਲਾਂ ਵਿਚ ਕੰਮ ਕਰਦੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਹੁਕਮ ਜ਼ਿਆਦਾ ਦਿਨ ਕਾਇਮ ਨਾ ਰਹਿ ਸਕੇ।

By : Upjit Singh
ਵਾਸ਼ਿੰਗਟਨ : ਅਮਰੀਕਾ ਦੇ ਖੇਤਾਂ, ਰੈਸਟੋਰੈਂਟਾਂ ਅਤੇ ਹੋਟਲਾਂ ਵਿਚ ਕੰਮ ਕਰਦੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਹੁਕਮ ਜ਼ਿਆਦਾ ਦਿਨ ਕਾਇਮ ਨਾ ਰਹਿ ਸਕੇ। ਜੀ ਹਾਂ, ਟਰੰਪ ਸਰਕਾਰ ਨੇ ਕੁਝ ਦਿਨ ਪਹਿਲਾਂ ਚੁੱਪ-ਚਪੀਤੇ ਲਾਗੂ ਨੀਤੀ ਚੁੱਪ-ਚਪੀਤੇ ਹੀ ਵਾਪਸ ਲੈ ਲਈ ਹੈ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਨਾਲ ਸਬੰਧਤ ਸੂਤਰਾਂ ਨੇ ਦੱਸਿਆ ਕਿ ਖੇਤਾਂ, ਰੈਸਟੋਰੈਂਟਾਂ ਅਤੇ ਹੋਟਲਾਂ ਵਿਚ ਕੰਮ ਕਰਦੇ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਪਹਿਲਾਂ ਵਾਂਗ ਕਾਰਵਾਈ ਜਾਰੀ ਰੱਖਣ ਦੀ ਹਦਾਇਤ ਮਿਲੀ ਹੈ। ਅਮਰੀਕਾ ਦੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੀ ਤਰਜਮਾਨ ਟ੍ਰਿਸ਼ੀਆ ਮੈਕਲਾਫਲਿਨ ਨੇ ਕਿਹਾ ਕਿ ਰਾਸ਼ਟਰਪਤੀ ਇਸ ਮੁੱਦੇ ’ਤੇ ਬਿਲਕੁਲ ਸਪੱਸ਼ਟ ਹਨ।
ਟਰੰਪ ਸਰਕਾਰ ਨੇ ਇਕ ਹਫ਼ਤੇ ਵਿਚ ਬਦਲਿਆ ਸਟੈਂਡ
ਕਿਸੇ ਵੀ ਉਦਯੋਗ ਵਿਚ ਹਿੰਸਕ ਅਪਰਾਧੀਆਂ ਜਾਂ ਆਈਸ ਦੇ ਯਤਨਾਂ ਨੂੰ ਠਿੱਬੀ ਲਾਉਣ ਵਾਲਿਆਂ ਨੂੰ ਪਨਾਹ ਨਹੀਂ ਮਿਲ ਸਕਦੀ। ਕੌਮੀ ਸੁਰੱਖਿਆ ਅਤੇ ਆਰਥਿਕ ਸਥਿਰਤਾ ਬਾਰੇ ਯਤਨਾਂ ਦੌਰਾਨ ਕੰਮ ਵਾਲੀਆਂ ਥਾਵਾਂ ’ਤੇ ਛਾਪੇ ਵੱਡੀ ਅਹਿਮੀਅਤ ਰਖਦੇ ਹਨ। ਅਜਿਹੀ ਕਾਰਵਾਈ ਰਾਹੀਂ ਨਾ ਸਿਰਫ਼ ਗੈਰਕਾਨੂੰਨੀ ਪ੍ਰਵਾਸੀ ਕਾਬੂ ਕੀਤੇ ਜਾ ਸਕਦੇ ਹਨ ਸਗੋਂ ਅਮਰੀਕਾ ਦੇ ਕਿਰਤੀਆਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਕਾਰੋਬਾਰੀ ਅਦਾਰਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਸੰਭਵ ਹੁੰਦੀ ਹੈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਹਫ਼ਤੇ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੂੰ ਹਦਾਇਤ ਦਿਤੀ ਗਈ ਕਿ ਖੇਤਾਂ, ਰੈਸਟੋਰੈਂਟਾਂ ਜਾਂ ਹੋਟਲਾਂ ਵਿਚ ਕੰਮ ਕਰਦੇ ਪ੍ਰਵਾਸੀਆਂ ਉਤੇ ਛਾਪਿਆਂ ਦੀ ਕਾਰਵਾਈ ਬੰਦ ਕਰ ਦਿਤੀ ਜਾਵੇ। ਮੰਨਿਆ ਜਾ ਰਿਹਾ ਸੀ ਕਿ ਅਮਰੀਕਾ ਵਿਚ ਫਲਾਂ ਅਤੇ ਸਬਜ਼ੀਆਂ ਦੀ ਤੁੜਾਈ ਸਿਖਰਾਂ ’ਤੇ ਹੋਣ ਕਰ ਕੇ ਖੇਤੀ ਕਾਮਿਆਂ ਨੂੰ ਰਾਹਤ ਦਿਤੀ ਗਈ ਪਰ ਕੁਝ ਹੀ ਦਿਨਾਂ ਵਿਚ ਰਾਹਤ ਖਤਮ ਕੀਤੀ ਜਾ ਚੁੱਕੀ ਹੈ। ਰਾਸ਼ਟਰਪਤੀ ਡੌਨਲਡ ਟਰੰਪ ਨੇ ਇਕ ਸਮਾਗਮ ਦੌਰਾਨ ਪ੍ਰਵਾਨ ਕੀਤਾ ਸੀ ਕਿ ਅਮਰੀਕਾ ਦੇ ਕਿਸਾਨ ਅਤੇ ਹੋਟਲ ਅਪ੍ਰੇਟਰ ਪ੍ਰਵਾਸੀਆਂ ਕਾਮਿਆਂ ’ਤੇ ਨਿਰਭਰ ਹਨ ਅਤੇ ਇਨ੍ਹਾਂ ਖੇਤਰਾਂ ਨੂੰ ਬਚਾਉਣ ਦੀ ਰਿਆਇਤਾਂ ਦੀ ਜ਼ਰੂਰਤ ਹੋਵੇਗੀ।
ਰੈਸਟੋਰੈਂਟ ਅਤੇ ਹੋਟਲਾਂ ’ਚ ਕੰਮ ਕਰਦੇ ਪ੍ਰਵਾਸੀਆਂ ਵੀ ਨਹੀਂ ਬਖ਼ਸ਼ੇ ਜਾਣਗੇ
ਟਰੰਪ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਕੁਝ ਦਿਨ ਬਾਅਦ ਇੰਮੀਗ੍ਰੇਸ਼ਨ ਜ਼ਾਰ ਟੌਮ ਹੋਮਨ ਅਤੇ ਸਟੀਫ਼ਨ ਮਿਲਰ ਦੇ ਬਿਆਨ ਆ ਗਏ ਜਿਨ੍ਹਾਂ ਵਿਚ ਲੱਖਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਜ਼ਿਕਰ ਕੀਤਾ ਗਿਆ। ਪਿਛਲੇ ਹਫ਼ਤੇ ਨੇਬਰਾਸਕਾ ਸੂਬੇ ਵਿਚ ਇਕ ਮੀਟ ਪ੍ਰੋਸੈਸਿੰਗ ਪਲਾਂਟ ’ਤੇ ਇੰਮੀਗ੍ਰੇਸ਼ਨ ਛਾਪੇ ਦੌਰਾਨ 70 ਤੋਂ ਵੱਧ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਦੂਜੇ ਪਾਸੇ ਆਈਸ ਵੱਲੋਂ ਰੋਜ਼ਾਨਾ ਗ੍ਰਿਫ਼ਤਾਰ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਗਿਣਤੀ ਵਧਾ ਕੇ 1,200 ਕਰ ਦਿਤੀ ਗਈ ਹੈ ਜੋ ਟਰੰਪ ਸਰਕਾਰ ਦੇ ਪਹਿਲੇ 100 ਦਿਨ ਦੌਰਾਨ ਸਿਰਫ਼ 650 ਦੇ ਨੇੜੇ ਤੇੜੇ ਦਰਜ ਕੀਤੀ ਗਈ। ਇਹ ਅੰਕੜਾ ਵਾਈਟ ਹਾਊਸ ਵੱਲੋਂ ਤੈਅ ਟੀਚੇ ਤੋਂ ਬਹੁਤ ਘੱਟ ਹੈ ਜਿਸ ਤਹਿਤ ਰੋਜ਼ਾਨਾ 3 ਹਜ਼ਾਰ ਪ੍ਰਵਾਸੀਆਂ ਨੂੰ ਕਾਬੂ ਕਰਨ ਦੀਆਂ ਹਦਾਇਤਾਂ ਦਿਤੀਆਂ ਗਈਆਂ ਸਨ।


